ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਮੂਹ ਨੂੰ ਅੱਜ ਅਪੀਲ ਕੀਤੀ ਕਿ ਉਹ ਆਲਮੀ ਖ਼ੁਸ਼ਹਾਲੀ ਤੇ ਸਹਿਯੋਗ ਦੇ ਨਜ਼ਰੀਏ ਨੂੰ ਪੂਰਾ ਕਰਨ ਲਈ ਆਰਥਿਕ ਟੀਚਿਆਂ ਦੀ ਥਾਂ ਮਨੁੱਖਾਂ ਨੂੰ ਕੇਂਦਰ ਵਿੱਚ ਰੱਖਣ। ਸ੍ਰੀ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਜੀ-20 ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਵਿਸ਼ਵ ਨੂੰ ਕਰੋਨਾਵਾਇਰਸ ਮਹਾਮਾਰੀ ਦੇ ਰੂਪ ਵਿੱਚ ਦਰਪੇਸ਼ ਆਲਮੀ ਸਿਹਤ ਸੰਕਟ ਨਾਲ ਨਜਿੱਠਣ ਲਈ ਨਵਾਂ ਸੰਕਟ ਪ੍ਰਬੰਧਨ ਪ੍ਰੋਟੋਕਾਲ ਤੇ ਕਾਰਜਪ੍ਰਣਾਲੀਆਂ ਵਿਕਸਤ ਕਰਨ ਦੇ ਨਾਲ ਵਿਸ਼ਵ ਸਿਹਤ ਸੰਗਠਨ ਜਿਹੀਆਂ ਜਥੇਬੰਦੀਆਂ ਦੀਆਂ ਸਮਰਥਾਵਾਂ ਨੂੰ ਹੁਲਾਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੀ-20 ਮੁਲਕ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਖਾਸ ਕਰਕੇ ਗ਼ਰੀਬ ਮੁਲਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਘਟਾਉਣ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਹੁਣ ਤਕ 21000 ਲੋਕ ਕਰੋਨਾਵਾਇਸ ਦੀ ਭੇਟ ਚੜ੍ਹ ਚੁੱਕੇ ਹਨ ਤੇ 4.70 ਲੱਖ ਲੋਕ ਲਾਗ ਨਾਲ ਪੀੜਤ ਹਨ।