ਜਿਹੜੇ ਕਹਿੰਦੇ ਸੀ ਸੂਰਜ ਬਣਾ ਕੇ ਛੱਡਾਂਗੇ, ਉਹ ਦੀਵੇ ਬਣਾ ਕੇ ਹੰਭ ਗਏ

ਬਠਿੰਡਾ– ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਇਸ ਹਲਕੇ ਨੂੰ ਵਿਧਾਨ ਸਭਾ ਚੋਣਾਂ ਮੌਕੇ ਜੋ ਖ਼ੁਆਬ ਦਿਖਾਏ ਸਨ ਉਹ ਹਾਲੇ ਤੱਕ ਪੂਰੇ ਨਹੀਂ ਹੋਏ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਿਕਾਸ ਪ੍ਰਾਜੈਕਟਾਂ ’ਤੇ ਧੂੜ ਜੰਮ ਚੁੱਕੀ ਹੈ। ਕੈਪਟਨ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਤੋਂ ਨਾ ਧੂੜ ਝਾੜੀ ਅਤੇ ਨਾ ਹੀ ਫੰਡ ਦਿੱਤੇ। ਬਠਿੰਡਾ ’ਚ ਨਵਾਂ ਏਸੀ ਬੱਸ ਅੱਡਾ ਬਣਨ ਦਾ ਰੌਲਾ ਰੱਪਾ 2009 ਤੋਂ ਸ਼ੁਰੂ ਹੋਇਆ ਤੇ ਨੀਂਹ ਪੱਥਰ ਬੀਬੀ ਹਰਸਿਮਰਤ ਨੇ 13 ਦਸੰਬਰ 2016 ਨੂੰ ਰੱਖਿਆ। ਪਹਿਲਾਂ ਸੱਤ ਮੰਜ਼ਿਲਾਂ, ਫਿਰ ਪੰਜ ਤੇ ਹੁਣ ਤਿੰੰਨ ਮੰਜ਼ਿਲਾਂ ਦਾ ਡਿਜ਼ਾਈਨ ਬਣਾਇਆ ਹੈ।
ਫੌ਼ਜ ਦੇ ਇਤਰਾਜ਼ ਹਾਲੇ ਦੂਰ ਨਹੀਂ ਹੋਏ। ਹੁਣ ਮਿੱਟੀ ਦੀ ਜਾਂਚ ਕਰਾਉਣ ਦੇ ਟੈਂਡਰ ਹੋਏ ਹਨ। ਨਗਰ ਸੁਧਾਰ ਟਰੱਸਟ ਨੇ ਨਵਾਂ ਅੱਡਾ ਬਣਾਉਣਾ ਹੈ। 50 ਕਰੋੜ ਦੇ ਫੰਡ ਲੋੜੀਂਦੇ ਹਨ। ਸ਼ਹਿਰ ’ਚ ਭੀੜ ਭੜੱਕਾ ਘਟੇ ਤੇ ਇਸ ਲਈ ਬਹੁਮੰਜ਼ਿਲਾ ਪਾਰਕਿੰਗ ਦੀ ਯੋਜਨਾ ਸੀ। ਨੀਂਹ ਪੱਥਰ ਬੀਬੀ ਬਾਦਲ ਨੇ ਦਸੰਬਰ 2016 ’ਚ ਰੱਖਿਆ। ਸਰਕਾਰੀ ਸਕੂਲ ਤੋਂ ਜਗ੍ਹਾ ਵੀ ਲੈ ਲਈ। ਨਗਰ ਨਿਗਮ ਕੋਲ ਫੰਡ ਨਹੀਂ ਤੇ ਹੁਣ ਬਠਿੰਡਾ ਵਿਕਾਸ ਅਥਾਰਿਟੀ ਹਵਾਲੇ ਪ੍ਰਾਜੈਕਟ ਹੈ, ਜਿਸ ਨੂੰ 28 ਕਰੋੋੜ ਦੇ ਫੰਡਾਂ ਦੀ ਲੋੜ ਹੈ। ਫੰਡ ਮਿਲ ਨਹੀਂ ਰਹੇ, ਪ੍ਰਾਜੈਕਟਾਂ ਲਟਕਿਆ ਗਿਆ ਹੈ।
ਬਠਿੰਡਾ ਨਹਿਰ ’ਤੇ ਬੀਡੀਏ ਐਨਕਲੇਵ ਵਾਸਤੇ ਨਵਾਂ ਪੁਲ 3.50 ਕਰੋੜ ਰੁਪਏ ਨਾਲ ਬਣਨਾ ਸੀ। ਬੀਬੀ ਬਾਦਲ ਨੇ ਨੀਂਹ ਪੱਥਰ ਰੱਖਿਆ ਤੇ ਸਰਕਾਰ ਨੇ ਫੰਡ ਜਾਰੀ ਕੀਤੇ। ਕੈਪਟਨ ਸਰਕਾਰ ਨੇ ਫੰਡ ਵਾਪਸ ਮੰਗਵਾ ਲਏ। ਬਠਿੰਡਾ ਦੇ ਐਨ ਨੇੜੇ ਨਰੂਆਣਾ ’ਚ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਚੱਲ ਰਿਹਾ ਹੈ। ਇਸ ਦੀ ਇਮਾਰਤ ਅਧੂਰੀ ਹੈ। ਇਸ ਲਈ 20 ਕਰੋੜ ਦਾ ਬਜਟ ਚਾਹੀਦਾ ਹੈ। ਚਾਰ ਵਰ੍ਹਿਆਂ ਤੋਂ ਫੰਡਾਂ ਦੀ ਉਡੀਕ ਹੈ। ਬਠਿੰਡਾ ਦੇ ਚੁਫੇਰੇ ਕੋਟਸ਼ਮੀਰ ਤੋਂ ਪਿੰਡ ਸਿਵੀਆਂ ਤੱਕ 28 ਕਿਲੋਮੀਟਰ ਲੰਮਾ ਬਾਈਪਾਸ ਬਣਨਾ ਸੀ। ਰਾਜ ਸਰਕਾਰ ਨੇ ਵਿੱਤੀ ਹਿੱਸੇਦਾਰੀ ਤੋਂ ਪਾਸਾ ਵੱਟਿਆ। ਪ੍ਰਾਜੈਕਟ ਹੀ ਰੱਦ ਹੋ ਗਿਆ। ਸ਼ਹਿਰੀ ਬੱਸ ਸੇਵਾ ਤਹਿਤ ਪੁਰਾਣੀਆਂ ਬੱਸਾਂ ਕਬਾੜ ਹੋ ਗਈਆਂ। ਨਵੀਆਂ 20 ਮਿੰਨੀ ਬੱਸਾਂ ਚੱਲੀਆਂ, ਉਨ੍ਹਾਂ ਨੂੰ ਹੁੰਗਾਰਾ ਨਹੀਂ ਮਿਲਿਆ। ਹੁਣ ਪੇਂਡੂ ਖੇਤਰ ’ਚ ਚੱਲ ਰਹੀਆਂ ਹਨ।
ਇਸ ਤਰ੍ਹਾਂ ਬਠਿੰਡਾ ਦੇ ਬਾਹਰੀ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਲਸਾੜਾ ਡਰੇਨ ਤੱਕ ਅੰਡਰਗਰਾਊਂਡ ਗੰਦਾ ਨਾਲਾ ਬਣਨਾ ਸੀ। ਸਾਲ 2016 ਤੋਂ ਹੁਣ ਤੱਕ ਸਿਰਫ਼ 3.5 ਕਿਲੋਮੀਟਰ ਬਣਿਆ ਹੈ, ਜੋ ਕਰੀਬ 12.50 ਕਿਲੋਮੀਟਰ ਹੈ। ਬਰਸਾਤਾਂ ਦੇ ਦਿਨਾਂ ਵਿਚ ਇਹ ਪ੍ਰਾਜੈਕਟ ਹੋਣਾ ਸੀ। 18 ਕਰੋੜ ਦਾ ਪ੍ਰਾਜੈਕਟ ਹੈ ਤੇ ਇਹ ਕਿਸੇ ਤਣ-ਪੱਤਣ ਨਹੀਂ ਲੱਗਾ। ਸਨਅਤੀ ਗਰੋਥ ਸੈਂਟਰ ’ਚ ਵਾਟਰ ਟਰੀਟਮੈਂਟ ਪਲਾਂਟ ਚਾਲੂ ਹੋਣਾ ਸੀ। ਉਹ ਮੁਕੰਮਲ ਨਹੀਂ ਹੋਇਆ। ਇਸ ਦਾ ਲਾਭ ਇਲਾਕੇ ਦੀ 25 ਫੀਸਦੀ ਅਬਾਦੀ ਨੂੰ ਮਿਲਣਾ ਸੀ। ਆਦਰਸ਼ ਨਗਰ ਦੇ ਹੋਰ ਬਸਤੀਆਂ ਵਿਚ ਸੀਵਰੇਜ ਦੀ ਵਿਵਸਥਾ ਲਈ ਸੀਵਰੇਜ ਟਰੀਟਮੈਂਟ ਪਲਾਟ ਲਟਕਿਆ ਪਿਆ ਹੈ।
ਤ੍ਰਿਵੈਣੀ ਕੰਪਨੀ ਨੂੰ ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦਾ ਕੰਮ ਪਹਿਲਾਂ 288 ਕਰੋੜ ਵਿਚ ਦਿੱਤਾ ਹੋਇਆ ਹੈ। ਪਿੰਡ ਨਸੀਬਪੁਰਾ ਵਿਚ ਬਾਇਓ ਰਿਫਾਈਨਰੀ 600 ਕਰੋੜ ਦਾ ਕੇਂਦਰੀ ਪ੍ਰਾਜੈਕਟ ਹੈ, ਜਿਸ ਦੀ ਉਸਾਰੀ ਨਹੀਂ ਹੋਈ ਅਤੇ ਇਸੇ ਤਰ੍ਹਾਂ ਪਿੰਡ ਮਹਿਮਾ ਸਰਜਾ ਵਿਚ ਬਾਇਓਮਾਸ ਪਲਾਂਟ ਦਾ ਨੀਂਹ ਪੱਥਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 24 ਜੂਨ 2018 ਨੂੰ ਰੱਖਿਆ ਸੀ, ਜਿਥੇ ਪਰਾਲੀ ਦੀ ਖਪਤ ਹੋਣੀ ਸੀ। ਹਾਲੇ ਤੱਕ ਨਹੀਂ ਚੱਲਿਆ ਹੈ।

ਨਾਲੇ ਦਾ ਅੱਠ ਕਿਲੋਮੀਟਰ ਕੰਮ ਬਕਾਇਆ: ਸ਼ੇਰਗਿੱਲ
ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਅੰਡਰ ਗਰਾਊਂਡ ਗੰਦੇ ਨਾਲੇ ਦਾ 8 ਕਿਲੋਮੀਟਰ ਦਾ ਕੰਮ ਬਕਾਇਆ ਹੈ, ਜਿਸ ਵਾਸਤੇ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਬਹੁਮੰਜ਼ਿਲਾ ਪਾਰਕਿੰਗ ਦਾ ਕੰਮ ਟਾਊਨ ਪਲੈਨਿੰਗ ਕੋਲ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ ਦਾ ਕਹਿਣਾ ਹੈ ਕਿ ਨਵੇਂ ਬੱਸ ਅੱਡੇ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਰਾਜ ਸਰਕਾਰ ਫੰਡ ਦੇਵੇਗੀ।

ਕੌਮਾਂਤਰੀ ਸਟੇਡੀਅਮ ਦਾ ਸ਼ਗੂਫਾ
ਬਠਿੰਡਾ ’ਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱੱਥਰ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਨਮ ਦਿਨ ’ਤੇ 8 ਦਸੰਬਰ 2007 ਨੂੰ ਰੱਖਿਆ ਸੀ ਖੇਤੀ ’ਵਰਸਿਟੀ ਨੇ ਖੇਤੀ ਖੋਜਾਂ ਵਾਲੀ 25 ਏਕੜ ਜ਼ਮੀਨ ਸਟੇਡੀਅਮ ਲਈ ਦਿੱਤੀ। ਅਖੀਰ ਤਿੰਨ ਏਕੜ ਜਗ੍ਹਾ ਵਿਚ 9.5 ਕਰੋੜ ਲਗਾ ਕੇ ਮੱਛੀ ਮਾਰਕੀਟ ਬਣਾ ਦਿੱਤੀ।

ਨਵੇਂ ਪ੍ਰਾਜੈਕਟ, ਜੋ ਚਾਲੂ ਹੋਏ
ਏਮਜ਼ ਪ੍ਰਾਜੈਕਟ ਸ਼ੁਰੂ ਹੋ ਚੁੱਕਾ ਹੈ। ਵਰ੍ਹਿਆਂ ਤੋਂ ਰੁਕੀ ਰਿੰਗ ਰੋਡ-1 ਦਾ ਪ੍ਰਾਜੈਕਟ ਚਾਲੂ ਹੋ ਚੁੱਕਾ ਹੈ ਜੋ ਕਾਂਗਰਸ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਸੰਗੂਆਣਾ ਬਸਤੀ, ਜੰਤਾ ਨਗਰ ’ਚ ਦੋ ਸਰਕਾਰੀ ਸਕੂਲਾਂ ਦੀ ਇਮਾਰਤ ਅਤੇ ਦੇਸ ਰਾਜ ਸਕੂਲ ਦੀ ਮੁਰੰਮਤ ਵੀ ਹੋਈ ਹੈ।

Previous articleਅਭਿਆਸ ਮੈਚ: ਅਗਰਵਾਲ ਅਤੇ ਪੰਤ ਲੈਅ ਵਿੱਚ ਆਏ
Next articleਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਮੁੱਖ ਟੀਚਾ: ਢੀਂਡਸਾ