ਜਾਮੀਆ ਫਾਇਰਿੰਗ: ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਸੱਤਾ ’ਚ ਬੈਠੇ ਲੋਕਾਂ’ ’ਤੇ ਦੋਸ਼ ਲਾਇਆ ਹੈ ਕਿ ਸੀਏਏ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਬੁਰਛਾਗਰਦਾਂ ਵੱਲੋਂ ਗੋਲੀਆਂ ਚਲਾਉਣ ਨੂੰ ਉਨ੍ਹਾਂ ਹੱਲਾਸ਼ੇਰੀ ਦਿੱਤੀ ਹੈ। ਜਾਮੀਆ ਤਾਲਮੇਲ ਕਮੇਟੀ ਨੇ ਐਤਵਾਰ ਰਾਤ ਯੂਨੀਵਰਸਿਟੀ ਦੇ ਬਾਹਰ ਹੋਈ ਫਾਇਰਿੰਗ ਦੀ ਘਟਨਾ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਸ ’ਚ ਸ਼ਾਮਲ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਕਮੇਟੀ ਨੇ ਕਿਹਾ ਕਿ ਅਜਿਹੇ ਬੁਰਛਾਗਰਦਾਂ ਨੂੰ ਰੋਕਣ ਲਈ ਜੇਕਰ ਕਦਮ ਨਾ ਉਠਾਏ ਗਏ ਤਾਂ ਹਮਲਿਆਂ ਨਾਲ ਜਾਨਾਂ ਵੀ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਨਿਹੱਥੇ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ’ਚ ਯਕੀਨ ਨਹੀਂ ਰਖਦੇ ਹਨ। ਜ਼ਿਕਰਯੋਗ ਹੈ ਕਿ ਹਫ਼ਤੇ ਦੇ ਅੰਦਰ ਫਾਇਰਿੰਗ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਕਮੇਟੀ ਨੇ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਬਣਾਈ ਰਖਣਾ ਦਿੱਲੀ ਪੁਲੀਸ ਦੀ ਜ਼ਿੰਮੇਵਾਰੀ ਹੈ ਜੋ ਉਸ ਦੇ ਹੱਥਾਂ ’ਚੋਂ ਨਿਕਲਦੀ ਜਾ ਰਹੀ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਕਰਕੇ ਭਾਜਪਾ ਆਗੂ ਹੱਦੋਂ ਬਾਹਰ ਜਾ ਰਹੇ ਹਨ ਅਤੇ ਉਹ ਭੜਕਾਊ ਭਾਸ਼ਣ ਦੇ ਰਹੇ ਹਨ।
ਜਾਮੀਆ ਨਗਰ ਇਲਾਕੇ ’ਚ ਫਾਇਰਿੰਗ ਦੀ ਜਾਂਚ ’ਚ ਜੁਟੀ ਦਿੱਲੀ ਪੁਲੀਸ ਹੁਣ ਦੋਪਹੀਆ ਵਾਹਨ ਦਾ ਰਜਿਸਟਰੇਸ਼ਨ ਨੰਬਰ ਪਤਾ ਕਰ ਰਹੀ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਤੜਕੇ 4 ਵਜੇ ਤੱਕ ਪੁਲੀਸ ਸਟੇਸ਼ਨ ਨੂੰ ਘੇਰ ਕੇ ਰੱਖਿਆ ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖਿਲਾਫ਼ ਐੱਫਆਈਆਰ ਦਰਜ ਹੋ ਸਕੇ। ਡੀਸੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਲਾਲ ਰੰਗ ਦੇ ਸਕੂਟਰ ਦੀ ਵਰਤੋਂ ਕੀਤੀ ਸੀ।

Previous articleਸੰਘਣੀ ਧੁੰਦ ਕਾਰਨ 60 ਵਾਹਨ ਟਕਰਾਏ; ਇਕ ਹਲਾਕ, ਦਰਜਨਾਂ ਜ਼ਖ਼ਮੀ
Next articleਵੀਆਈਪੀ ਸਟਿੱਕਰ: ਚਲਾਨ ਕੱਟਣ ਵਿੱਚ ਮੁਹਾਲੀ ਚੰਡੀਗੜ੍ਹ ਤੋਂ ਅੱਗੇ