ਲੋਕ ਸਭਾ ਹਲਕਾ ਬਠਿੰਡਾ ਤੋਂ ਹਾਰ ਚੁੱਕੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਨਹੀਂ ਜਿੱਤਿਆ।ਅਕਾਲੀ ਦਲ ਤਾਂ ਬਾਕੀ ਸਾਰੇ ਪੰਜਾਬ ਵਿਚੋਂ ਹਾਰ ਚੁੱਕਾ ਹੈ।ਇੰਨ੍ਹਾਂ ਸੀਟਾਂ ਤੋਂ ਸਿਰਫ਼ ਉਹ ਧਨਾਢ ਬਾਦਲ ਪਰਿਵਾਰ ਜਿੱਤਿਆ ਹੈ ਜਿਸ ਨੇ ਸੱਠ ਸਾਲ ਪੰਜਾਬ ਨੂੰ ਲੁੱਟਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੀ ਚੜ੍ਹਦੀ ਕਲਾ ਲਈ ਸਥਾਨਕ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ ਅਖੰਡ ਪਾਠ ਦੇ ਭੋਗ ਸਮੇਂ ਇੱਥੇ ਆਏ ਸਨ। ਜਿੱਥੋਂ ਉਨ੍ਹਾਂ ਬਠਿੰਡਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਧੰਨਵਾਦੀ ਦੌਰੇ ਦੀ ਸ਼ੁਰੂਆਤ ਵੀ ਕੀਤੀ। ਭੋਗ ਸਮੇਂ ਮਸਤੂਆਣਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਤੇਜਾ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਅਰਦਾਸ ਕਰਨ ਉਪਰੰਤ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵਿਚੋਂ ਬਾਬਾ ਕਾਕਾ ਸਿੰਘ ਨੇ ਰਾਜਾ ਵੜਿੰਗ, ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪੇ ਭੇਟ ਕੀਤੇ। ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਬਠਿੰਡਾ ਹਲਕੇ ਦੇ ਵੋਟਰਾਂ ਦਾ ਬੇਹੱਦ ਰਿਣੀ ਹੈ।ਜ਼ਿੰਨ੍ਹਾਂ ਨੇ ਉਸ ਨੂੰ ਮਾਣ-ਸਤਿਕਾਰ ਤੇ ਪੂਰਨ ਸਹਿਯੋਗ ਦਿੱਤਾ।ਵੀਹ ਕੁ ਹਜ਼ਾਰ ਵੋਟਾਂ ’ਤੇ ਕੋਈ ਵੱਡੀ ਜਿੱਤ-ਹਾਰ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਦੜਬਾਹਾ ਅਤੇ ਬਠਿੰਡਾ ਹਲਕਾ ਉਸਦੇ ਆਪਣੇ ਹਨ।ਇਸ ਲਈ ਉਹ ਦੋਵਾਂ ਹਲਕਿਆਂ ਦੇ ਲੋਕਾਂ ਨਾਲ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ। ਇੱਕ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਬਠਿੰਡਾ ਜਾਂ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਜਿੱਤ ਨਹੀਂ ਹੋਈ।ਅਕਾਲੀ ਦਲ ਤਾਂ ਬਾਕੀ ਸਾਰੇ ਪੰਜਾਬ ਵਿੱਚੋਂ ਹਾਰ ਚੁੱਕਾ ਹੈ।ਇਹ ਜਿੱਤ ਤਾਂ ਸੱਠ ਸਾਲ ਪੰਜਾਬ ਨੂੰ ਲੁੱਟ ਕੇ ਪਾਪਾਂ ਦੀ ਕਮਾਈ ਇਕੱਠੀ ਕਰਕੇ ਸਰਮਾਏਦਾਰ ਬਣੇ ਬਾਦਲ ਪਰਿਵਾਰ ਦੀ ਹੋਈ ਹੈ।ਆਪਣੀ ਜਿੱਤ ਲਈ ਬਾਦਲ ਪਰਿਵਾਰ ਨੇ ਬਾਕੀ ਸਾਰੀਆਂ ਸੀਟਾਂ ਨੂੰ ਅਣਗੌਲਿਆ ਕਰਕੇ ਦਿੱਲੀ ਤੱਕ ਦੀ ਸਾਰੀ ਤਾਕਤ ਇੰਨ੍ਹਾਂ ਦੋ ਹਲਕਿਆਂ ਵਿੱਚ ਲਗਾਈ।ਉਨ੍ਹਾਂ ਂ ਕਿਹਾ ਕਿ ਜਿੱਤਾਂ-ਹਾਰਾਂ ਤਾਂ ਹੁੰਦੀਆਂ ਹੀ ਆਈਆਂ ਹਨ,ਪਰ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣੇ ਹੀ ਕਰ ਦੇਣ।
INDIA ਜਿੱਤ ਅਮੀਰ ਬਾਦਲਾਂ ਦੀ ਹੈ,ਅਕਾਲੀ ਦਲ ਤਾਂ ਹਾਰ ਚੁੱਕੈ: ਰਾਜਾ ਵੜਿੰਗ