ਨਵੀਂ ਦਿੱਲੀ, (ਸਮਾਜ ਵੀਕਲੀ) ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਨੂੰ ਮਾੜੇ ਕਾਨੂੰਨ ਵਿਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਭਿਆਨਕ ਟੈਕਸ ਦਰ ਨਾਲ ਨੋਟੀਫਾਈ ਕੀਤਾ ਗਿਆ ਹੈ। ਚਿਦੰਬਰਮ ਨੇ ਕਿਹਾ ਕਿ ਜੀਐੱਸਟੀ ਇਕ ਚੰਗੇ ਕਦਮ ਵਜੋਂ ਸ਼ੁਰੂ ਹੋਇਆ ਸੀ ਤੇ ਭਾਜਪਾ ਨੇ ਇਸ ਨੂੰ ਬੁਰੇ ਕਾਨੂੰਨ ਵਿਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਹੈ ਤੇ ਨਾਲ ਹੀ ਟੈਕਸ ਇਕੱਠਾ ਕਰਨ ਵਾਲੇ ਅਧਿਕਾਰੀ ਸ਼ੱਕ ਦੇ ਅਧਾਰ ’ਤੇ ਹਰ ਕਾਰੋਬਾਰੀ ਦੇ ਪਿੱਛੇ ਪਏ ਹੋਏ ਹਨ ਤੇ ਜੀਐੱਸਟੀ ਕੌਂਸਲ ਮਹਿਜ਼ ਗੱਲਾਂ ਕਰਨ ਜੋਗੀ ਰਹਿ ਗਈ ਹੈ।
ਚਿਦੰਬਰਮ ਨੇ ਨਾਲ ਹੀ ਕਿਹਾ ਕਿ ਜੀਐੱਸਟੀ ਲਾਗੂ ਕਰਨ ਵਾਲੀ ਕਮੇਟੀ, ਜਿਸ ਵਿਚ ਅਧਿਕਾਰੀ ਵੀ ਸ਼ਾਮਲ ਹਨ, ਕੁੱਤੇ ਦੀ ਪੂਛ ਵਾਂਗ ਬਣ ਗਈ ਹੈ ਤੇ ਵਿੱਤ ਮੰਤਰੀ ‘ਮੰਤਰੀਆਂ ਦੇ ਸਮੂਹ’ (ਜੀਓਐਮ) ਨੂੰ ਐਨਡੀਏ ਦਾ ਅੰਗ ਮੰਨਦੇ ਹਨ। ਜ਼ਿਕਰਯੋਗ ਹੈ ਕਿ ਜੀਐੱਸਟੀ ਕੌਂਸਲ ਨੇ ਇਕ ਅੱਠ ਮੈਂਬਰਾਂ ਦੀ ਕਮੇਟੀ (ਜੀਓਐਮ) ਬਣਾਈ ਹੈ ਜਿਸ ਵਿਚ ਕਾਂਗਰਸ ਦੀ ਸੱਤਾ ਵਾਲੇ ਸੂਬਿਆਂ ਦਾ ਕੋਈ ਮੈਂਬਰ ਸ਼ਾਮਲ ਨਹੀਂ ਹੈ। ਇਹ ਕਮੇਟੀ ਕਰੋਨਾ ਨਾਲ ਸਬੰਧਤ ਜ਼ਰੂਰੀ ਵਸਤਾਂ ਨੂੰ ਟੈਕਸ ਤੋਂ ਰਾਹਤ ਦੇਣ ਲਈ ਬਣਾਈ ਗਈ ਹੈ।
ਕਾਂਗਰਸ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਅਸ਼ੋਕ ਗਹਿਲੋਤ (ਰਾਜਸਥਾਨ) ਤੇ ਭੁਪੇਸ਼ ਬਘੇਲ (ਛੱਤੀਸਗੜ੍ਹ) ਵੀ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਸਵਾਲ ਉਠਾ ਚੁੱਕੇ ਹਨ ਕਿ ‘ਜੀਓਐਮ’ ਵਿਚ ਕਾਂਗਰਸੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਬਘੇਲ ਨੇ ਕਿਹਾ ਕਿ ਅਜਿਹਾ ਕਰਨਾ ‘ਸਹਿਕਾਰੀ ਸੰਘਵਾਦ ਦੀ ਭਾਵਨਾ’ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਮੰਤਰੀ ਕੌਂਸਲ ਦੇ ਮੈਂਬਰ ਹਨ ਤੇ ‘ਜੀਓਐਮ’ ਵਿਚ ਵੀ ਥਾਂ ਮਿਲਣੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly