(ਯਾਦਾਂ ਦੇ ਝਰੋਖੇ ਚੋਂ)
(ਸਮਾਜ ਵੀਕਲੀ)
ਮੈਂ ਅਕਸਰ ਉਹਦੇ ਖਿਆਲਾਂ ਵਿੱਚ ਗੁਆਚ ਜਾਂਦੀ ਹਾਂ। ਭਲਾ ਕੌਣ ਸੀ ਉਹ? ਕੀ ਲੱਗਦੀ ਸੀ ਮੇਰੀ? ਕੁਝ ਵੀ ਤਾਂ ਨਹੀਂ। ਸਕੂਲ ਵਿੱਚ ਨਾਲ਼ ਹੀ ਪੜਾਉਂਦੀ ਸੀ। ਬੱਸ ਇੱਕ ਦੋਸਤ ਸੀ, ਉਹ ਵੀ ਸਿਰਫ਼ ਤਿੰਨ ਕੁ ਸਾਲ ਤੋਂ।
ਪਰ ਇਹਨਾਂ ਤਿੰਨਾਂ ਕੁ ਸਾਲਾਂ ਵਿੱਚ ਕਿੰਨਾ ਬਦਲ ਗਈ ਸਾਂ ਮੈਂ। ਅਜੀਬ ਜਿਹਾ ਰਿਸ਼ਤਾ ਸੀ ਉਹਦਾ ਮੇਰੇ ਨਾਲ਼। ਪਤਾ ਨਹੀਂ ਕਿਉਂ ਇੰਨਾ ਮੋਹ ਕਰਦੀ ਸੀ।
ਮੈਂ ਗੱਲ- ਗੱਲ ਤੇ ਖਿੱਝੀ ਰਹਿੰਦੀ ਸਾਂ, ਦੁੱਖੀ ਜਿਹੀ ਰਹਿੰਦੀ ਸਾਂ।
ਹਰ ਵੇਲੇ ਕਲਪਦੀ ਰਹਿੰਦੀ ਸਾਂ। ਕਲਪਦੀ ਵੀ ਕਿਓਂ ਨਾਂ? ਪੇਕੀ ਸਾਂ ਤਾਂ ਵੀਰ ਖੋਹ ਲਏ ਰੱਬ ਨੇ,ਤੇ ਸਹੁਰੀਂ ਆਈ ਤਾਂ ਦੋ ਬੱਚੇ ਮੋੜ ਕੇ ਲੈ ਲਏ।
ਪਰ ਉਸਦੀ ਸੋਚ ਵੱਖਰੀ ਸੀ,ਆਖਦੀ ਕਿ ਜੋ ਨਹੀਂ ਮਿਲਿਆ ਉਹਨੂੰ ਕੀ ਰੋਈ ਜਾਣਾ, ਜੋ ਮਿਲਿਆ, ਉਹਦਾ ਸ਼ੁਕਰ ਕਰਿਆ ਕਰ।
ਤੇ ਫ਼ਿਰ ਇੰਝ ਹੀ ਹੋਇਆ, ਮੈਂ ਸ਼ੁਕਰ ਕਰਨਾ ਸਿੱਖ ਲਿਆ, ਹੱਸਣਾ ਸਿੱਖ ਲਿਆ। ਮੁੱਖ ਤੇ ਨੂਰ ਆ ਗਿਆ। ਮੂੰਹ- ਮੱਥਾ ਸੁਆਰਨ ਲੱਗ ਗਈ, ਪਤਾ ਸੀ ਕਿ ਜੇ ਸੋਹਣੀ ਬਣ ਕੇ ਨਾਂ ਗਈ ਤਾਂ ਝਿੜਕਾਂ ਪੈਣਗੀਆਂ।
ਓਹ ਆਪ ਵੀ ਹੱਸਦੀ ਰਹਿੰਦੀ ਤੇ ਮੈਨੂੰ ਵੀ ਹਸਾਉਂਦੀ ਰਹਿੰਦੀ। ਆਪਣੇ ਰੋਟੀ ਵਾਲ਼ੇ ਡੱਬੇ ‘ਚੋਂ ਮੈਨੂੰ ਖਵਾਉਂਦੀ ਤੇ ਆਪ ਵੀ ਮੇਰੀ ਰੋਟੀ ਖਾ ਲੈਂਦੀ। ਘਰੇ ਕੋਈ ਖਾਸ ਚੀਜ਼ ਬਣਦੀ ਤਾਂ ਦੋਵੇਂ ਇੱਕ ਦੂਜੇ ਵਾਸਤੇ ਲੈ ਕੇ ਆਉਂਦੀਆਂ। ਪਿਆਰ ਗੂੜ੍ਹਾ ਪੈ ਗਿਆ ਜਿਵੇਂ ਸਕੀਆਂ ਭੈਣਾਂ ਹੋਣ।
ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਅਖੇ ਉਹਦੀਆਂ ਓਹੀ ਜਾਣੇ। ਮੇਰੀ ਖਿੜ ਖਿੜ ਹੱਸਣ ਵਾਲੀ ਭੈਣ ਨੂੰ ਇੱਕ ਜਾਨਲੇਵਾ ਬਿਮਾਰੀ ਆ ਲੱਗੀ। ਹੱਸਦੀ ਖੇਡਦੀ ਨੂੰ ਬਿਪਤਾ ਨੇ ਘੇਰ ਲਿਆ।
ਮੈਨੂੰ ਪਤਾ ਲਗਿਆ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹਦੇ ਘਰ ਪਹੁੰਚ ਗਈ। ਪਹਿਲੀ ਵਾਰ ਉਹਨੂੰ ਇੰਝ ਪਿਆਂ ਵੇਖਿਆ। ਦੇਖ ਕੇ ਦਿਲ ਨੂੰ ਧੂਹ ਪੈ ਗਈ। ਦੋਵੇਂ ਰੱਜ-ਰੱਜ ਰੋਈਆਂ। ਫ਼ਿਰ ਆਖਣ ਲੱਗੀ ਰੋਂਦੀ ਕਿਓਂ ਹੈਂ, ਮੈਨੂੰ ਕੀ ਹੋਇਆ, ਠੀਕ ਹੋ ਜਾਣਾ ਮੈ। ਮੈਂ ਵੀ ਹੁੰਗਾਰਾ ਭਰਿਆ। ਅੱਖਾਂ ਸਾਫ਼ ਕੀਤੀਆਂ। ਕੋਈ ਨੀਂ ਅੱਜ ਕੱਲ੍ਹ ਬਥੇਰੇ ਇਲਾਜ਼ ਹੈਗੇ। ਠੀਕ ਹੋ ਜਾਣਾ ਜਲਦੀ। ਘਾਬਰਿਓ ਨਾਂ, ਕੁਝ ਨੀ ਹੁੰਦਾ।
ਫ਼ਿਰ ਸ਼ੁਰੂ ਹੋਇਆ ਓਹ ਸਿਲਸਿਲਾ ਜਿਹੜਾ ਖ਼ਤਮ ਹੀ ਨਾ ਹੋਇਆ।
ਕਦੇ ਦੇਸੀ ਦਵਾਈ ਕਦੇ ਅੰਗਰੇਜ਼ੀ, ਕਦੇ ਹਸਪਤਾਲ਼ ਤੇ ਕਦੇ ਘਰ, ਬੇਹਾਲ ਜਿਹੀ ਹੋ ਗਈ। ਜਦੋਂ ਦਿਲ ਉਦਾਸ ਹੁੰਦਾ ਫੋਨ ਕਰਦੀ,ਆ ਕੇ ਮਿਲ ਜਾ, ਮੇਰਾ ਦਿਲ ਜਿਹਾ ਨੀ ਲੱਗਦਾ। ਮੈਂ ਵੀ ਝੱਟ ਪਹੁੰਚ ਜਾਂਦੀ। ਵੇਖ਼ ਕੇ ਹੱਸ ਪੈਂਦੀ, ਮੇਰਾ ਹੱਥ ਫੜ ਕੇ ਕਿੰਨੀ ਦੇਰ ਗੱਲਾਂ ਕਰਦੀ ਰਹਿੰਦੀ। ਸਮੇਂ ਦਾ ਪਤਾ ਹੀ ਨਾ ਲੱਗਦਾ। ਫ਼ਿਰ ਘਰ ਆਕੇ ਵੀ ਸੋਚਦੀ ਰਹਿੰਦੀ ਕਿ ਹਰ ਵੇਲੇ ਖਿੜ ਖਿੜ ਹੱਸਣ ਵਾਲੀ ਨੇ ਇੰਨਾ ਦਰਦ ਕਿੱਥੇ ਲੁਕਾ ਰੱਖਿਆ ਸੀ।
ਉਹਦੇ ਸਾਹਮਣੇ ਹਮੇਸ਼ਾ ਇਹੀ ਕਹਿਣਾ ਕਿ ਕੋਈ ਨੀਂ, ਛੇਤੀ ਠੀਕ ਹੋ ਜਾਣਾ। ਪਰ ਆਪ ਨੂੰ ਹਰ ਵੇਲੇ ਉਹਦੇ ਦੂਰ ਹੋ ਜਾਣ ਦਾ ਡਰ ਲੱਗਿਆ ਰਹਿੰਦਾ। ਹਸਪਤਾਲ ਵਿੱਚ ਵੀ ਸਭ ਨਾਲ ਹੱਸ ਕੇ ਬੋਲਦੀ।ਪਿਆਰ ਹੀ ਪਿਆਰ ਭਰਿਆ ਸੀ ਉਹਦੇ ਅੰਦਰ। ਫਿਰ ਹੌਲ਼ੀ ਹੌਲ਼ੀ ਕਮਜ਼ੋਰ ਹੋ ਗਈ।
ਮੈਂ ਕਹਿਣਾ ਕਿ ਕੁਝ ਖਾਇਆ ਪੀਆ ਕਰੋ, ਤਾਂ ਹੀ ਸਿਹਤ ਬਣਨੀ, ਉਨ੍ਹਾਂ ਅੱਗੋਂ ਬੇਬਸੀ ਜਿਹੀ ਨਾਲ਼ ਆਖਣਾ ਕਿ ਕੀ ਕਰਾਂ ਕੁਝ ਸੁਆਦ ਹੀ ਨਹੀਂ ਲਗਦਾ, ਮੂੰਹ ਕੌੜਾ ਹੋਇਆ ਪਿਆ।
ਫ਼ਿਰ ਉੱਠਣ ਬੈਠਣ ਵਿੱਚ ਵੀ ਮੁਸ਼ਕਿਲ ਹੋਣ ਲੱਗੀ। ਹਸਪਤਾਲ਼ ਵਿੱਚੋਂ ਵੀ ਜਵਾਬ ਮਿਲ ਗਿਆ, ਪਰ ਘਰਦਿਆਂ ਨੇ ਛੁੱਟੀ ਨਾਂ ਦਵਾਈ ਕਿ ਖ਼ਬਰੇ ਘਰ ਜਾ ਕੇ ਕੁਝ ਹੋ ਨਾ ਜਾਵੇ। ਆਖ਼ਰੀ ਵਾਰੀ ਜਦ ਮਿਲਣ ਗਈ ਤਾਂ ਜ਼ਿਆਦਾ ਸੁਰਤ ਨਹੀਂ ਸੀ ਪਰ ਫੇਰ ਵੀ ਮੈਨੂੰ ਪਛਾਣ ਲਿਆ। ਓਹੀ ਮੁਸਕਾਨ, ਓਹੀ ਪਿਆਰ। ਮੇਰਾ ਹੱਥ ਫੜ ਲਿਆ। ਕਿੰਨੀ ਦੇਰ ਕੋਲ਼ ਬੈਠੀ ਰਹੀ ਸਾਂ। ਬੋਲਿਆ ਨਹੀਂ ਜਾ ਰਿਹਾ ਸੀ ਉਨ੍ਹਾਂ ਤੋਂ ਤੇ ਮੇਰੀ ਵੀ ਜੀਭ ਤਾਲੂਏ ਨਾਲ਼ ਜਾ ਲੱਗੀ ਸੀ।
ਕੁਝ ਦਿਨ ਬਾਅਦ ਸੁਨੇਹਾ ਆ ਗਿਆ ਕਿ ਤੁਰ ਗਈ ਉਹ, ਦੁਨੀਆਂ ਤੋਂ। ਮਨ ਬਹੁਤ ਉਦਾਸ ਹੋਇਆ। ਪਰ ਸੰਸਕਾਰ ਤੇ ਜਾਣ ਦੀ ਹਿੰਮਤ ਨਾਂ ਕਰ ਸਕੀ।
ਕਿਰਿਆ ਤੇ ਗਈ ਸਾਂ। ਐਡੀ ਵੱਡੀ ਫੋਟੋ ਹੱਸਦੀ ਦੀ ਸਾਹਮਣੇ ਰੱਖੀ ਹੋਈ ਜਿਵੇਂ ਹੁਣੇ ਬੋਲ ਪਏਗੀ ਤੇ ਮੈਨੂੰ ਆਖੇਗੀ ਕਿ ਮੂੰਹ ਕਿਓਂ ਬਣਾਇਆ ਹੋਇਆ।
ਥੋੜੀ ਦੇਰ ਬੈਠ ਕੇ ਆ ਗਈ ਸਾਂ।ਮੌਤਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਮੈਂ, ਪਰ ਜਿੰਦਗੀ ਦੀ ਮੌਤ ਪਹਿਲੀ ਵਾਰ ਵੇਖੀ ਸੀ।
ਅੱਜ ਵੀ ਮੇਰੇ ਖਿਆਲਾਂ ਵਿੱਚ ਆਉਂਦੀ ਏ, ਹੱਸਦੀ- ਖੇਡਦੀ, ਬੱਚਿਆਂ ਵਾਂਗ ਵਿਚਰਦੀ ਰਹਿੰਦੀ ਹੈ। ਕਦੇ ਲੱਗਦਾ ਹੀ ਨਹੀਂ ਕਿ ਉਹ ਨਹੀਂ ਹੈ। ਸੱਚਮੁੱਚ ਕਦੇ ਨਹੀਂ ਲਗਦਾ।
ਪਰਮਾਤਮਾ ਉਨ੍ਹਾਂ ਦੀ ਪਿਆਰੀ ਰੂਹ ਨੂੰ ਚਰਨਾਂ ‘ਚ ਨਿਵਾਸ ਦੇਵੇ!
ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly