(ਸਮਾਜ ਵੀਕਲੀ)
ਬਾਅਦ ਦੁਪਹਿਰੇ, ਆਖਿਰ ‘ਨ੍ਹੇਰਾ ਆਉਣਾ ਹੁੰਦਾ ਹੈ।
ਤਾਰਿਆਂ ਚਾਨਣ, ਸੂਰਜ ਹੱਥ ਫੜਾਉਣਾ ਹੁੰਦਾ ਹੈ।
ਕਿੰਝ ਕੱਢੋਗੇ ਅੱਥਰੂ, ਮੁੱੜ੍ਹਕਾ ਛਾਲੇ ਜਿੰਦਗੀ ‘ਚੋਂ
ਇਹਨਾਂ ਹੀ ਤਾਂ ਨੀਂਹ ਨੂੰ ਸਖਤ ਬਣਾਉਣਾ ਹੁੰਦਾ ਹੈ।
ਛੱਲੀਆਂ ਵਰਗੀ, ਸਿੱਧੀ ਜਿੰਦਗੀ ਛੇਤੀ ਖਿੱੜ ਜਾਂਦੀ,
ਤਪਦੇ ਤੇਲ ਜਲੇਬੀ ਨੂੰ ਕਰੜਾਉਣਾ ਹੁੰਦਾ ਹੈ।
ਸੌਖੇ ਰਾਹ ਜੋ ਚੁਣਦੇ, ਪਿੱਛੋਂ ਔਖੇ ਹੁੰਦੇ ਨੇ,
ਵੇਲ੍ਹਾਂ ਨੂੰ ਹੀ ‘ਨੇਰ੍ਹੀਆਂ ਨੇ, ਪਟਕਾਉਣਾ ਹੁੰਦਾ ਹੈ।
ਟੱਲੀ ਨੇਤਾ, ਜਨਤਾ ਨੂੰ ਬਸ ਝੱਲੀ ਮੰਨਦੇ ਨੇ,
ਪਾੜ੍ਹ ਮਖੌਟਾ ਸ਼ੀਸ਼ਾ ਸਾਫ਼ ਦਿਖਾਉਣਾ ਹੁੰਦਾ ਹੈ।
ਚਾਰ ਚੁਫ਼ੇਰੇ ਫੋਕੇ, ਲਾਰੇ, ਜੁਮਲੇ, ਵਾਅਦੇ, ਦਾਅਵੇ,
ਇਸ਼ਕ, ਸਿਆਸਤ ਵਿੱਚ ਵੀ ਕੁੱਝ ਟੁੱਣਕਾਉਣਾ ਹੁੰਦਾ ਹੈ।
ਗ਼ਲਤਫਹਿਮੀਆਂ ਰਿਸ਼ਤੇ ਵਿੱਚ ਖਟਾਸ ਭਰਦੀਆਂ ਨੇ,
ਤਾਹੀਉਂ ਜਲਦੀ ਮਸਲੇ ਨੂੰ ਸੁਲਝਾਉਣਾ ਹੁੰਦਾ ਹੈ।
ਸ਼ਿਕਵੇ ਗਿਲ੍ਹੇ ਕਿਉਂ ਕਰਨੇ ‘ਰੱਤੜਾ’ ਝੁੱਰਕੇ ਗੈਰਾਂ ਤੇ,
ਯਾਰਾਂ ਦਿੱਤਾ ਜ਼ਹਿਰ ਵੀ ਕਦੇ, ਪਚਾਉਣਾ ਹੁੰਦਾ ਹੈ ।