ਸਾਲ 2016 ਵਿਚ ਸਰਜੀਕਲ ਸਟਰਾਈਕ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਡੀ ਐੱਸ ਹੁੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਫ਼ੌਜ ਨੂੰ ਸਰਹੱਦ ਪਾਰ ਹਮਲਾ ਕਰਨ ਦੀ ਆਗਿਆ ਦੇਣ ਵਿਚ ਵੱਡਾ ਜਿਗਰਾ ਵਿਖਾਇਆ ਹੈ ਪਰ ਉਸ ਤੋਂ ਪਹਿਲਾਂ ਵੀ ਫ਼ੌਜ ਦੇ ਹੱਥ ਕਦੇ ਬੰਨ੍ਹੇ ਹੋਏ ਨਹੀਂ ਸਨ। ਉਹ ਇੱਥੇ ਇਸ਼ਤਿਹਾਰਾਂ ਸਬੰਧੀ ਸੰਸਥਾਵਾਂ ਵਲੋਂ ਕਰਵਾਏ ਸਾਲਾਨਾ ਸਮਾਗਮ ‘ਗੋਆ ਫੈਸਟ’ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ,‘ਮੌਜੂਦਾ ਸਰਕਾਰ ਨੇ ਸਰਹੱਦ ਪਾਰ ਜਾ ਕੇ ਸਰਜੀਕਲ ਸਟਰਾਈਕ ਤੇ ਬਾਲਾਕੋਟ ਵਿਚ ਹਵਾਈ ਹਮਲੇ ਦੀ ਆਗਿਆ ਦੇਣ ਵਿਚ ਯਕੀਨੀ ਢੰਗ ਨਾਲ ਇੱਕ ਵੱਡਾ ਰਾਜਸੀ ਜਿਗਰਾ ਵਿਖਾਇਆ ਹੈ ਪਰ ਇਸ ਤੋਂ ਪਹਿਲਾਂ ਵੀ ਸਾਡੀ ਫ਼ੌਜ ਦੇ ਹੱਥ ਬੰਨ੍ਹੇ ਨਹੀਂ ਹੋਏ ਸਨ।’ ਉਨ੍ਹਾਂ ਫ਼ੌਜੀ ਕਾਰਵਾਈਆਂ ਬਾਰੇ ਸਬੂਤ ਮੰਗਣ ਵਾਲੇ ਬਿਆਨਾਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ,‘ਕਿਰਪਾ ਕਰਕੇ ਆਪਣੇ ਸੀਨੀਅਰ ਫ਼ੌਜੀ ਅਧਿਕਾਰੀਆਂ ਉੱਤੇ ਭਰੋਸਾ ਰੱਖੋ। ਫ਼ੌਜੀ ਕਾਰਵਾਈਆਂ ਦੇ ਮਹਾਂਨਿਰਦੇਸ਼ਕ ਜਦੋਂ ਖੁੱਲ੍ਹੇ ਤੌਰ ਉੱਤੇ ਇਹ ਕਹਿੰਦੇ ਹਨ ਕਿ ਉਨ੍ਹਾਂ ਸਰਜੀਕਲ ਸਟਰਾਈਕ ਕੀਤੀ ਹੈ ਤਾਂ ਸਪੱਸ਼ਟ ਤੌਰ ਉੱਤੇ ਇਸ ਵਿਚ ਸ਼ੱਕ ਕਰਨ ਜਿਹਾ ਕੋਈ ਕਾਰਨ ਨਹੀਂ ਹੈ।’ ਸੇਵਾਮੁਕਤ ਲੈਫਟੀਨੈਂਟ ਜਨਰਲ ਨੇ ਕਿਹਾ ਕਿ ਰੱਖਿਆ ਬਲਾਂ ਨੇ ਕਦੇ ਵੀ ਸਰਕਾਰ ਦੇ ਸਮੇਂ ਵਿਚ ਕਿਸੇ ਤਰ੍ਹਾਂ ਦਾ ਰਾਜਸੀ ਦਖਲ ਨਹੀਂ ਵੇਖਿਆ ਹੈ। ਲੈਫਟੀਨੈਂਟ ਜਨਰਲ (ਸੇਵਾਮੁਕਤ) ਸ੍ਰੀ ਹੁੱਡਾ ਨੇ ਸਤੰਬਰ 2016 ਵਿਚ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਸਰਹੱਦ ਪਾਰ ਸਰਜੀਕਲ ਸਟਰਾਈਕ ਸਮੇਂ ਫ਼ੌਜ ਦੀ ਉੱਤਰੀ ਕਮਾਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ,‘(ਉੜੀ ਹਮਲੇ ਤੋਂ ਪਹਿਲਾਂ) ਪਿਛਲੇ ਇਕ ਸਾਲ ਤੋਂ ਵਿਸ਼ੇਸ਼ ਸੁਰੱਖਿਆ ਬਲਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾ ਰਿਹਾ ਸੀ… ਜੇਕਰ ਸਾਨੂੰ ਸਰਹੱਦ ਪਾਰ ਪਾਕਿਸਤਾਨ ਵਿਚ ਹਮਲਾ ਕਰਨਾ ਪਿਆ ਤਾਂ ਸਾਨੂੰ ਕੀ ਕਰਨਾ ਪਵੇਗਾ।’ ਉਨ੍ਹਾਂ ਕਿਹਾ,‘ਅਸੀਂ ਸਰਹੱਦ ਪਾਰ ਪੰਜ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕੀਤਾ। ਇਹ ਬਹੁਤ ਪੇਚੀਦਾ ਮੁਹਿੰਮ ਸੀ।’
HOME ਜੁਆਬੀ ਕਾਰਵਾਈ ਲਈ ਫ਼ੌਜ ਦੇ ਹੱਥ ਹਮੇਸ਼ਾ ਖੁੱਲ੍ਹੇ ਸਨ: ਹੁੱਡਾ