(ਸਮਾਜ ਵੀਕਲੀ)
ਹਰ ਰੋਜ਼ ਦੀ ਤਰ੍ਹਾਂ ਐਤਵਾਰ ਦੇ ਦਿਨ ਮੈਂ ਤੇ ਮੇਰੀ ਘਰਵਾਲੀ ਮਾਡਲ ਟਾਊਨ ਵੱਲ ਨੂੰ ਸੈਰ ਕਰਨ ਜਾ ਰਹੇ ਸੀ। ਰਾਸਤੇ ਵਿੱਚ ਪਾਰਕ ਵੱਲ ਵੇਖਦਿਆਂ ਮੈਂ ਪਾਰਕ ਵਿੱਚ ਟਹਿਲਣ ਦੇ ਖਿਆਲ ਨਾਲ ਓਧਰ ਨੂੰ ਹੋ ਤੁਰਿਆ। ਸੀਮੇਂਟ ਦੀ ਇੱਟ ਨਾਲ ਬਣੀ ਹੋਈ ਰੰਗ ਬਿਰੰਗੀ ਪਗਡੰਡੀ ਉੱਤੇ ਜਾਂਦੇ ਹੋਏ ਅਚਾਨਕ ਸਾਡੀ ਨਜ਼ਰ ਛੋਟੇ ਛੋਟੇ ਕਤੂਰਿਆਂ ਉੱਤੇ ਪੈ ਗਈ। ਅਸੀਂ ਥੋੜ੍ਹੀ ਦੇਰ ਉਹਨਾਂ ਕੌਲ ਰੁਕੇ ਤਾਂ ਉਹ ਪੈਰਾਂ ਨੂੰ ਚੱਟਣ ਲਈ ਅੱਗੇ ਆ ਗਏ। ਮੇਰੀ ਘਰਵਾਲੀ ਨੇ ਕਿਹਾ ਕਿ ਇਹ ਭੁੱਖੇ ਨੇ। ਤਾਂ ਹੀ ਏਦਾਂ ਕਰਦੇ ਨੇ।
ਚਲੋ ਘਰੋਂ ਜਾ ਕੇ ਇਹਨਾਂ ਲਈ ਦੁੱਧ ਲੈ ਕੇ ਆਈਏ। ਠੰਡ ਵੀ ਬਹੁਤ ਹੈ ਅੱਜ। ਅਸੀਂ ਦੋਵੇਂ ਜੀਅ ਵਾਪਿਸ ਘਰ ਵੱਲ ਨੂੰ ਮੁੜ ਆਏ। ਘਰ ਆ ਕੇ ਬੇਟੀ ਨਿਧੀ ਨੂੰ ਕਤੂਰਿਆਂ ਬਾਰੇ ਦੱਸਿਆ ਤਾਂ ਉਹ ਛਾਲ ਮਾਰ ਕੇ ਬਿਸਤਰੇ ਵਿਚੋਂ ਉੱਠ ਖੜ੍ਹੀ ਹੋਈ ਤੇ ਕਹਿਣ ਲੱਗੀ , “ਪਾਪਾ, ਪਾਪਾ, ਮੈਂ ਵੀ ਪੱਪੀ ਵੇਖਣੇ ਆ।”ਮੈਂ ਵੀ ਨਾਲ ਜਾਣਾ। ਮੈਂ ਤੇ ਮੇਰੀ ਬੇਟੀ ਦੁੱਧ ਤੇ ਬਿਸਕੁਟ ਲੈ ਕੇ ਪਾਰਕ ਵੱਲ ਨੂੰ ਤੁਰ ਪਏ। ਪਾਰਕ ਵਿੱਚ ਜਾ ਕੇ ਇੱਕ ਖਾਲੀ ਭਾਂਡੇ ਵਿੱਚ ਜਿਉਂ ਹੀ ਦੁੱਧ ਪਾਇਆ ਤਾਂ ਦੇਖਦੇ ਹੀ ਦੇਖਦੇ ਪੰਜ ਕਤੂਰੇ ਦੁੱਧ ਪੀਣ ਲਈ ਉਤਾਵਲੇ ਹੋਏ ਚਪ ਚਪ ਕਰਦੇ ਹੋਏ ਦੁੱਧ ਪੀਣ ਲੱਗ ਪਏ।
ਇਹਨਾਂ ਵਿੱਚੋਂ ਦੋ ਚਿੱਟੇ ਰੰਗ ਦੇ ਤੇ ਤਿੰਨ ਕਾਲੇ ਰੰਗ ਦੇ ਕਤੂਰੇ ਸਨ। ਉਹਨਾਂ ਦੇ ਦੁੱਧ ਪੀਂਦਿਆਂ ਤੋਂ ਹੀ ਕਤੂਰਿਆਂ ਦੀ ਮਾਂ ਵੀ ਉੱਥੇ ਆ ਗਈ। ਉਹ ਵੀ ਥੋੜ੍ਹੇ ਬਿਸਕੁਟ ਤੇ ਦੁੱਧ ਖਾਣ ਲੱਗ ਪਈ। ਕਤੂਰੇ ਆਪਣੀ ਮਾਂ ਦੀ ਪੂਛ ਉੱਤੇ ਦੰਦੀਆਂ ਵੱਢਣ ਲੱਗ ਪਏ। ਉਹਨਾਂ ਵਿੱਚੋਂ ਦੋ ਕਤੂਰੇ ਆਪਣੀ ਮਾਂ ਦੇ ਥਣਾਂ ਨੂੰ ਚੂਸਣ ਲੱਗ ਪਏ। ਮੇਰੀ ਬੇਟੀ ਨਿਧੀ ਖੁਸ਼ੀ ਵਿੱਚ ਖੀਵੀ ਹੋ ਕੇ ਕਤੂਰਿਆਂ ਨੂੰ ਆਪਣੇ ਪੋਲੇ ਪੋਲੇ ਹੱਥਾਂ ਨਾਲ ਸਹਿਲਾਉਂਦੀ ਰਹੀ। ਏਨੀ ਦੇਰ ਨੂੰ ਉੱਥੇ ਇੱਕ ਕਾਲੇ ਰੰਗ ਦੀ ਇੱਕ ਹੋਰ ਕੁੱਤੀ ਵੀ ਕੁੱਝ ਖਾਣ ਦੀ ਭਾਲ ਵਿੱਚ ਆ ਗਈ। ਉਹ ਚੁੱਪਚਾਪ ਖੜ੍ਹੀ ਦੁੱਧ ਪੀਂਦੇ ਹੋਏ ਕਤੂਰਿਆਂ ਵੱਲ ਵੇਖ ਕੇ ਚਲੀ ਗਈ। “ਸ਼ਾਇਦ ਮੇਰੇ ਡਰ ਕਰਕੇ ਅੱਗੇ ਨਹੀਂ ਆਈ,” ਮੈਂ ਸੋਚਿਆ।
ਮੈਂ ਆਪਣੀ ਬੇਟੀ ਨਾਲ ਵਾਪਿਸ ਘਰ ਆ ਗਿਆ। ਇਸ ਤਰ੍ਹਾਂ ਕਤੂਰਿਆਂ ਨੂੰ ਦੁੱਧ ਪਿਆਉਣ ਦਾ ਇਹ ਵਰਤਾਰਾ ਅਸੀਂ ਲਗਾਤਾਰ ਸ਼ੁਰੂ ਕਰ ਦਿੱਤਾ। ਤਿੰਨ ਦਿਨਾਂ ਬਾਅਦ ਮੇਰੀ ਘਰਵਾਲੀ ਨੇ ਮੈਨੂੰ ਦੱਸਿਆ ਕਿ ਉੱਥੇ ਪਾਰਕ ਵਿੱਚ ਜੋ ਛਟੀਆਂ ਪਈਆਂ ਨੇ। ਉਸਦੇ ਹੇਠਾਂ ਕਾਲੀ ਕੁੱਤੀ ਦੇ ਕਤੂਰੇ ਵੀ ਨੇ ਸੱਤ। ਅੱਜ ਸ਼ਾਮ ਵੇਲੇ ਜਦ ਉਹ ਪਾਰਕ ਵਿੱਚ ਗਈ ਸੀ ਤਾਂ ਉਸਨੂੰ ਉਹਨਾਂ ਬਾਰੇ ਪਤਾ ਲੱਗਿਆ। ਮੇਰੀ ਉਤਸੁਕਤਾ ਇਸ ਕਰਕੇ ਵਧ ਗਈ ਕਿਉਕਿ ਐਤਵਾਰ ਵਾਲੇ ਦਿਨ ਇੱਕ ਕਾਲੇ ਰੰਗ ਦੀ ਕੁੱਤੀ ਮੈਂ ਵੀ ਉੱਥੇ ਵੇਖੀ ਸੀ।
ਮੈਂ ਝੱਟਪੱਟ ਘਰਵਾਲੀ ਨੂੰ ਦੁੱਧ ਗਰਮ ਕਰਕੇ ਢੋਲੀ ਭਰਨ ਲਈ ਕਿਹਾ। ਉਹ ਆਖਣ ਲੱਗੀ,”ਹੁਣ ਹਨੇਰਾ ਹੋ ਗਿਆ ਹੈ”। ਪਾਰਕ ਵਿੱਚ ਸਵੇਰੇ ਚੱਲਾਂਗੇ। ਮੈਂ ਕਿਹਾ, ਕੋਈ ਗੱਲ ਨਹੀਂ, ਹੁਣੇ ਹੀ ਚੱਲਦੇ ਹਾਂ। ਛੋਟੀ ਬੇਟੀ ਨਿਧੀ ਛਾਲ ਮਾਰ ਕੇ ਫੇਰ ਅੱਗੇ ਹੋ ਗਈ, ਮੈਂ ਵੀ ਨਾਲ ਜਾਊਗੀ। ਪੱਪੀ ਨੂੰ ਘਰ ਲਿਆਵਾਂਗੇ। ਉਹ ਵੀ ਸਾਡੇ ਨਾਲ ਨੱਚਦੀ ਟੱਪਦੀ ਪਾਰਕ ਵੱਲ ਨੂੰ ਚੱਲ ਪਈ।
ਹਨੇਰਾ ਹੋਣ ਕਰਕੇ ਛਟੀਆਂ ਵਾਲੀ ਥਾਂ ਤੇ ਮੈਂ ਮੋਬਾਈਲ ਨਾਲ ਚਾਨਣ ਕਰਕੇ ਕਤੂਰਿਆਂ ਨੂੰ ਲੱਭਿਆ ਪਰ ਉਹ ਕਿਤੇ ਨਾ ਦਿਖੇ। ਫੇਰ ਮੈਂ ਉੱਚੇ ਥਾਂ ਤੋਂ ਅੱਗੇ ਜਾ ਕੇ ਉੱਥੇ ਪਏ ਖਾਲੀ ਭਾਂਡੇ ਵਿੱਚ ਜਿਵੇਂ ਹੀ ਦੁੱਧ ਪਾਇਆ। ਕਤੂਰੇ ਛਟੀਆਂ ਦੇ ਥੱਲਿਓਂ ਬਣਾਏ ਘੋਰਨੇ ਵਿੱਚੋਂ ਬਾਹਰ ਭੱਜੇ ਆਏ ਪਰ ਉਹਨਾਂ ਦੀ ਮਾਂ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਈ। ਉਹ ਚਪ ਚਪ ਕਰਦੇ ਹੋਏ ਦੁੱਧ ਪੀਣ ਵਿੱਚ ਮਸਤ ਹੋ ਗਏ। ਮੈਂ ਨਾਲ ਪਏ ਇੱਕ ਹੋਰ ਭਾਂਡੇ ਵਿੱਚ ਦੁੱਧ ਪਾਇਆ ਪਰ ਉਹ ਸਾਰੇ ਪਹਿਲਾਂ ਵਾਲੇ ਭਾਂਡੇ ਵਿੱਚ ਹੀ ਦੁੱਧ ਪੀਂਦੇ ਰਹੇ।
ਉਹਨਾਂ ਨੂੰ ਦੂਜੇ ਭਾਂਡੇ ਵਿੱਚ ਪਏ ਦੁੱਧ ਦਾ ਪਤਾ ਨਾ ਲੱਗਿਆ। ਮੇਰੀ ਘਰਵਾਲੀ ਆਖਣ ਲੱਗੀ ਕਿ ਇਹ 2-3 ਦਿਨਾਂ ਦੇ ਹੀ ਹਨ ਇਸ ਕਰਕੇ ਅੱਖਾਂ ਤੋਂ ਹਾਲੇ ਪੂਰਾ ਦਿਸਦਾ ਨਹੀਂ ਹੋਣਾ। ਉਸ ਵੇਲੇ ਦੂਜੇ ਕਤੂਰਿਆਂ ਦੀ ਮਾਂ ਚਿੱਟੇ ਰੰਗ ਦੀ ਕੁੱਤੀ ਵੀ ਉੱਥੇ ਆ ਗਈ ਪਰ ਉਹ ਦੁੱਧ ਪੀਂਦੇ ਉਹਨਾਂ ਕਤੂਰਿਆਂ ਕੌਲ ਨਾ ਗਈ। ਸਿਰਫ ਥੋੜ੍ਹੀ ਦੂਰ ਤੋਂ ਹੀ ਸਾਡੇ ਵੱਲ ਵੇਖਦੀ ਰਹੀ। ਮੈਂ ਉਸਨੂੰ ਖਾਣ ਲਈ ਬਰੈਡ ਪਾਇਆ ਪਰ ਉਹ ਟਿਕਟਿਕੀ ਲਾ ਉਹਨਾਂ ਦੁੱਧ ਪੀਂਦੇ ਕਤੂਰਿਆਂ ਵੱਲ ਹੀ ਦੇਖਦੀ ਰਹੀ।
ਉਸ ਪਿੱਛੋਂ ਅਸੀਂ ਉਸ ਦੇ ਕਤੂਰਿਆਂ ਵੱਲ ਚੱਲ ਪਏ। ਉਹਨਾਂ ਦੇ ਕੌਲ ਪਏ ਭਾਂਡੇ ਵਿੱਚ ਅਸੀਂ ਜਿਵੇਂ ਹੀ ਦੁੱਧ ਪਾਇਆ ਤਾਂ ਉਹ ਚਿੱਟੇ ਰੰਗ ਦੀ ਕੁੱਤੀ ਵੀ ਦੁੱਧ ਪੀਣ ਲੱਗ ਪਈ। ਮੈਂ ਥੋੜ੍ਹੀ ਦੂਰ ਉਹਦੇ ਕਤੂਰਿਆਂ ਵੱਲ ਨੂੰ ਤੁਰ ਪਿਆ ਤਾਂ ਉਹ ਦੁੱਧ ਛੱਡ ਕੇ ਮੇਰੇ ਪਿੱਛੇ ਆ ਗਈ। ਉਹਦੇ ਸਾਰੇ ਕਤੂਰੇ ਉਸ ਕੋਲ ਆ ਕੇ ਦੁੱਧ ਪੀਣ ਲੱਗ ਪਏ।
ਅਸੀਂ ਵਾਪਿਸ ਘਰ ਵੱਲ ਨੂੰ ਮੁੜ ਆਏ। ਰਾਸਤੇ ਵਿੱਚ ਮੈਂ ਆਪਣੀ ਘਰਵਾਲੀ ਨਾਲ ਗੱਲ ਕਰ ਰਿਹਾ ਸੀ ਕਿ ਅੱਜ ਦੇ ਮਨੁੱਖ ਨਾਲੋਂ ਤਾਂ ਇਹ ਜਾਨਵਰ ਹੀ ਚੰਗੇ ਹਨ ਜੋਂ ਇੱਕ ਦੂਜੇ ਦੇ ਬੱਚਿਆਂ ਦਾ ਖਿਆਲ ਰੱਖਦੇ ਨੇ। ਉਹਨਾਂ ਤੋਂ ਖੋਹ ਕੇ ਨਹੀਂ ਖਾਂਦੇ। ਏਥੇ ਜੇਕਰ ਆਦਮੀਆਂ ਦੀ ਭੀੜ ਹੋਵੇ ਤੇ ਉਹ ਭੁੱਖੇ ਹੋਣ। ਹੋ ਸਕਦਾ ਹੈ ਕਿ ਆਪਣੇ ਆਪ ਨੂੰ ਜਿਊਂਦਾ ਰੱਖਣ ਲਈ ਦੂਜੇ ਬੰਦੇ ਦਾ ਕਤਲ ਵੀ ਕਰ ਦੇਣ। ਦੂਜੇ ਦੇ ਹੱਥ ਵਿਚੋਂ ਰੋਟੀ ਖੋਹਣ ਤੋਂ ਗੁਰੇਜ਼ ਨਾ ਕਰਨ।
ਕਿਓਕਿ ਭੁੱਖਾ ਬੰਦਾ ਨਿਰਦਈ ਬਣ ਜਾਂਦਾ ਹੈ ਤੇ ਉਹ ਆਪਣੇ ਸਵਾਰਥ ਲਈ ਕੋਈ ਵੀ ਗੁਨਾਹ ਕਰ ਸਕਦਾ ਹੈ। ਅਕਸਰ ਅਸੀਂ ਇੱਕ ਕਹਾਵਤ ਕਹਿੰਦੇ ਹਾਂ ਕਿ ਬੰਦਿਆਂ ਵਾਲੇ ਕੰਮ ਕਰ ਜਾਨਵਰ ਵਾਲੇ ਨਹੀਂ।ਪਰ ਅਜੋਕੇ ਸਮਾਜ ਵਿੱਚ ਮੈਨੂੰ ਇਉ ਲੱਗਦਾ ਹੈ ਕਿ ਅਸੀਂ ਮਨੁੱਖ ਮਨੁੱਖ ਜਾਤੀ ਦੇ ਉਦਾਰ ਵਾਲੇ ਕੰਮ ਛੱਡ ਰਹੇ ਹਾਂ। ਕਿਉਂਕਿ ਸਵਾਰਥ, ਲੁੱਟ, ਬੇਈਮਾਨੀ ,ਫਰੇਬ ਤੇ ਸੌੜੀ ਸੋਚ ਦੇ ਗਲਬੇ ਨੇ ਸਾਨੂੰ ਪਦਾਰਥਵਾਦੀ ਮਨੁੱਖ ਬਣਾ ਦਿੱਤਾ ਹੈ। ਕਿਂਉ ਨਾ ਇਹਨਾਂ ਜਾਨਵਰਾਂ ਤੋਂ ਹੀ ਸੇਧ ਲੈਣ ਕੇ ਚੰਗੇ ਮਨੁੱਖ ਬਣਨ ਦਾ ਸੰਕਲਪ ਦੁਹਰਾ ਲਈਏ।
ਦਿਨੇਸ਼ ਨੰਦੀ
9417458831