ਤਾਕਤਵਰ ਤੇ ਰਸੂਖ਼ਵਾਨਾਂ ਦੇ ਗਲਿਆਰਿਆਂ ਵਿਚੋਂ ਗੁਜ਼ਰਦੀ ਹੋਈ ‘ਮੀ ਟੂ’ ਲਹਿਰ ਹੁਣ ਆਖ਼ਰਕਾਰ ਅਦਾਲਤ ਦੀਆਂ ਬਰੂਹਾਂ ’ਤੇ ਅੱਪੜ ਗਈ ਹੈ। ਕੇਂਦਰੀ ਮੰਤਰੀ ਐੱਮ.ਜੇ. ਅਕਬਰ ਨੇ ਉਨ੍ਹਾਂ ਉੱਤੇ ਜਿਨਸੀ ਦੁਰਵਿਹਾਰ ਦੇ ਦੋਸ਼ ਲਾਉਣ ਵਾਲੀ ਪੱਤਰਕਾਰ ਪ੍ਰਿਆ ਰਾਮਾਨੀ ਖ਼ਿਲਾਫ਼ ਅੱਜ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਪੱਤਰਕਾਰ ਪ੍ਰਿਆ ਰਾਮਾਨੀ ਨੇ ਕਿਹਾ ਹੈ ਕਿ ਉਹ ਕੇਂਦਰੀ ਮੰਤਰੀ ਵਲੋਂ ਦਾਇਰ ਕੀਤੇ ਮਾਣਹਾਨੀ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕੇਂਦਰੀ ਮੰਤਰੀ ਦੇ ਬਿਆਨ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਅਕਬਰ ਸ਼ਾਇਦ ‘ਧਮਕਾ ਕੇ ਤੇ ਜ਼ਲੀਲ’ ਕਰਕੇ ਦੋਸ਼ ਲਾਉਣ ਵਾਲਿਆਂ ਨੂੰ ਚੁੱਪ ਕਰਵਾਉਣਾ ਚਾਹੁੰਦੇ ਹਨ। ਸੋਮਵਾਰ ਨੂੰ ਅਫ਼ਰੀਕਾ ਦੇ ਦੌਰੇ ਤੋਂ ਪਰਤਣ ਮਗਰੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਕਈ ਔਰਤਾਂ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਨਕਾਰ ਦਿੰਦਿਆਂ ਕਿਹਾ ਕਿ ‘ਇਹ ਮਨਘੜਤ ਤੇ ਝੂਠੇ ਹਨ।’ ਭਾਜਪਾ ਨੇ ਅੱਜ ਕੇਂਦਰੀ ਮੰਤਰੀ ਐੱਮ.ਜੇ. ਅਕਬਰ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਪਲੇਠੀ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਅਕਬਰ ਨੇ ਪਾਰਟੀ ਕੋਲ ਆਪਣਾ ਪੱਖ ਰੱਖ ਦਿੱਤਾ ਹੈ। ਪਾਰਟੀ ਦੇ ਤਰਜ਼ਮਾਨ ਜੀਵੀਐੱਲ ਨਰਸਿਮ੍ਹਾ ਰਾਓ ਨੇ ਇੱਥੇ ਇਕ ਮੀਡੀਆ ਕਾਨਫ਼ਰੰਸ ਦੌਰਾਨ ਕਿਹਾ ਕਿ ਬੇਸ਼ੱਕ ਕੇਂਦਰੀ ਮੰਤਰੀ ਨੇ ਆਪਣਾ ਪੱਖ ਰੱਖਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਪਾਰਟੀ ਉਨ੍ਹਾਂ ਦਾ ਹੀ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵੀ ਨਹੀਂ ਹੈ ਕਿ ਪਾਰਟੀ ਐੱਮ.ਜੇ. ਅਕਬਰ ਨਾਲ ਅਸਹਿਮਤ ਹੈ।
ਇਸ ਤੋਂ ਇਲਾਵਾ ਬੌਲੀਵੁੱਡ ਅਦਾਕਾਰ ਅਲੋਕ ਨਾਥ ਵੀ ਉਨ੍ਹਾਂ ’ਤੇ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਲੇਖਕ-ਨਿਰਦੇਸ਼ਕ ਵਿੰਤਾ ਨੰਦਾ ਖ਼ਿਲਾਫ਼ ਅਦਾਲਤ ਚਲੇ ਗਏ ਹਨ। ਉਨ੍ਹਾਂ ਨੰਦਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਇਕ ਹੋਰ ਮਾਮਲੇ ਵਿਚ ‘ਇੰਡੀਅਨ ਫ਼ਿਲਮ ਤੇ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ’ ਨੇ ਨਿਰਦੇਸ਼ਕ ਸਾਜਿਦ ਖ਼ਾਨ ਨੂੰ ਤਿੰਨ ਔਰਤਾਂ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਹੈ। ਜਿਨਸੀ ਦੁਰਵਿਹਾਰ ਦੇ ਦੋਸ਼ਾਂ ਵਿਚ ਘਿਰੇ ਬੌਲੀਵੁੱਡ ਦੇ ਉੱਘੇ ਐਕਸ਼ਨ ਨਿਰਦੇਸ਼ਕ ਸ਼ਾਮ ਕੌਸ਼ਲ ਨੇ ਵੀ ਸੋਮਵਾਰ ਨੂੰ ਇਸ ਮਾਮਲੇ ਵਿਚ ਮੁਆਫ਼ੀ ਮੰਗੀ ਹੈ।
ਮੇਰੇ ਪਿਤਾ ਆਪਣੀ ਲੜਾਈ ਖੁ਼ਦ ਲੜਨ ਦੇ ਸਮਰੱਥ: ਮਲਿਕਾ ਦੂਆਆਪਣੇ ਪਿਤਾ ਤੇ ਸੀਨੀਅਰ ਪੱਤਰਕਾਰ ਵਿਨੋਦ ਦੂਆ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਅਦਾਕਾਰਾ ਤੇ ਹਾਸਰਸ ਕਲਾਕਾਰ ਮਲਿਕਾ ਦੂਆ ਨੇ ਅੱਜ ਕਿਹਾ ਕਿ ਉਹ ‘ਮੀ ਟੂ’ ਮੁਹਿੰਮ ਦੀ ਹਮਾਇਤ ਕਰਦੀ ਹੈ ਤੇ ਉਹ ਪਿਤਾ ’ਤੇ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਵੇਗੀ। ਡਾਕੂਮੈਂਟਰੀ ਫ਼ਿਲਮਸਾਜ਼ ਨਿਸ਼ਠਾ ਜੈਨ ਨੇ ਵਿਨੋਦ ਦੂਆ ’ਤੇ ਉਸ ਦਾ ਪਿੱਛਾ ਕਰਕੇ ਜ਼ਲੀਲ ਤੇ ਤੰਗ ਕਰਨ ਦੇ ਦੋਸ਼ ਲਾਏ ਸਨ। ਮਲਿਕਾ ਨੇ ਨਾਲ ਹੀ ਕਿਹਾ ਕਿ ਇਸ ਮੁਹਿੰਮ ਦਾ ਸਿਰਫ਼ ‘ਮਨੋਰੰਜਨ’ ਲਈ ਗਲਤ ਇਸਤੇਮਾਲ ਕੀਤੇ ਜਾਣ ਤੋਂ ਬਚਣ ਦੀ ਲੋੜ ਹੈ। ਨਿਸ਼ਠਾ ਜੈਨ ਨੇ ਵਿਨੋਦ ਦੂਆ ’ਤੇ ਫੇਸਬੁੱਕ ਪੋਸਟ ਰਾਹੀਂ ਦੋਸ਼ ਲਾਏ ਸਨ ਅਤੇ ਵਿਚ ਮਲਿਕਾ ਦਾ ਵੀ ਜ਼ਿਕਰ ਕੀਤਾ ਸੀ। ਹਾਲਾਂਕਿ ਮਗਰੋਂ ਨਿਸ਼ਠਾ ਨੇ ਮਲਿਕਾ ਤੋਂ ਮੁਆਫ਼ੀ ਮੰਗ ਲਈ।
INDIA ਜਿਨਸੀ ਸ਼ੋਸ਼ਣ ਦੇ ਦੋਸ਼ਾਂ ਖ਼ਿਲਾਫ਼ ਅਕਬਰ ਅਦਾਲਤ ਪੁੱਜੇ