ਜਾਮ ਦੇ ਚੱਕਰਵਿਊਹ ਵਿਚ ਫਸਣਗੇ ਲੁਧਿਆਣਵੀ

ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਫਲਾਈਓਵਰ ਉਸਾਰੀ ਤੇ ਪੱਖੋਵਾਲ ਰੋਡ ’ਤੇ ਚੱਲ ਰਹੀ ਆਰਯੂਬੀ ਤੇ ਆਰਓਬੀ ਦੀ ਉਸਾਰੀ ਤੋਂ ਬਾਅਦ ਹੁਣ ਮਲਹਾਰ ਰੋਡ ’ਤੇ ਵੀ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਦੀਆਂ ਤਿੰਨ ਮੁੱਖ ਸੜਕਾਂ ’ਤੇ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਲੁਧਿਆਣਾ ਵਾਸੀ ਟਰੈਫ਼ਿਕ ਜਾਮ ਦੇ ‘ਚੱਕਰਵਿਊਹ’ ਵਿਚ ਫਸਣਗੇ। ਭੀੜ ਵਾਲੀਆਂ ਤਿੰਨ ਸੜਕਾਂ ’ਤੇ ਉਸਾਰੀਆਂ ਚੱਲ ਰਹੀਆਂ ਹਨ ਪਰ ਟਰੈਫ਼ਿਕ ਪੁਲੀਸ ਨੇ ਇੱਥੇ ਬਦਲਵੇਂ ਰੂਟ ਦੀ ਕੋਈ ਤਿਆਰੀ ਨਹੀਂ ਕੀਤੀ। ਇੰਨਾ ਹੀ ਨਹੀਂ ਫਿਰੋਜ਼ਪੁਰ ਰੋਡ ’ਤੇ ਚੱਲ ਰਹੀ ਫਲਾਈਓਵਰਾਂ ਦੀ ਉਸਾਰੀ ਕਾਰਨ ਪਹਿਲਾਂ ਹੀ ਲੋਕ ਲੰਮੇ ਜਾਮਾਂ ਵਿਚ ਫਸਦੇ ਆ ਰਹੇ ਹਨ ਪਰ ਫਿਰ ਵੀ ਨਾ ਨਗਰ ਨਿਗਮ ਨੇ ਕੋਈ ਤਿਆਰੀ ਕੀਤੀ ਹੈ ਤੇ ਨਾ ਹੀ ਟਰੈਫ਼ਿਕ ਪੁਲੀਸ ਨੇ। ਮਲਹਾਰ ਰੋਡ ’ਤੇ ਅੱਜ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸਮਾਰਟ ਸਟਰੀਟ ਦਾ ਕੰਮ ਸ਼ੁਰੂ ਹੋਇਆ ਹੈ। ਇਸ ਕਾਰਨ ਉਸਾਰੀ ਕਰਨ ਵਾਲੀ ਕੰਪਨੀ ਨੇ ਉੱਥੇ ਬੈਰੀਕੇਡ ਲਾ ਕੇ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਉਥੋਂ ਲੰਘਣ ਵਾਲੇ ਟਰੈਫ਼ਿਕ ਦੇ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਪਿਛਲੇ ਕਈ ਮਹੀਨਿਆਂ ਤੋਂ ਫਿਰੋਜ਼ਪੁਰ ਰੋਡ ’ਤੇ ਫਲਾਈਓਵਰ ਬਣਨ ਕਾਰਨ ਫਿਰੋਜ਼ਪੁਰ ਰੋਡ ਚੁੰਗੀ ਤੋਂ ਜਗਰਾਉਂ ਪੁਲ ਤੱਕ ਫਲਾਈਓਵਰ ਬਣਾਉਣ ਦੀ ਉਸਾਰੀ ਚੱਲ ਰਹੀ ਹੈ, ਜਿਸ ਕਾਰਨ 7-8 ਕਿੱਲੋਮੀਟਰ ਤੱਕ ਸੜਕ ਵਿਚ ਵਿਚਾਲੇ ਬੰਦ ਹੈ। ਇਸ ਕਾਰਨ ਇੱਥੇ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹੀ ਪੱਖੋਵਾਲ ਰੋਡ ’ਤੇ ਰੋਡ ਅੰਡਰਬ੍ਰਿਜ ਤੇ ਰੋਡ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਹੈ। ਇਸ ਕਾਰਨ ਇੱਥੇ ਦੋਵਾਂ ਸੜਕਾਂ ’ਤੇ ਟਰੈਫ਼ਿਕ ਜਾਮ ਲੱਗਿਆ ਰਹਿੰਦਾ ਹੈ। ਹੁਣ ਨਗਰ ਨਿਗਮ ਨੇ ਬਿਨਾਂ ਕਿਸੇ ਪਲੈਨਿੰਗ ਤੋਂ ਮਲਹਾਰ ਰੋਡ ’ਤੇ ਵੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਮਲਹਾਰ ਰੋਡ ’ਤੇ ਵੱਡੇ ਵੱਡੇ ਰੈਸਟੋਰੈਂਟ, ਸ਼ੋਅਰੂਮ ਤੇ ਮਾਲਜ਼ ਹਨ। ਰੋਜ਼ਾਨਾ ਇਸ ਸੜਕ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਰਾਂ, ਮੋਟਰ ਸਾਈਕਲ ਦਾ ਲਾਂਘਾ ਹੈ। ਇਹੀ ਸੜਕ ਪੱਖੋਵਾਲ ਰੋਡ ਤੇ ਫਿਰੋਜ਼ਪੁਰ ਰੋਡ ਨੂੰ ਆਪਸ ਵਿੱਚ ਜੋੜਦੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਟਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ਤੋਂ ਜਗਰਾਉਂ ਪੁਲ ਦੀ ਉਸਾਰੀ ਲਟਕੀ ਹੋਈ ਹੈ। ਜਗਰਾਉਂ ਪੁਲ ਉਸਾਰੀ ਕਾਰਨ ਭਾਰਤ ਨਗਰ ਚੌਕ ਤੇ ਭਾਈ ਵਾਲਾ ਚੌਕ ਵਿੱਚ ਜਾਮ ਲੱਗਿਆ ਰਹਿੰਦਾ ਹੈ।

Previous articleਨਿਰਾਸ਼ ਪ੍ਰੇਮੀ ਨੇ ਰੇਲਗੱਡੀ ਅੱਗੇ ਮਾਰੀ ਛਾਲ
Next articleਹੌਜ਼ ਕਾਜ਼ੀ ਮਾਮਲਾ: ਅਮਿਤ ਸ਼ਾਹ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਤਲਬ ਕੀਤਾ