ਜੁਮਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ: ਬਿੱਟੂ

ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਗਏ ਕਾਂਗਰਸੀ ਆਗੂਆਂ ਦਾ ਦੁਬਾਰਾ ਕਾਂਗਰਸ ਵਿੱਚ ਆਉਣਾ ਜਾਰੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਛੱਡ ਭਾਜਪਾ ਵਿੱਚ ਗਏ ਸਾਬਕਾ ਕੌਂਸਲਰ ਤੇ ਆਗੂ ਪਰਮਿੰਦਰ ਮਹਿਤਾ ਅੱਜ ਆਪਣੇ ਸਾਥਿਆਂ ਸਣੇ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਪਿੰਡ ਝਮੇੜੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਲਖਵਿੰਦਰ ਕੌਰ ਦੇ ਪਤੀ ਸਿਕੰਦਰ ਸਿੰਘ ਅਤੇ ਪੰਚ ਸ਼ੇਰ ਸਿੰਘ ਨੇ ਕਾਂਗਰਸ ਦਾ ਪੱਲਾ ਫੜ ਲਿਆ। ਜਿਨ੍ਹਾਂ ਨੂੰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਜੀ ਆਇਆਂ ਕਿਹਾ ਗਿਆ। ਜਦਕਿ ਮਹਿਤਾ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਕੋਲ ਜਾ ਕੇ ਦੁਬਾਰਾ ਕਾਂਗਰਸ ਵਿੱਚ ਘਰ ਵਾਪਸੀ ਕੀਤੀ। ਅੱਜ ਦੇ ਚੋਣ ਪ੍ਰਚਾਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਹਲਕਾ ਗਿੱਲ ਦੀਆਂ ਪੰਚਾਇਤਾਂ ਅਤੇ ਹਲਕਾ ਦੱਖਣੀ ਵਿੱਚ ਵੋਟਰਾਂ ਦੇ ਨਾਲ ਰੱਖੀਆਂ ਮੀਟਿੰਗਾਂ ਦੌਰਾਨ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਚਾਹੀਦੀਆਂ ਹਨ। ਸਿਰਫ਼ ਜੁਮਲਿਆਂ ਨਾਲ ਦੇਸ਼ ਦੇ ਲੋਕਾਂ ਦਾ ਢਿੱਡ ਨਹੀਂ ਭਰਦਾ। ਉਨ੍ਹਾਂ ਕਿਹਾ ਕਿ ਰਾਫੇਲ ਘੁਟਾਲਾ ਜੱਗ ਜਾਹਿਰ ਹੋ ਚੁੱਕਾ ਹੈ। ਇਸ ਮੁੱਦੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਦੇ ਅੰਦਰ ਅਤੇ ਬਾਹਰ ਪ੍ਰਧਾਨ ਮੰਤਰੀ ਮੋਦੀ ਨੂੰ ਬਹਿਸ ਲਈ ਚੁਣੌਤੀ ਦਿੱਤੀ, ਪਰ ਮੋਦੀ ਨੇ ਇੱਕ ਵਾਰ ਵੀ ਹਾਂ ਨਹੀਂ ਕੀਤੀ। ਬਿੱਟੂ ਨੇ ਕਿਹਾ ਕਿ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਬਾਦਲਾਂ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਕਰਵਾਈ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ, ਗੁਰਦੇਵ ਸਿੰਘ ਲਾਪਰਾਂ, ਕਰਮਜੀਤ ਸਿੰਘ ਗਿੱਲ, ਕੌਸਲਰ ਹਰਕਰਨ ਸਿੰਘ ਵੈਦ, ਸਰਪੰਚ ਰਾਜਾ ਖੇੜੀ, ਸਰਪੰਚ ਗੁਰਜੀਤ ਸਿੰਘ ਧਾਂਦਰਾ, ਹਰਦੀਪ ਸਿੰਘ ਬਿੱਟਾ ਮੌਜੂਦ ਸਨ।

Previous articleਜੀਜੇ-ਸਾਲੇ ਨੇ ਪੰਜਾਬ ਨੂੰ ਬਰਬਾਦ ਕੀਤਾ: ਬ੍ਰਹਮਪੁਰਾ
Next articleਸੰਯੁਕਤ ਰਾਸ਼ਟਰ ਵੱਲ ਭਾਰਤ ਦੇ 3.8 ਕਰੋੜ ਡਾਲਰ ਬਕਾਇਆ