(ਸਮਾਜ ਵੀਕਲੀ)
ਜਦੋਂ ਕਿਸੇ ਨਾਲ ਬੇਇਨਸਾਫ਼ੀ ਹੁੰਦੀ ਹੈ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਬਣਦੀ ਹੈ ਮਤਲਬ ਆਪਣਾ ਹੱਕ ਲੈਣ ਲਈ ਲੜਨਾ ਪੈਂਦਾ ਹੈ । ਗੱਲ ਘਰ ਵਿੱਚ ਹੋਵੇ ਜਾਂ ਬਾਹਰ ਉਸ ਲਈ ਲੜਨਾ ਹੀ ਪੈਂਦਾ ਹੈ ,ਕਈ ਵਾਰ ਕੋਰਟ ਕਚਹਿਰੀਆਂ ਦੇ ਚੱਕਰ ਵੀ ਲਗਾਉਣੇ ਪੈਂਦੇ ਨੇ ,ਲੰਮੇ ਸਮੇਂ ਮੁਕੱਦਮੇ ਵੀ ਚਲਦੇ ਨੇ ਪਰ ਜਦੋਂ ਗੱਲ ਦੇਸ਼ ਦੀ ਹੋਵੇ ਤੇ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਸਾਡੇ ਨਾਲ ਬੇਇਨਸਾਫ਼ੀ ਕਰਨ ਤਾਂ ਸੰਘਰਸ਼ ਕਰਨਾ ਪੈਂਦਾ ਹੈ । ਇਹ ਗੱਲ ਸੱਚ ਹੈ ਕਿ ਹੱਕ ਕਿਸੇ ਨੇ ਠੂਠੇ ਵਿਚ ਨਹੀਂ ਪਾਉਣੇ ਉਨ੍ਹਾਂ ਲਈ ਲੜਨਾ ਹੀ ਪੈਂਦਾ ਹੈ ।ਜਿਸ ਦੀ ਮਿਸਾਲ ਦਿੱਲੀ ਵਿੱਚ ਛੇ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੇ ਦੇ ਦਿੱਤੀ ਹੈ ।
ਕਰੋਨਾ ਮਹਾਂਮਾਰੀ ਦੇ ਚਲਦੇ ਵੀ ਕਿਸਾਨ ਆਪਣੇ ਘਰ ਪਰਤਣ ਲਈ ਤਿਆਰ ਨਹੀਂ ,ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ ।ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਕੀਮਤੀ ਆਪਣੇ ਹੱਕ ਹਨ, ਉਹ ਹੱਕ ਲਏ ਬਿਨਾਂ ਵਾਪਸ ਨਹੀਂ ਜਾਣਾ ਚਾਹੁੰਦੇ ।ਇਸ ਸੰਘਰਸ਼ ਦੇ ਚਲਦਿਆਂ ਕਿੰਨੇ ਹੀ ਕਿਸਾਨ ਵੀਰਾਂ ਦੇ ਜਵਾਨ ਪੁੱਤਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਖ਼ੁਦ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਇਰਾਦਾ ਦ੍ਰਿੜ੍ਹ ਹੈ ।ਅਜਿਹੇ ਸਮੇਂ ਤੇ ਸਾਡੇ ਲੀਡਰਾਂ ਵੱਲੋਂ ਇਹ ਕਹਿਣਾ ਕਿ ਕਿਸਾਨ ਉਥੇ ਪਿਕਨਿਕ ਮਨਾ ਰਹੇ ਹਨ ਜਾਂ ਵਿਹਲੜ ਲੋਕ ਹੀ ਏਥੇ ਬੈਠੇ ਹਨ ਬਹੁਤ ਹੀ ਨਿੰਦਣਯੋਗ ਹੈ ।
ਉਨ੍ਹਾਂ ਪ ਨੂੰ ਆਪਣੇ ਘਰ ਛੱਡ ਕੇ ਟਰਾਲੀਆਂ ਵਿਚ ਸੌਣ ਦਾ ਸ਼ੌਕ ਨਹੀਂ ,ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਉੱਥੇ ਬੈਠਣ ਲਈ ਮਜਬੂਰ ਹਨ । ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਹੈ ਪ੍ਰੰਤੂ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ । ਇਹ ਸਭ ਜਾਣਦੇ ਹਨ ਕਿ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨ ਨਾ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਨਾ ਹੀ ਆਮ ਲੋਕਾਂ ਦੇ , ਇਸ ਲਈ ਹੁਣ ਇਹ ਸੰਘਰਸ਼ ਕੇਵਲ ਕਿਸਾਨਾਂ ਦਾ ਨਾ ਹੋ ਕੇ ਹਰ ਆਮ ਨਾਗਰਿਕ ਦਾ ਬਣ ਚੁੱਕਿਆ ਹੈ । ਸਾਨੂੰ ਸਭ ਨੂੰ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋ ਜਾਵੇ ਕਿਉਂਕਿ ਸਰਕਾਰਾਂ ਨੂੰ ਅਸੀਂ ਚੁਣਿਆ ਹੈ ਉਹ ਸਾਡੇ ਲਈ ਹਨ ,ਜੇਕਰ ਸਾਨੂੰ ਉਨ੍ਹਾਂ ਦਾ ਕੋਈ ਫ਼ੈਸਲਾ ਸਾਡੇ ਹੱਕ ਵਿੱਚ ਨਹੀਂ ਲੱਗਦਾ ਤਾਂ ਅਸੀਂ ਸਾਰੇ ਰਲ ਕੇ ਉਸ ਖ਼ਿਲਾਫ਼ ਆਵਾਜ਼ ਉਠਾ ਸਕਦੇ ਹਾਂ ।ਇਹ ਸਾਡਾ ਸੰਵਿਧਾਨਕ ਹੱਕ ਹੈ ।
ਸੁਰਿੰਦਰ ਕੌਰ
6283188928
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly