ਜੇਐੱਨਯੂ: ਆਇਸ਼ੀ ਘੋਸ਼ ਤੇ 19 ਹੋਰਨਾਂ ਖ਼ਿਲਾਫ਼ ਕੇਸ ਦਰਜ

* ਫੋਰੈਂਸਿਕ ਟੀਮ ’ਵਰਸਿਟੀ ਪੁੱਜੀ
* ਦਿੱਲੀ ਪੁਲੀਸ ਵੱਲੋਂ ਆਮ ਲੋਕਾਂ ਨੂੰ ਹਿੰਸਾ ਬਾਬਤ ਤਸਵੀਰਾਂ ਤੇ ਹੋਰ ਜਾਣਕਾਰੀ ਸਾਂਝੀ ਕਰਨ ਦੀ ਅਪੀਲ

ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਤੋਂ ਦੋ ਦਿਨ ਮਗਰੋਂ ਦਿੱਲੀ ਪੁਲੀਸ ਨੇ ਯੂਨੀਵਰਸਿਟੀ ਦੇ ਸਰਵਰ ਰੂਮ ਵਿੱਚ ਕੀਤੀ ਭੰਨਤੋੜ ਨਾਲ ਸਬੰਧਤ ਕੇਸ ਵਿੱਚ ’ਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਤੇ 19 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਇਸ਼ੀ ’ਤੇ ਧਾਰਾ 341, 323 ਤੇ 506 ਸਮੇਤ ਜਨਤਕ ਜਾਇਦਾਦ ਨੂੰ ਨੁਕਸਾਉਣ ਪਹੁੰਚਾਉਣ ਤੋਂ ਰੋਕਦੇ ਐਕਟ ਦੀਆਂ ਵੱਖ ਵੱਖ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਐੱਫਆਈਆਰ ਵਿੱਚ ਘੋਸ਼ ਤੋਂ ਇਲਾਵਾ ਸਾਕੇਤ ਮੂਨ, ਸਤੀਸ਼ ਯਾਦਵ, ਸਾਰਿਕਾ ਚੌਧਰੀ ਤੇ ਕੁਝ ਹੋਰਨਾਂ ਵਿਦਿਆਰਥੀਆਂ ਦਾ ਨਾਂ ਵੀ ਸ਼ਾਮਲ ਹੈ। ਪੁਲੀਸ ਹੁਣ ਤਕ ਇਸ ਮਾਮਲੇ ’ਚ ਕੁੱਲ ਮਿਲਾ ਕੇ ਚਾਰ ਐੱਫਆਈਆਰ ਦਰਜ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਦੋ ਕੇਸ ਸਰਵਰ ਰੂਮ ’ਚ ਕੀਤੀ ਭੰਨਤੋੜ ਨਾਲ ਸਬੰਧਤ ਹਨ। ਕੇਸ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਹਨ। ਇਸ ਦੌਰਾਨ ਦਿੱਲੀ ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਐਤਵਾਰ ਰਾਤ ਹੋਈ ਇਸ ਹਿੰਸਾ ਬਾਬਤ ਕੋਈ ਤਸਵੀਰ, ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਸਾਂਝੀ ਕੀਤੀ ਜਾਵੇ। ਉਧਰ ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਸਬੂਤਾਂ ਦੀ ਭਾਲ ’ਚ ’ਵਰਸਿਟੀ ਪੁੱਜ ਗਈ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲੀਸ (ਪੱਛਮੀ ਰੇਂਜ) ਸ਼ਾਲਿਨੀ ਸਿੰਘ ਦੀ ਅਗਵਾਈ ਵਾਲੀ ਤੱਥ ਖੋਜ ਕਮੇਟੀ ਨੇ ਵੀ ਜੇਐੱਨਯੂ ਕੈਂਪਸ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਜਾਣਕਾਰੀ ਇਕੱਤਰ ਕੀਤੀ। ਜੇਐੱਨਯੂ ਪ੍ਰਸ਼ਾਸਨ ਨੇ ਸਰਵਰਾਂ ਦੀ ਭੰਨਤੋੜ ਸਬੰਧੀ ਸਿ਼ਕਾਇਤ 5 ਜਨਵਰੀ ਨੂੰ ਕੀਤੀ ਸੀ ਇਸ ਤੋਂ ਪਹਿਲਾਂ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਸ਼ਿਕਾਇਤ ਵਿੱਚ ’ਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਹੋਰਨਾਂ ਅਹੁਦੇਦਾਰਾਂ ਦੇ ਨਾਂ ਜ਼ਰੂਰ ਦਿੱਤੇ ਸਨ, ਪਰ ਪੁਲੀਸ ਨੇ ਦਰਜ ਐੱਫਆਈਆਰ ’ਚ ਮੁਲਜ਼ਮ ਵਜੋਂ ਘੋਸ਼ ਜਾਂ ਕਿਸੇ ਹੋਰ ਵਿਦਿਆਰਥੀਆਂ ਦਾ ਨਾਂ ਨਹੀਂ ਲਿਖਿਆ। ਪੁਲੀਸ ਨੇ ਕਿਹਾ ਕਿ ਸਰਵਰਾਂ ਨੂੰ ਬੰਦ ਕੀਤੇ ਜਾਣ ਦੀ ਸ਼ਿਕਾਇਤ 3 ਜਨਵਰੀ ਜਦੋਂਕਿ ਸਰਵਰ ਰੂਮ ਦੀ ਭੰਨਤੋੜ ਸਬੰਧੀ ਸ਼ਿਕਾਇਤ ਉਸ ਤੋਂ ਅਗਲੇ ਦਿਨ ਕੀਤੀ ਗਈ ਸੀ। ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਉਪ ਪ੍ਰਧਾਨ ਸਾਕੇਤ ਮੂਨ ਨੇ ਕਿਹਾ ਕਿ ਪ੍ਰਸ਼ਾਸਨ ਕੁਝ ਵਿਦਿਆਰਥੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾ ਰਿਹਾ ਹੈ। ਮੂਨ ਨੇ ਸਰਵਰ ਰੂਮ ਦੀ ਭੰਨਤੋੜ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਇਸ ਦੌਰਾਨ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਜੇਐੱਨਯੂ ਹਿੰਸਾ ਬਾਬਤ ਕੋਈ ਜਾਣਕਾਰੀ ਹੈ ਜਾਂ ਉਨ੍ਹਾਂ ਆਪਣੇ ਮੋਬਾਈਲ ਫੋਨ ਜਾਂ ਕੈਮਰੇ ’ਤੇ ਕੋਈ ਵੀਡੀਓ ਬਣਾਈ ਹੈ, ਤਾਂ ਉਹ ਪੁਲੀਸ ਨਾਲ ਸਾਂਝੀ ਕੀਤੀ ਜਾਵੇ। ਉਧਰ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਫ਼ਿਜ਼ਿਕਸ, ਕੈਮਿਸਟਰੀ ਤੇ ਬਾਇਓਲੌਜੀ ਡਿਵੀਜ਼ਨਾਂ ਦੀਆਂ ਟੀਮਾਂ ਸਬੂਤ ਇਕੱਤਰ ਕਰਨ ਲਈ ਯੂਨੀਵਰਸਿਟੀ ਪੁੱਜ ਗਈਆਂ ਹਨ। ਫ਼ਿਜ਼ਿਕਸ ਟੀਮ ਨਕਾਬਪੋਸ਼ ਗੁੰਡਿਆਂ ਵੱਲੋਂ ਹਮਲੇ ਲਈ ਵਰਤੀਆਂ ਰਾਡਾਂ, ਪੱਥਰਾਂ ਤੋਂ ਸਬੂਤ ਇਕੱਤਰ ਕਰੇਗੀ। ਕੈਮਿਸਟਰੀ ਟੀਮ ਰਸਾਇਣ (ਜੇਕਰ ਕੋਈ ਹੋਇਆ) ਦੇ ਨਮੂਨੇ ਜਦੋਂਕਿ ਬਾਇਓਲੌਜੀ ਟੀਮ ਡੀਐੱਨਏ ਨਮੂਨਿਆਂ ਦੀ ਭਾਲ ਕਰੇਗੀ। ਦਿੱਲੀ ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਲਈ ਕੰਪਿਊਟਰ ਫੋਰੈਂਸਿਕ ਟੀਮ ਭੇਜਣ ਦੀ ਵੀ ਗੁਜ਼ਾਰਿਸ਼ ਕੀਤੀ ਹੈ। ਸੂਤਰਾਂ ਮੁਤਾਬਕ ਇਸ ਟੀਮ ਦੇ ਭਲਕੇ ’ਵਰਸਿਟੀ ਆਉਣ ਦੀ ਉਮੀਦ ਹੈ। ਦਿੱਲੀ ਪੁਲੀਸ ਦੇ ਵਧੀਕ ਪੀਆਰਓ ਅਨਿਲ ਮਿੱਤਲ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਇਸ ਕੇਸ ਦੀ ਵਿਗਿਆਨਕ ਤੇ ਪੇਸ਼ੇਵਰ ਦੋਵਾਂ ਤਰੀਕਿਆਂ ਨਾਲ ਜਾਂਚ ਕਰ ਰਹੀ ਹੈ। ਏਜੰਸੀ ਵੱਲੋਂ ਸੋਸ਼ਲ ਮੀਡੀਆ ਤੇ ਵੱਟਸਐਪ ’ਤੇ ਅਪਲੋਡ ਕੀਤੀਆਂ ਵੀਡੀਓ ਕਲਿਪਜ਼ ਦੀ ਵੀ ਘੋਖ ਕੀਤੀ ਜਾ ਰਹੀ ਹੈ। ਜੇਐੱਨਯੂ ਹਿੰਸਾ ਦੌਰਾਨ ਸਿਰ ’ਤੇ ਗੰਭੀਰ ਸੱਟ ਲੱਗਣ ਕਰਕੇ ਜ਼ਖ਼ਮੀ ਹੋਈ ਪ੍ਰੋਫੈਸਰ ਸੁਚਰਿਤਾ ਸੇਨ ਅੱਜ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੇਨ ਨੇ ਸ਼ਿਕਾਇਤ ਵਿੱਚ ਆਪਣੀ ਹੱਡਬੀਤੀ ਬਿਆਨ ਕੀਤੀ ਹੈ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਗੈਰ-ਸਮਾਜੀ ਤੱਤਾਂ ਵੱਲੋਂ ਜੇਐੱਨਯੂੁ ’ਚ ਕੀਤੀ ਬੁਰਛਾਗਰਦੀ ਦੀ ਸਖ਼ਤੀ ਨਾਲ ਨਿਖੇਧੀ ਕੀਤੀ ਹੈ।

Previous articleਨਿਰਭਯਾ ਕੇਸ: ਚਾਰ ਦੋਸ਼ੀਆਂ ਨੂੰ ਫਾਂਸੀ 22 ਨੂੰ
Next articleਦੂਜਾ ਟੀ-20: ਭਾਰਤ ਨੇ ਲੰਕਾ ਢਾਹੀ