(ਸਮਾਜ ਵੀਕਲੀ)
ਹੱਥੀਂ ਲਾ ਕੇ ਬੂਟਾ ਖੁਦ ਹੀ ਪੱਟ ਰਹੇ।
ਬਿਨ ਮਤਲਵ ਦੀ ਬਦਨਾਮੀ ਨੇ ਖੱਟ ਰਹੇ।
ਕੱਲ ਤਰਸਣਗੇ ਲੋਕ ਹਵਾਵਾਂ ਚੰਗੀਆਂ ਨੂੰ।
ਚੁੱਕ ਕੁਹਾੜਾ ਅੱਜ ਜੋ ਰੁੱਖ ਨੇ ਕੱਟ ਰਹੇ।
ਗਿਣਤੀ ਵਧਦੀ ਜਾਵੇ ਜ਼ਾਲਮ ਬੰਦਿਆਂ ਦੀ।
ਪਰਉਪਕਾਰ ਹੈ ਕਰਨ ਵਾਲੇ ਨਿੱਤ ਘੱਟ ਰਹੇ।
ਬੇਸ਼ੱਕ ਧੋਖੇਬਾਜ਼ ਲੁਟੇਰੇ ਬਣ ਕੇ ਲੁੱਟ ਦੇ ਨੇ।
ਅੰਤ ਸਮੇਂ ਲਈ ਜਾਨ ਨੂੰ ਰੱਸੇ ਵੱਟ ਰਹੇ।
ਖਾਣ ਖੱਟਣ ਨੂੰ ਕੁਝ ਨਾ ਸ਼ੋਰ ਮਚਾਉਂਦੇ ਨੇ।
ਟਾਊਟ ਨੇਤਾਵਾਂ ਦੇ ਬਣ ਕੌਲੀ ਚੱਟ ਰਹੇ।
ਮਨਮਰਜ਼ੀ ਦੀ ਬੋਲੀ ਲਾਉਣ ਵਪਾਰੀ ਪਏ।
ਬੋਹਲ ਦੇ ਕੋਲ ਖਲੋਤਾ ਰੋਂਦਾ ਜੱਟ ਰਹੇ।
ਪੈਸਾ ਪਾਣੀ ਵਾਂਗ ਵਹਾਉਂਦੇ ਨੇਤਾ ਅਪਣੇ ਤੇ।
ਲੋਕ ਹਿਤੈਸ਼ੀ ਕੰਮਾਂ ਤੋਂ ਨੇ ਪਾਸਾ ਵੱਟ ਰਹੇ।
ਮੋਹਰੀ ਬਣ ਬਣ ਤੁਰਦੇ ਲੋਕੀ ਮਾੜੇ ਪਾਸੇ ਨੂੰ।
ਚੰਗੇ ਵੰਨੀਉਂ ‘ਬੁਜ਼ਰਕ’ ਪਿੱਛੇ ਹੱਟ ਰਹੇ।
ਹਰਮੇਲ ਸਿੰਘ ਬੁਜ਼ਰਕੀਆ
ਮੌ:-94175-97204
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly