(ਸਮਾਜ ਵੀਕਲੀ)
ਜੀਅ ਕਰਦਾ ਅੱਜ ਰੋਈ ਜਾਵਾਂ,
ਹੰਝੂਆ ਨਾਲ਼ ਮੂੰਹ ਧੋਈ ਜਾਵਾਂ।
ਪਾ ਕੇ ਪਰਦੇ ਹਾਸਿਆਂ ਦੇ,
ਦਰਦ ਵਿਛੋੜੇ ਦਾ ਢੋਈ ਜਾਵਾਂ।
ਜੀਅ ਕਰਦਾ….
ਇਸ਼ਕ ਇਸ਼ਕ ਇਹ ਇਸ਼ਕ ਮਜਾਜ਼ੀ,
ਨਾਂ ਕੁੱਝ ਪੱਲੇ ਛੱਡਦਾ ਭਾਜੀ।
ਜ਼ੋਰ ਨਾਂ ਉੱਥੇ ਚਲਦਾ ਕੋਈ,
ਦਿਲ ਜਿੱਥੇ ਹੋ ਜਾਵੇ ਰਾਜ਼ੀ।
ਭੇਦ ਪਿਆਰ ਦੇ ਡੂੰਘੇ ਡਾਹਢੇ,
ਜੱਗ ਚੰਦਰੇ ਤੋਂ ਲਕੋਈ ਜਾਵਾਂ।
ਜੀਅ ਕਰਦਾ……
ਇੱਕ ਪਲ਼ ਹੱਸਾ ਇੱਕ ਪਲ਼ ਰੋਵਾਂ,
ਕਿਹੜਾ ਕਿਹੜਾ ਜਖ਼ਮ ਲਕੋਵਾਂ।
ਜਾਗਦਿਆਂ ਨਾਂ ਸੁਪਨੇ ਸੋਂਹਦੇ,
ਨੀਂਦ ਬਿਨਾਂ ਕਿੰਝ ਖੁਆਬੀਂ ਖੋਵਾਂ।
ਮੁੱਖੜਾ ਓਹਦਾ ਮਨ ਵਿੱਚ ਵਸਿਆ,
ਯਾਦਾਂ ਦੇ ਵਿੱਚ ਖੋਈ ਜਾਵਾਂ।
ਜੀਅ ਕਰਦਾ……
ਨਾਂ ਉਹ ਦੱਸੇ ਨਾਂ ਮੈਂ ਪੁੱਛਾਂ,
ਕਦੇ ਓਹ ਰੁੱਸੇ ਕਦੇ ਮੈਂ ਰੁੱਸਾਂ।
ਇੱਕ ਦੂਜੇ ਨੂੰ ਫ਼ੇਰ ਮਨਾਈਏ,
ਛੱਡ ਕੇ ਸਾਰਾ ਝੂਠਾ ਗੁੱਸਾ।
ਆਵਣ ਆਸ ਓਹਦੀ ਦੇ ਸਦਕੇ,
ਦਰ ਤੇ ‘ਧੀਮਾਨ’ ਤੇਲ ਚੋਈ ਜਾਵਾਂ।
ਜੀਅ ਕਰਦਾ ਅੱਜ ਰੋਈ ਜਾਵਾਂ,
ਹੰਝੂਆਂ ਨਾਲ ਮੂੰਹ ਧੋਈ ਜਾਵਾਂ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ,ਲੁਧਿਆਣਾ।
ਸੰ:9464633059