ਜੂਨ ਦੀਆਂ ਛੁੱਟੀਆਂ

(ਸਮਾਜ ਵੀਕਲੀ)

ਸਬਰੀਨਾ ਗੁੱਸੇ ਨਾਲ ਭਰੀ ਪੀਤੀ ਐਨ ਕੜਾਕੀ ਧੁੱਪ ਵਿੱਚ ਬੈਠੀ ਰਿਆਜ਼ ਕਰ ਰਹੀ ਸੀ । ਜ਼ੋਰੋ ਜ਼ੋਰ ਉਹ ਆਪਣੀਆਂ ਉਂਗਲਾਂ ਹਾਰਮੁਨੀਅਮ ਦੇ ਸੁਰਾਂ ਉੱਤੇ ਲਗਾਤਾਰ ਵਜਾਈ ਜਾ ਰਹੀ ਸੀ। ਸਾਜ਼ ਵੱਜਦਾ ਉਸਦਾ ਗੁੱਸਾ ਤੇਜੀ ਨਾਲ ਵੱਧ ਰਿਹਾ ਸੀ । ਪਸੀਨੇ ਨਾਲ ਭਿੱਜੀ ਪਈ ਨੂੰ ਉਸਦੇ ਘਰਦੇ ਆਵਾਜ਼ ਮਾਰਦੇ ਰਹੇ ਕਿ ਅੰਦਰ ਏ . ਸੀ ਦੀ ਠੰਡੀ ਹਵਾ ਆ ਕੇ ਲਵੇ । ਪਰ ਸਬਰੀਨਾ ਦੇ ਕੰਨਾਂ ਵਿੱਚ ਸੰਗੀਤ ਤੋਂ ਬਿਨਾਂ ਕੋਈ ਵੀ ਅਵਾਜ ਉਸਦੇ ਅੰਦਰ ਪ੍ਰਵੇਸ਼ ਨਹੀਂ ਕਰ ਰਹੀ ਸੀ । ਸਬਰੀਨਾ ਦਾ ਮੂੰਹ ਡੁੱਬਦੇ ਸੂਰਜ ਵਾਂਗ ਲਾਲ ਹੋ ਗਿਆ । ਆਪਣੀ ਮਨ ਮਰਜ਼ੀ ਨਾਲ ਆਪਣਾ ਵਾਜਾ ਚੁੱਕ ਉਹ ਕਾਹਲੀ ਪੈਰੀਂ ਅੰਦਰ ਬੈਠ ਗਈ। ਸਬਰੀਨਾ ਦਾ ਦਾਦਾ ਆਉਂਦਾ ਪੱਖੇ ਵਾਲਾ ਬਟਨ ਛੱਡ ਕੇ ਉਸ ਕੋਲ ਬੈਠ ਜਾਂਦਾ । ਸਬਰੀਨਾ ਰਿਆਜ਼ ਜਾਰੀ ਰੱਖਦੀ । ਉਹ ਆਪਣੇ ਦਾਦਾ ਜੀ ਦਾ ਆਖਿਆ ਨਾ ਮੰਨਦੀ ਹੋਈ ਇਸ ਤਰ੍ਹਾਂ ਵਿਵਹਾਰ ਕਰ ਰਹੀ ਸੀ ਜਿਵੇਂ ਉਸਦੇ ਕੋਲ ਕੋਈ ਕਮਰੇ ਵਿੱਚ ਬੈਠਾ ਨਾ ਹੋਵੇ । ਉਹ ਉੱਚੀ ਉੱਚੀ ਸਰਗਮਾ ਬੋਲਣ ਲੱਗੀ ।

” ਸਾ…..ਰੇ…ਗਾ….ਮਾ….ਪਾ….ਧਾ….ਨੀ….ਸਾ…!”

ਸਬਰੀਨਾ ਇਸ ਸਰਗਮ ਨੂੰ ਚਾਰ ਵਾਰ ਪੜ੍ਹਨ ਤੇ ਗੁੱਸੇ ਵਿੱਚ ਆਪਣੇ ਦਾਦਾ ਜੀ ਨੂੰ ਬੋਲਣ ਲੱਗਦੀ ਹੈ ਕਿ ਤੁਸੀਂ ਚਲੋ ਉਠੋ ਵੀ ਏਥੋਂ…..ਮੈਨੂੰ ਕੱਲੀ ਨੂੰ ਏਥੇ ਇੱਕ ਕਮਰੇ ਵਿੱਚ ਇਸ ਤਰ੍ਹਾਂ ਪਈ ਰਹਿਣ ਦਿਓ , ਜਿਸ ਤਰ੍ਹਾਂ ਕੋਈ ਕਮਰੇ ਨੂੰ ਜਿੰਦਾ ਲਗਾ ਕੇ ਉਸਦੀ ਚਾਬੀ ਭੁੱਲ ਜਾਂਦਾ ਹੈ ।
ਦਾਦੂ ਉੱਠ ਜੋ ਨਹੀਂ ਤੇ ਫਿਰ ਆਪਣੀ ਲੜਾਈ ਹੋ ਜਾਣੀ ਜੇ ।
” ਹਾ…ਹਾ….ਹਾ…ਹਾਹਾਹਾਹਾ ” ਹੁੰਦੀ ਤੇ ਹੋ ਜਾਏ ! ”
ਪੁੱਤਰਾ ਜੇ ਤੇਰਾ ਪਿਓ ਨਹੀਂ ਜਾਣ ਦਿੰਦਾ ਨਾਨਕੇ ਤੇ ਕੀ ਹੋ ਗਿਆ…ਏਨਾ ਆਪਣੇ ਆਪ ਨੂੰ ਭਲਾ ਦੁਖੀ ਕਰਨਾ ਵੀ ਕੀ ਹੋਇਆ ! ”

ਸਬਰੀਨਾ : ਦਾਦੂ ਇਸ ਤਰ੍ਹਾਂ ਨਹੀਂ ਹੁੰਦਾ । ਮੇਰੀਆਂ ਸਾਰੀਆਂ ਸਹੇਲੀਆਂ ਨਾਨਕੇ ਛੁੱਟੀਆਂ ਕੱਟਣ ਜਾਂਦੀਆਂ ਹਨ। ਆ ਆ ਕੇ ਦੱਸ ਦੀਆਂ ਹੁੰਦੀਆਂ ਅਸੀਂ ਆ ਕੀਤਾ ਉਹ ਕੀਤਾ । ” ਤੁਸੀਂ ਦੱਸੋ ਦਾਦੂ ਮੈਂ ਕੀ ਦੱਸੂਗੀਂ…!? ”

ਦਾਦਾ ਜੀ : ” ਓਏ ਮੇਰੇ ਛਿੰਦੇ ਪੁੱਤ ! ਕੋਈ ਨਹੀਂ ਦੱਸਣਾ ਕੀ ਏ ਮੈਂ ਆਪੇ ਦੱਸ ਦਵਾਂਗਾ ਤੈਨੂੰ ਲਾਡੋ ਰਾਣੀਆਂ…!”
ਮੈਂ ਤੇਰੇ ਪਿਓ ਨਾ ਕਰਦਾ ਆ ਗੱਲ ਭਾਈ । ਹੋਰ ਕੀ ਕਰ ਸਕਦਾ ਮੈਂ । ਚੱਲ ਮੇਰੀ ਧੀ ਮੈਨੂੰ ਸੋਹਣਾ ਜਿਹਾ ਸ਼ਬਦ ਸੁਣਾ ।

ਸਬਰੀਨਾ : ਦਾਦੂ ਪੱਕਾ….?? ” ਤੁਸੀਂ ਪਾਪਾ ਨੂੰ ਮਨਾਂ ਲਓਗੇ..?? ”

ਦਾਦਾ ਜੀ : ਮੰਨ ਗਿਆ ਸਮਝ ਸਬਰੀਨਾ । ਮੈਨੂੰ ਭਾਵੇਂ ਕੁਝ ਵੀ ਕਿਉਂ ਨਾ ਕਰਨਾ ਪਵੇ ਪਰ ! ਮੈਂ ਆਪਣੀ ਸਿਆਣੀ ਧੀ ਸਬਰੀਨਾ ਖ਼ਾਤਰ ਜਰੂਰ ਇਹ ਲੜਾਈ ਕਰਾਂਗਾ । ਤੂੰ ਮੇਰਾ ਪੁੱਤ ਮੂੰਹ ਸਾਫ ਕਰਕੇ ਜਾ ਏ .ਸੀ ਵਾਲੇ ਅੰਦਰ ਠੰਡੀ ਹਵਾ ਥੱਲੇ ਬੈਠ ਕੇ ਨਾਨਕੇ ਜਾਣ ਦੇ ਸੁਪਨੇ ਵੇਖ ।

ਸਬਰੀਨਾ : ” ਓ ਮਾਈ ਗੌਡ..” ਸੱਚਮੁੱਚ ! ”

ਸਬਰੀਨਾ ਆਪਣੇ ਦਾਦਾ ਜੀ ਦੀ ਗੱਲ ਮੰਨਕੇ ਦੂਸਰੇ ਕਮਰੇ ਵਿੱਚ ਚਲੀ ਜਾਂਦੀ ਹੈ । ਓਥੇ ਉਸਨੂੰ ਉਸਦੇ ਨਿੱਕੇ ਭੈਣ ਭਰਾ ਪਰੀ ਤੇ ਆਦੇਸ਼ ਸਤਾਉਂਦੇ ਹਨ । ਉਸਦਾ ਖੂਬ ਮਜ਼ਾਕ ਬਣਾਉਂਦੇ ਹਨ ਕਿ ਆਗੀ ਵਾਜੇ ਵਜਾ ਵਜੂ ਕੇ । ਮਿਲਿਆ ਕੁਹ ? ਨਹੀਂ ਨਾਂਹ…! ਧੁੱਪ ਵੀ ਚੱਲੀ ਕਿਸੇ ਕੰਮ ਵੀ ਨਾ ਆਈ । ਤਿੰਨੇ ਭੈਣ ਭਰਾ ਰੋਸ ਕਰਦੇ ਹੋਏ ਇੱਕ ਦੂਜੇ ਵੱਲ ਮੂੰਹ ਬਣਾ ਰਹੇ ਸੀ ।

ਸਬਰੀਨਾ ਦੀ ਮਾਂ ਸਵਿਤਾ ਆਪਣੇ ਘਰਵਾਲੇ ਸਵਰੂਪ ਸਿੰਘ ਨੂੰ ਪ੍ਰਸ਼ਾਦਾ ਦੇਣ ਜਾ ਰਹੀ ਹੁੰਦੀ ਹੈ । ਹੌਲੀ ਦੇਣੀ ਸਬਰੀਨਾ ਦਾ ਦਾਦਾ ਸ਼ਿੰਗਾਰਾ ਸਿੰਘ ਖੂੰਡੀ ਹੱਥ ਵਿੱਚ ਫੜੀ ਤੁਰਿਆ ਆਉਂਦਾ ਆਪਣੀ ਨੂੰਹ ਹੱਥੋਂ ਥਾਲੀ ਫੜ ਲੈਂਦਾ ਹੈ ਤੇ ਆਖਦਾ ਹੈ ਕਿ ਨਹੀਂ ਨਹੀਂ ਪੁੱਤਰਾ ਅੱਜ ਖਾਣਾ ਸਵਰੂਪ ਲਈ ਮੈਂ ਲੈ ਕੇ ਜਾਣਾ ਤੂੰ ਬੇਟਾ ਨਿਆਣਿਆਂ ਕੋਲ ਚੱਲ । ਸਵਿਤਾ ਬਾਪੂ ਜੀ ਨੂੰ ਥਾਲੀ ਫੜਾ ਵਾਪਸ ਪੈਰੀਂ ਮੁੜ ਆਉਂਦੀ ਆਪਣੇ ਬੱਚਿਆਂ ਕੋਲ ਆ ਜਾਂਦੀ ਹੈ । ਸਬਰੀਨਾ ਮਾਂ ਨੂੰ ਕਹਿਣ ਲੱਗਦੀ ਹੈ ਕਿ ਮਾਂ ਮੇਰੇ ਲਈ ਉਹ ਵਰ ਲੱਭਿਓ ਜੋ ਤੁਹਾਡੇ ਕੋਲ ਆਉਣ ਤੋਂ , ਤੁਹਾਨੂੰ ਮਿਲਣ ਤੋਂ ਕਦੇ ਨਾ ਰੋਕੇ । ਮਾਂ ਬਾਪ ਨੂੰ ਨਾ ਮਿਲੀਏ ਤੇ ਕਿੰਨਾ ਹੋਰ ਤਰ੍ਹਾਂ ਹੁੰਦਾ ਹੈ। ਮਾਂ ਮੈਨੂੰ ਤੇ ਇਹ ਗੱਲ ਸੋਚ ਕੇ ਡਰ ਲੱਗਣ ਲੱਗ ਪੈਂਦਾ । ਹੂੰ…ਹਾਂ ਕਰਦੀ ਸਵਿਤਾ ਉੱਠਕੇ ਰਸੋਈ ਵਿੱਚ ਰਹਿੰਦੇ ਕੰਮ ਕਰਨ ਚਲੀ ਜਾਂਦੀ ਤੇ ਪਰੀ ਆਦੇਸ਼ ਟੁੱਟੇ ਮਨ ਨਾਲ ਆਪਣਾ ਛੁੱਟੀਆਂ ਦਾ ਕੰਮ ਕਰਨ ਲੱਗ ਪੈਂਦੇ ।

ਦਰਵਾਜ਼ਾ ਖੜਕਾ ਕੇ ਸਵਰੂਪ ਦੇ ਪਿਤਾ ਅਤੇ ਸਬਰੀਨਾ ਦੇ ਦਾਦਾ ਜੀ ਇੱਕ ਹੱਥ ਨਾਲ ਰੋਟੀ ਦੀ ਫੜੀ ਥਾਲੀ ਲੈ ਕੇ ਅਵਾਜ ਮਾਰਨ ਰੂਪਿਆ…! ਓ ਰੂਪੇ ਹੋਏ…! ਪਾਪਾ ਤੁਸੀਂ ਕਿਉਂ ਆਏ ਖਾਣਾ ਲੈ ਕੇ ਮੈਨੂੰ ਦੱਸ ਦਿੰਦੇ ਸਵਰੂਪ ਨੇ ਆਪਣੇ ਪਿਤਾ ਦਾ ਖੂੰਡੀ ਵਾਲਾ ਹੱਥ ਫੜਦਿਆਂ ਕਿਹਾ । ਪਾਪਾ ਇੱਕ ਤੇ ਤੁਸੀਂ ਵੀ ਬੜੀ ਕਮਾਲ ਕਰਦੇ ਹੋ । ਜੇ ਕਿਤੇ ਕੋਈ ਸੱਟ ਪਿੱਟ ਲੱਗ ਜੇ ਫਿਰ ? ਸ਼ਿੰਗਾਰਾ ਸਿੰਘ ਮੰਜੀ ਤੇ ਬੈਠਦਾ ਹੋਇਆ ਆਖਣ ਲੱਗਾ ਲੱਗੀ ਤੇ ਨਹੀਂ ਨਾ ? ਪਰ ! ਲੱਗੀ ਵੀ ਹੈ । ਜੇ ਸੱਟ ਦੱਸ ਦਿੱਤੀ ਤੇ ਰੂਪਿਆ ਮੇਰੇ ਸਿਰ ਦੀ ਸੌਂਹ ਖ਼ਾਹ ਕੇ ਦੱਸ ਕੇ ਮੇਰਾ ਇਲਾਜ ਕਰਵਾਏਂਗਾ ? ਪਾਪਾ ਕਿਦਾਂ ਦੀ ਗੱਲ ਕੀਤੀ ਤੁਸੀਂ । ਰੂਪ ਆ ਤੁਹਾਡਾ ! ਓਹੀ ਨਿੱਕਾ ਹੁੰਦਾ ਜੋ ਤੁਹਾਨੂੰ ਕੋਈ ਚੂੰਡੀ ਵੀ ਭਰਦਾ ਸੀ ਤੇ ਮੈਂ ਅਗਲੇ ਨੂੰ ਖਾਣ ਪੈਂਦਾ ਸੀ । ਅੱਜ ਤੁਸੀਂ ਇਹ ਗੱਲ ਕਰਕੇ ਮੈਨੂੰ ਬੇਗਾਨਾ ਜਿਹਾ ਕਰ ਦਿੱਤਾ ।

ਛੱਡੋ ਇਹ ਸਭ ! ਦਿਖਾਓ….ਸੱਟ ਕਿੱਥੇ ਲੱਗੀ ਹੈ ? ਸਵਰੂਪ ਪ੍ਰੇਸ਼ਾਨ ਹੁੰਦਿਆਂ ਆਪਣੇ ਪਿਤਾ ਜੀ ਨੂੰ ਗੌਰ ਨਾਲ ਵੇਖ ਕੇ ਪੁੱਛਣ ਲੱਗਾ । ਉਹ ਹੋ ! ਤੈਨੂੰ ਸੱਟ ਵੀ ਦੱਸਦਾਂ ਬਹਿ ਜਾ…ਬਹਿਜਾ ਵੱਡਾ ਆਇਆ ਹਮਦਰਦ ।
ਸ਼ਿੰਗਾਰਾ ਸਿੰਘ ਨੇ ਜਾਣਕੇ ਬਾਂਹ ਤੋਂ ਫੜਦੇ ਨੇ ਇਹ ਬੋਲ ਕਹੇ । ਸ਼ਿੰਗਾਰਾ ਸਿੰਘ ਆਖਣ ਲੱਗਾ ਰੂਪਿਆ ਮੇਰੀ ਇੱਕੋ ਸੱਟ ਜੋ ਸਬਰੀਨਾ ਵੱਲ ਵੇਖਕੇ ਮੇਰੇ ਦਿਲ ਨੂੰ ਆਣ ਲੱਗ ਜਾਂਦੀ ਹੈ । ਸਬਰੀਨਾ ਮੇਰੀ ਪੋਤੀ ਮੇਰੀ ਜਾਨ ਹੈ । ਮੇਰੀ ਪਿਆਰੀ ਪੋਤੀ ਹੈ । ਮੇਰਾ ਰੂਪਾ ਬਣਕੇ ਉਹਨਾਂ ਨੂੰ ਨਾਨਕੇ ਹੋ ਆਉਣ ਦੇ ਨਾਲ਼ੇ ਜੂਨ ਦੀਆਂ ਛੁੱਟੀਆਂ ਕਿਹੜਾ ਤੁਰੀਆਂ ਰਹਿੰਦੀਆਂ । ਇਸੇ ਬਹਾਨੇ ਬੱਚੇ ਵੀ ਖੁਸ਼ ਆਪਾਂ ਵੀ ਖੁਸ਼ । ਲੈ ਪੁੱਤ ਤੂੰ ਖਾ ਰੋਟੀ । ਤੂੰ ਕਿਹੜਾ ਮੇਰੀ ਮੰਨਣੀ ਏਂ…! ਸ਼ਿੰਗਾਰਾਂ ਸਿੰਘ ਉੱਠ ਖਲੋਤਾ ਤੇ ਬੂਹੇ ਕੋਲ ਪਹੁੰਚਿਆ ਹੀ ਅਜੇ ਸਵਰੂਪ ਨੇ ਹਾਂ ਕਰ ਦਿੱਤੀ । ਸਵਰੂਪ ਨੇ ਕਿਹਾ ਕਿ ਪਾਪਾ ਮੇਰੀ ਵੀ ਇੱਕ ਸ਼ਰਤ ਹੈ । ਪਰਸੋਂ ਮੈਂ ਆਪਣੀ ਨੌਕਰੀ ਤੇ ਵਾਪਸ ” ਅਸਾਮ ” ਚਲੇ ਜਾਣਾ । ਮੇਰੀ ਸ਼ਰਤ ਹੈ ਕਿ ਇਹ ਪੂਰੀਆਂ ਗਰਮੀ ਦੀਆਂ ਛੁੱਟੀਆਂ ਨਾਨਕੇ ਬਤੀਤ ਕਰਨ । ਓ…ਬੱਲੇ ਬੱਲੇ ਛਾਵਾ ਛੇ ਪੁੱਤਰਾ..! ਹੁਣ ਬਣੀ ਗੱਲ । ਏਨੀ ਗੱਲ ਆਖ ਸਬਰੀਨਾ ਦਾ ਦਾਦਾ ਸ਼ਿੰਗਾਰਾ ਸਿੰਘ ਕਮਰੇ ਤੋਂ ਬਾਹਰ ਆ ਜਾਂਦਾ ਹੈ ।

ਅੱਜ ਸਬਰੀਨਾ , ਆਦੇਸ਼ , ਪਰੀ ਦੀ ਤੀਜੀ ਛੁੱਟੀ ਸੀ । ਸਬਰੀਨਾ ਨੂੰ ਘੁਟਣ ਮਹਿਸੂਸ ਹੋ ਰਹੀ ਸੀ । ਉਹ ਸੋਚਦੀ ਰਹੀ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਨ ਲੱਗੀ ਕਿ ਜੇ ਕਿਤੇ ਬਾਹਰ ਘੁੰਮਣ ਨਾ ਜਾਈਏ ਤੇ ਦਮ ਜਿਹਾ ਘੁੱਟਦਾ ਨਾ..? ਏਦੇ ਨਾਲੋਂ ਚੰਗਾ ਛੁੱਟੀਆਂ ਨਾ ਪੇਂਦੀਆਂ । ਘਰ ਨਾਲੋਂ ਤਾਂ ਫਿਰ ਬੰਦਾ ਸਕੂਲੇ ਸੌ ਗੁਣਾ ਚੰਗਾ ਰਹਿੰਦਾ । ਏਥੇ ਹੁਣ ਇੱਕ ਥਾਂ ਬੈਠ ਕੇ ਮਾਰੀ ਜਾਓ ਮੱਖੀਆਂ । ਸਬਰੀਨਾ ਨੇ ਜ਼ੋਰ ਨਾਲ ਬੈਗ ਦੀ ਜਿੱਪ ਖੋਲ੍ਹਦਿਆਂ ਕਿਹਾ ।
ਅੱਛਾ ! ਹੋਰ ਕੁਝ ? ਸਬਰੀਨਾ ਪੁੱਤਰ ਹਾਂ ਹੋ ਗਈ ਹੈ । ਤੁਹਾਡੇ ਪਾਪਾ ਮੰਨ ਗਏ ਨੇ । ਤੁਸੀਂ ਅੱਧੀਆਂ ਮੱਖੀਆਂ ਆਪਣੇ ਨਾਨਕੇ ਮਾਰ ਲੈਣਾ ਹੁਣ । ਬੱਲੇ ਬੱਲੇ ਕਰੋ ਤਿਆਰੀਆਂ ਭਾਈ…! ਆਜੋ ਮੇਰੇ ਸ਼ੇਰੋ । ਤਿੰਨੇ ਜਾਨੇ ਦਾਦੇ ਦੇ ਗਲ ਨੂੰ ਲੱਗ ਜਾਂਦੇ ਹਨ । ਮਾਂ ਨੂੰ ਦੱਸਣ ਜਾਂਦੇ ਹਨ ” ਥੈਂਕਸ ” ਦਾਦੂ ਕਹਿ ਕੇ ਤੇਜ ਦੌੜ ਲਗਾਉਂਦੇ ਹਨ। ਆਦੇਸ਼ ਆਖਦਾ ਹੈ ਕਿ ਦੇਖਦੇ ਹਾਂ ਪਹਿਲਾ ਕੌਣ ਪਹੁੰਚਦਾ ਹੈ । ਭੱਜੋ…..ਭੱਜੋ……ਭੱਜੋ । ਹੌਲੀ ਹੌਲੀ ਪਰੀ ਪੁੱਤਰ ਸੱਟ ਨਾ ਲਵਾ ਲਿਓ ।

ਸ਼ਿੰਗਾਰਾ ਸਿੰਘ ਅਗਲੀ ਸਵੇਰ ਬਾਹਰ ਅਖ਼ਬਾਰ ਪੜ੍ਹ ਰਿਹਾ ਹੁੰਦਾ ਹੈ । ਅੱਜ ਸਵਰੂਪ ਦੀ ਛੁੱਟੀ ਖਤਮ ਹੋ ਗਈ ਉਸਨੇ ਵਾਪਸ ਪਰਤਣਾ ਹੁੰਦਾ ਹੈ । ਸਵਰੂਪ ਦੀ ਸਾਰੀ ਤਿਆਰੀ ਸਵਿਤਾ ਨੇ ਰਾਤੋਂ ਰਾਤ ਕਰ ਦਿੱਤੀ ਹੁੰਦੀ ਹੈ । ਸਵਰੂਪ ਪਿਤਾ ਜੀ ਨੂੰ ਮਿਲਕੇ ਅਤੇ ਬੱਚਿਆਂ ਨੂੰ ਪਤਨੀ ਨੂੰ ਮਿਲਕੇ ਨੌਕਰੀ ਤੇ ਚਲਾ ਜਾਂਦਾ ਹੈ । ਨਾਨਕੇ ਜਾਣ ਦੀ ਖੁਸ਼ੀ ਵਿੱਚ ਸਬਰੀਨਾ ਹੁਣੀ ਤਿਆਰੀਆਂ ਕਰਨ ਲੱਗ ਪਏ । ਇੱਕ ਵਜੇ ਸੂਰਜ ਦੀ ਤਿੱਖੀ ਧੁੱਪ ਉਹਨਾਂ ਦੇ ਘਰ ਵੱਲ ਨੂੰ ਸਿੱਧੀ ਪੈਂਦੀ ਹੈ । ਦੁਪਹਿਰ ਨੂੰ ਕਦੇ ਕਦੇ ਰੁੱਖਾਂ ਕੋਲ ਮੰਜੀ ਡਾਹ ਲੈਂਦੇ ਹਨ । ਇੱਕ ਦੋ ਵਜੇ ਦੀ ਕੜਾਕੀ ਧੁੱਪ ਵਿੱਚ ਸਵਿਤਾ ਬੱਚਿਆਂ ਨੂੰ ਤਿਆਰ ਕਰਕੇ ਆਪ ਤਿਆਰ ਹੋਣ ਲੱਗੀ । ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਕਿ ਸਾਨੂੰ ਲੈ ਜਾਏ । ਬਾਪੂ ਸ਼ਿੰਗਾਰਾਂ ਸਿੰਘ ਪੋਤੇ ਪੋਤੀਆਂ ਦੇ ਖਿੜਦੇ ਚਿਹਰੇ ਵੇਖ ਕੇ ਗੁਲਾਬ ਦੇ ਫੁੱਲਾਂ ਨੂੰ ਪਾਣੀ ਦੇਣ ਲੱਗਾ । ਏਨੇ ਨੂੰ ਠੀਕ ਸਮੇਂ ਤੇ ਸਬਰੀਨਾ ਦਾ ਮਾਮਾ ਉਸਨੂੰ ਲੈਣ ਆ ਗਿਆ । ਉਹ ਮਾਮੇ ਨੂੰ ਮਿਲੇ ਵੀ ਨਹੀਂ ਸੀ ਕਿ ਉਹਨਾਂ ਨੇ ਗੱਡੀ ਵਿੱਚ ਸਮਾਨ ਰੱਖਣਾ ਸ਼ੁਰੂ ਕਰ ਦਿੱਤਾ ।
ਸਵਿਤਾ ਨੇ ਆਖਿਆ ਕਿ ਬਾਪੂ ਜੀ ਤੁਸੀਂ ਦੂਜੇ ਦੀਦੀ ਘਰ ਚਲੇ ਜਾਇਓ ਸਮੇਂ ਸਿਰ ਏਧਰ ਤਾਲਾ ਮਾਰ ਦੇਣਾ ।

ਨਾਨਕੇ ਪਹੁੰਚ ਕੇ ਖੂਬ ਮਸਤੀ ਕਰਦੇ ਖਾਂਦੇ ਪੀਂਦੇ ਵੀਡੀਓ ਗੇਮਾਂ ਖੇਡਦੇ । ਓਥੇ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ । ਅਗਲੇ ਦਿਨ ਉਹਨਾਂ ਨੇ ” ਵੰਡਰਲੈਂਡ ” ਦਾ ਪ੍ਰੋਗਰਾਮ ਆਪਣੇ ਮਾਮਾ ਮਾਮੀ ਜੀ ਦੇ ਨਿਆਣਿਆਂ ਨਾਲ ਬਣਾ ਲਿਆ । ” ਵੰਡਰਲੈਂਡ ” ਘੁੰਮਣ ਗਏ ਤੇ ਓਥੇ ਜਿਦੋ ਜਿਦੀ ਸਵੀਮਿੰਗ ਪੂਲ ਵਿੱਚ ਤੈਰਨ ਲੱਗੇ ਅਤੇ ਇੱਕ ਦੂਸਰੇ ਨਾਲ ਹਾਸਾ ਮਜ਼ਾਕ ਕਰਦੇ ।

” ਗਰਮੀ ਦੀਆਂ ਛੁੱਟੀਆਂ ” ਦਾ ਠੰਡੇ ਪਾਣੀ ਨਾਲ ਡਾਢਾ ਆਨੰਦ ਮਾਣ ਰਹੇ ਸੀ । ਉਹ ਤਾਂ ਹਫਤੇ ਬਾਅਦ ਕਦੀ ਕਿਤੇ ਘੁੰਮਣ ਜਾਣ ਅਤੇ ਕਦੀ ਕਿਤੇ । ਅੱਧਾ ਮਹੀਨਾ ਉਹਨਾਂ ਦਾ ਇਸ ਤਰ੍ਹਾਂ ਬਤੀਤ ਹੋ ਗਿਆ । ਸਬਰੀਨਾ ਦੀ ਨਾਨੀ ਨੇ ਹਰ ਰੋਜ ਤਾਜਾ ਜੂਸ ਬਣਾਇਆ ਕਰਨਾ ਉਹਨਾਂ ਤਿੰਨਾਂ ਨੂੰ ਵੱਡੇ ਵੱਡੇ ਗਲਾਸ ਭਰਕੇ ਦਿਆ ਕਰਨੇ । ਇੱਕ ਦਿਨ ਸਾਰਿਆਂ ਨੇ ਸ਼ਰਤ ਲਗਾ ਲਈ ਕਿ ਜਿਹੜਾ ਸਕੂਲ ਦਾ ਕੰਮ ਸਭ ਤੋਂ ਪਹਿਲਾਂ ਕਰੇਗਾ ਉਹ ਬੰਬੀ ਤੇ ਖੇਤਾਂ ਵਿੱਚ ਮੋਟਰ ਥੱਲੇ ਚੁਬੱਚੇ ਵਿੱਚ ਸਭ ਤੋਂ ਵੱਧ ਚੁੱਭੀਆਂ ਲਾਵੇਗਾ । ਵੇਖੋ ਵੇਖ ਮਜ਼ੇ ਮਜ਼ੇ ਵਿੱਚ ਛੁੱਟੀਆਂ ਦਾ ਸਾਰਾ ਕੰਮ ਕਰ ਲੈਂਦੇ । ਅਗਲੇ ਦਿਨ ਮੋਟਰ ਉੱਤੇ ਗਏ । ਇੱਕ ਇੱਕ ਕਰਕੇ ਚੁਬੱਚੇ ਵਿੱਚ ਚੁੱਭੀਆਂ ਮਾਰਦੇ ਸਬਰੀਨਾ ਗਿਣਤੀ ਕਰਦੀ । ਹਰੇਕ ਨੇ ਦੱਸ ਚੁੱਭੀਆਂ ਲਾਉਣੀਆਂ ਸਨ । ਬਸ ਆਦੇਸ਼ ਨੇ ਹੀ ਵੀਹ ਚੁੱਭੀਆਂ ਲਾਈਆਂ । ਕਿਓਂਕਿ ਆਦੇਸ਼ ਨੇ ਸਭ ਤੋਂ ਪਹਿਲਾਂ ਸਕੂਲ ਦਾ ਕੰਮ ਪੂਰਾ ਕੀਤਾ ਸੀ । ਇਹ ਦਿਨ ਵੀ ਹੱਸਦੇ ਟੱਪਦੇ ਮਨਾਂ ਕੇ ਘਰ ਵਾਪਸ ਆ ਗਏ । ਮਾਮਾ ਜੀ ਨਾਲ ਸਬਰੀਨਾ ਨੇ ਇੱਕ ਬੋਤਲ ਉੱਤੇ ਆਰਟ ਵਰਕ ਕੀਤਾ । ਸਬਰੀਨਾ ਦੇ ਮੈਮ ਜੀ ਪੇਂਟਰ ਸਨ । ਅਤੇ ਮੰਨੇ ਪ੍ਰਮੰਨੇ ਚਿੱਤਰਕਾਰ ਵੀ। ਸਬਰੀਨਾ ਨੇ ਤਿੰਨ ਬੋਤਲਾਂ ਕੱਟ ਕੇ ਆਰਟ ਨਾਲ ਸਟੋਨ ਨਾਲ ਸਜਾ ਕੇ ਧੁੱਪੇ ਰੱਖ ਦਿੱਤੀਆਂ । ਉਹ ਸੁੱਕ ਕੇ ਏਨੀਆਂ ਖੂਬਸੂਰਤ ਲੱਗਣ ਲੱਗੀਆਂ ਜਿਵੇਂ ਵਿਚੋਂ ਰੰਗਦਾਰ ਲਾਈਟਾਂ ਜਗਦੀਆਂ ਹੋਣ । ਸਬਰੀਨਾ ਨੇ ਇੱਕ ਬੋਤਲ ਮਾਮਾ ਜੀ ਨੂੰ ਕਿਹਾ ਕਿ ਉਹ ਇਹ ਵਾਲੀ ਬੋਤਲ ਕਰ ਦਾਦੂ ਲਈ ਗਿਫਟ ਲੈ ਕੇ ਜਾਵੇਗੀ । ਕਿੰਨਾ ਝਰਮਲ ਦ੍ਰਿਸ਼ ਹੈ ਵਾਓ..! ਮਾਮੂ ਜੀ ਵੇਖਿਓ ਦਾਦੂ ਨੇ ਹੈਰਾਨ ਰਹਿ ਜਾਣਾ ਮੇਰੀ ਐਸੀ ਕਲਾ ਵੇਖ ਕੇ ।

ਸਵਿਤਾ ਅਤੇ ਬੱਚਿਆਂ ਦੇ ਵਧੀਆ ਦਿਨ ਬੀਤ ਦੇ ਗਏ । ਸਵਿਤਾ ਵੀ ਪੇਕੇ ਘਰ ਆ ਕੇ ਬਹੁਤ ਖੁਸ਼ ਸੀ। ਕਦੇ ਕਦੇ ਸਵਿਤਾ ਦੀ ਮਾਂ ਸਵਿਤਾ ਦੇ ਸਿਰ ਵਿੱਚ ਮਾਲਸ਼ ਕਰਦੀ ।ਅਤੇ ਢੇਰ ਸਾਰੇ ਦੁੱਖ ਸੁੱਖ ਫੋਲਦੀਆਂ । ਇੱਕ ਦਿਨ ਸਬਰੀਨਾ ਨੇ ਦੱਸਿਆ ਕਿ ਨਾਨੀ ਸਾਨੂੰ ਪਾਪਾ ਆਉਣ ਨਹੀਂ ਦਿੰਦੇ ਸੀ । ਸਾਡੇ ਦਾਦੂ ਦੀ ਮੇਹਰ ਹੋਈ ਪਾਪਾ ਤੇ ਤਾਂ ਆਏਂ ਹਾਂ ਨਹੀਂ ਤੇ ਤੁਹਾਨੂੰ ਪਤਾ ਕਦੀ ਉੱਠ ਪਏ ਤੇ ਕਦੀ ਸੌਂਗੇ । ਇਸ ਤਰ੍ਹਾਂ ਦਿਨ ਬਤੀਤ ਕਰ ਸਕੂਲ ਵਾਪਸ ਪਰਤ ਜਾਂਦੇ। ਛੁੱਟੀਆਂ ਘੁੰਮਣ ਫਿਰਣ ਨੂੰ ਪੇਂਦੀਆਂ ਤਾਂ ਜੋ ਘਰੇ ਗਰਮੀ ਨਾ ਲੱਗੇ ਆਦੇਸ਼ ਨੇ ਹੱਸਦੇ ਹੱਸਦੇ ਕਿਹਾ । ਸਾਰੇ ਜਾਣੇ ਹੱਸਣ ਲੱਗ ਪਏ ।

ਪੂਰਾ ਜੂਨ ਦਾ ਮਹੀਨਾ ਖਤਮ ਹੋਣ ਵਿੱਚ ਦੋ ਦਿਨ ਰਹਿ ਗਏ । ਸਬਰੀਨਾ ਨੂੰ ਉਸਦੀ ਮਾਂ ਨੇ ਕਿਹਾ ਕਿ ਨਾਲ ਤਿਆਰੀ ਕਰਵਾ ਦੇਵੇ । ਫਿਰ ਤੁਹਾਨੂੰ ਸਕੂਲ ਵੀ ਭੇਜਣਾ ਹੈ। ਨਾਲ਼ੇ ਬੱਸ ਏਨਾ ਹੀ ਬਹੁਤ ਆ ਬਾਕੀ ਦੇ ਰਹਿੰਦੇ ਦਿਨ ਆਪਣੇ ਦਾਦੂ ਜੀ ਨਾਲ ਵੀ ਬਿਤਾ ਲੈਣਾ । ਸਬਰੀਨਾ ਹਾਂਜੀ ਮਾਂ ਕਹਿ ਕਿ ਤਿਆਰੀ ਕਰਵਾ ਕੇ । ਨਾਨੀ ਨਾਲ ਸੌਂ ਗਏ । ਅਗਲੇ ਦਿਨ ਸਵਿਤਾ ਦਾ ਭਰਾ ਉਹਨਾਂ ਨੂੰ ਗੱਡੀ ਵਿੱਚ ਛੱਡ ਆਇਆ । ਤਿੰਨੇ ਜਾਣੇ ਦਾਦੂ ਜੀ ……. ਦਾਦੂ ਜੀ ਅਸੀਂ ਆ ਗਏ। ਤਿੰਨੇ ਜਾਣੇ ਦਾਦੂ ਦੇ ਗਲੇ ਲੱਗ ਜਾਂਦੇ ਹਨ । ਸਵਿਤਾ ਬਾਪੂ ਜੀ ਦੇ ਪੈਰੀਂ ਹੱਥ ਲਗਾ ਕੇ ਅੰਦਰ ਬੈਗ ਰੱਖਣ ਚਲੀ ਜਾਂਦੀ ਹੈ।

ਸਿਮਬਰਨ ਕੌਰ ਸਾਬਰੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਜਾਤ ਪਾਤ ਦਾ ਭਰਮ*
Next articleਗ਼ਜ਼ਲ