ਜੇਐੱਨਯੂ ਦੇ ਵਿਦਿਆਰਥੀਆਂ ’ਤੇ ਲਾਠੀਚਾਰਜ

ਹੋਸਟਲ ਫੀਸ ’ਚ ਵਾਧੇ ਦੇ ਮੁੱਦੇ ’ਤੇ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਰਾਸ਼ਟਰਪਤੀ ਭਵਨ ਵੱਲ ਵੱਧ ਰਹੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀਆਂ ਨੂੰ ਪੁਲੀਸ ਨੇ ਅੱਜ ਭੀਕਾਜੀ ਕਾਮਾ ਪਲੇਸ ਮੈਟਰੋ ਸਟੇਸ਼ਨ ਕੋਲ ਰੋਕ ਕੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਜੇਐੱਨਯੂ ਤੋਂ ਜਦੋਂ ਮਾਰਚ ਸ਼ੁਰੂ ਹੋਇਆ ਤਾਂ ਪੁਲੀਸ ਬਲ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ। ਪੁਲੀਸ ਨੇ ਕੁਝ ਵਿਦਿਆਰਥੀਆਂ ਨੂੰ ਿਹਰਾਸਤ ’ਚ ਵੀ ਲੈ ਲਿਆ ਹੈ। ਕੈਂਪਸ ਵੱਲ ਆਉਣ ਵਾਲੀਆਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ। ਵਿਦਿਆਰਥੀ ਜਿਵੇਂ ਹੀ ਭੀਕਾਜੀ ਕਾਮਾ ਪਲੇਸ ਮੈਟਰੋ ਸਟੇਸ਼ਨ ਨੇੜੇ ਪਹੁੰਚੇ ਤਾਂ ਉਥੇ ਉਨ੍ਹਾਂ ਬੈਰੀਕੇਡਾਂ ਨੂੰ ਟੱਪ ਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਪੁਲੀਸ ਨੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਿੰਡਾ ਦਿੱਤਾ। ਵਿਦਿਆਰਥੀ ਰਾਸ਼ਟਰਪਤੀ ਨਾਲ ਮਿਲਣ ਦਾ ਸਮਾਂ ਚਾਹੁੰਦੇ ਸਨ ਤਾਂ ਜੋ ਉਹ ਦਖ਼ਲ ਦੇ ਕੇ ਹੋਸਟਲ ਦੀ ਵਧਾਈ ਗਈ ਫੀਸ ਦੇ ਫ਼ੈਸਲੇ ਨੂੰ ਵਾਪਸ ਕਰਾਉਣ। ਵਿਦਿਆਰਥੀਆਂ ਨੇ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਕਿ ਪੁਲੀਸ ਨੇ ਮਾਰਚ ਤੋਂ ਪਹਿਲਾਂ ਹੀ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕਰ ਦਿੱਤੇ ਸਨ। ਮਾਰਚ ਕੱਢ ਰਹੇ ਵਿਦਿਆਰਥੀਆਂ ਵੱਲੋਂ ‘ਦਿੱਲੀ ਪੁਲੀਸ ਵਾਪਸ ਜਾਓ’ ਅਤੇ ‘ਸਾਰਿਆਂ ਨੂੰ ਸਿੱਖਿਆ ਮੁਫ਼ਤ ਮਿਲੇ’ ਆਦਿ ਜਿਹੇ ਨਾਅਰੇ ਲਗਾਏ ਜਾ ਰਹੇ ਸਨ। ਪੁਲੀਸ ਨੇ ਪ੍ਰਦਰਸ਼ਨ ਦੇ ਡਰ ਕਾਰਨ ਉਦਯੋਗ ਭਵਨ, ਲੋਕ ਕਲਿਆਣ ਮਾਰਗ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਵਿਟਰ ’ਤੇ ਕਿਹਾ ਕਿ ਰੇਲਾਂ ਉਦਯੋਗ ਭਵਨ ਅਤੇ ਲੋਕ ਕਲਿਆਣ ਮਾਰਗ ’ਤੇ ਨਹੀਂ ਰੁਕ ਰਹੀਆਂ ਹਨ। ਦਿੱਲੀ ਟਰੈਫਿਕ ਪੁਲੀਸ ਨੇ ਕਿਹਾ ਕਿ ਬਾਬਾ ਗੰਗਨਾਥ ਮਾਰਗ ਨੂੰ ਵੀ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜੇਐੱਨਯੂ ਦੇ ਵਿਦਿਆਰਥੀਆਂ ਨੂੰ ਹੋਸਟਲ ਫੀਸਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਆਉਂਦੀਆਂ ਸਮੈਸਟਰ ਪ੍ਰੀਖਿਆਵਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ। ਇਸੇ ਦੌਰਾਨ ਜੇਐੱਨਯੂ ਪ੍ਰਸ਼ਾਸਨ ਨੇ ਕਿਹਾ ਕਿ ਹੋਸਟਲ ਫੀਸਾਂ ’ਚ ਵਾਧਾ ਵਾਪਸ ਲੈਣ ਦੀ ਮੰਗ ’ਤੇ ਉਹ ਗੱਲਬਾਤ ਲਈ ਤਿਆਰ ਹਨ ਪਰ ਵਿਦਿਆਰਥੀ ਇਸ ਲਈ ਨਹੀਂ ਮੰਨ ਰਹੇ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ, ‘ਇਹ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵਿਦਿਆਰਥੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਰਿਹਾ ਹੈ। ਸੱਚਾਈ ਇਹ ਹੈ ਕਿ ਜਦੋਂ ਗੱਲਬਾਤ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੁਜ਼ਾਹਰਾਕਾਰੀ ਵਿਦਿਆਰਥੀ ਮੀਟਿੰਗ ’ਚ ਅੜਿੱਕਾ ਪਾ ਦਿੰਦੇ ਹਨ।’

Previous articleਨਾਗਰਿਕਤਾ ਸੋਧ ਬਿੱਲ ਲੋਕ ਸਭਾ ’ਚ ਪਾਸ
Next articleਪਰਮਿੰਦਰ ਵੀ ਵੱਡੇ ਢੀਂਡਸਾ ਦੇ ਰਾਹ ’ਤੇ