ਜਾਤ ਕਥਾ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਅੱਜ ਸਵੇਰ ਦਾ ਮੁਹੱਲੇ ਵਿੱਚ ਕੋਹਰਾਮ ਮੱਚਿਆ ਪਿਆ ਸੀ।

ਪਤਾ ਲੱਗਾ ਕਿ ਸਫ਼ਾਈ ਕਰਮੀਆਂ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲ਼ੇ ਲੋਕ, ਸਫ਼ਾਈ ਕਰਮੀਆਂ ਦੇ ਸਤਿਕਾਰ ‘ਚ ਤਾਲ਼ੀ, ਥਾਲ਼ੀ ਵਜਾਉਣ, ਖੜਕਾਉਣ ਵਾਲ਼ੇ ਲੋਕ… ਉਨ੍ਹਾਂ ਦੇ ਘਰਾਂ ਵਿੱਚੋਂ ਰੋਜ਼ ਕੂੜਾ ਚੱਕਣ ਵਾਲ਼ਿਆਂ ਦੇ ਅੱਜ 40 ਜੀ ਜਗ੍ਹਾ 50 ਰੁਪਏ ਮੰਗਣ ਕਰਕੇ ਤਿੜੇ ਪਏ ਹਨ।

ਝੱਟਪਟ ਹੀ ਮੁਹੱਲਾ ਯੂਨੀਅਨ ਜਿਹੀ ਬਣ ਗਈ। ਕਹਿੰਦੇ, “ਇਨ੍ਹਾਂ ਦੇ ਇਸ ਧੱਕੇ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇ… ਅੱਜ ਇਹ 40 ਦੇ 50 ਮੰਗ ਰਹੇ ਨੇ, ਕੱਲ੍ਹ ਨੂੰ 100 ਮੰਗਣਗੇ…. ਪਾਟੇ ਮੂੰਹਾਂ ਦਾ ਕੀ ਏ….!!”

ਮੈਂ ਕੂੜਾ ਚੁੱਕਣ ਵਾਲ਼ੇ ਨੂੰ ਚੁੱਪਚਾਪ 50 ਰੁਪਏ ਫੜਾ ਦਿੱਤੇ ਸਨ। ਮੈਂ ਮੁਹੱਲੇ ਵਾਲ਼ਿਆਂ ਨੂੰ ਕਿਹਾ, “ਯਰ, ਕੀ 40 ਕੀ 50…. ਤੁਸੀਂ ਇਹ ਸੋਚੋ ਕਿ ਏਨੇ ਘੱਟ ਪੈਸਿਆਂ ‘ਚ ਗੁਜ਼ਾਰਾ ਕਿਵੇਂ ਕਰਦੇ ਹੋਣਗੇ ?”

ਬੱਸ ਮੇਰੀ ਇੰਨੀ ਗੱਲ ਸੁਣ ਕੇ ਹੀ ਲੋਕ ਹੋਰ ਖਿਝ ਗਏ, ਕਹਿੰਦੇ, “ਇਹੋ ਜਿਹਿਆਂ ਨੇ ਈ ਸਿਰ ਚੜ੍ਹਾਏ ਨੇ ਇਹੋ ਜਿਹੇ….!!”

ਭੀੜ ਵਿੱਚੋਂ ਇੱਕ ਬੰਦਾ ਮੈਨੂੰ ਬਿਨਾਂ ਸੰਬੋਧਨ ਹੋਏ, ਹੋਰਾਂ ਨੂੰ ਆਖਦਾ ਹੋਇਆ, ਮੈਨੂੰ ਸੁਣਾਉਂਦਾ ਹੋਇਆ ਬੋਲਿਆ, “ਇੰਝ ਕੋਠੀਆਂ ‘ਚ ਆ ਕੇ ਰਹਿਣ ਨਾਲ਼ ਜਾਤ ਥੋੜਾ ਲੁਕਦੀ ਹੁੰਦੀ ਐ। ਬਿੱਲੀ ਨੇ ਤਾਂ ਇੱਕ ਦਿਨ ਝੋਲੇ ਤੋਂ ਬਾਹਰ ਆਉਣਾ ਹੀ ਹੋਇਆ।” ਇਹ ਉਹੀ ਬੰਦਾ ਸੀ ਜਿਸ ਨੂੰ ਮੈਂ ਕੁਝ ਦਿਨ ਪਹਿਲਾਂ ਇਸ ਗੱਲ ਦੀ ਤਾੜਨਾ ਕੀਤੀ ਸੀ ਕਿ ‘ਆਪਣੇ ਪਾਲਤੂ ਕੁੱਤਿਆਂ ਦਾ ਹਗਣਾ, ਮੂਤਣਾ ਕਿਰਪਾ ਕਰ ਕੇ ਮੇਰੇ ਘਰ ਦੀ ਕੰਧ ਨਾਲ਼ ਨਾ ਕਰਾਵੇ।’

ਮੈਂ ਪ੍ਰਧਾਨ ਮੰਤਰੀ ਦੇ ਕਹਿਣ ਉੱਤੇ ਸਿਹਤ ਕਰਮੀਆਂ ਅਤੇ ਸਫ਼ਾਈ ਕਰਮਚਾਰੀਆਂ ‘ਤੇ ਫੁੱਲਾਂ ਦੀ ਵਰਖਾ ਨਹੀਂ ਸੀ ਕੀਤੀ, ਨਾ ਉਨ੍ਹਾਂ ਲਈ ਤਾਲ਼ੀ, ਥਾਲ਼ੀ ਵਜਾਈ ਸੀ। ਓਦੋਂ ਮੁਹੱਲੇ ਵਾਲ਼ਿਆਂ ਮੇਰੇ ਵੱਲ੍ਹ ਘੂਰੀ ਜ਼ਰੂਰ ਵੱਟੀ ਸੀ… ਪਰ ਜਾਤ ਨਹੀਂ ਸੀ ਪਰਖੀ। ਤੇ ਅੱਜ… !!!
ਖ਼ੈਰ ਆਪਣਾ ਆਪਣਾ ਢੰਗ ਹੁੰਦਾ ਏ, ਸਤਿਕਾਰ ਦੇਣ ਦਾ…. ਪਰ ਮੈਂ ਹੈਰਾਨ, ਪਰੇਸ਼ਾਨ ਹਾਂ ਅਜਿਹੇ ਲੋਕਾਂ ਤੋਂ ਜਿਹੜੇ ਬਾਬਾ ਆਦਮ ਵੇਲ਼ੇ ਦੀਆਂ ਜਾਤ–ਪਰਖੂ ਕਸਵੱਟੀਆਂ ਦੀ ਧਾਰ ਨੂੰ ਅੱਜਕੱਲ੍ਹ ਪੂੰਜੀਵਾਦ ਦੇ ਪੱਥਰ ‘ਤੇ ਤਿੱਖਾ ਕਰਦੇ ਪਏ ਨੇ।

“ਛੱਡੋ ਜੀ, ਇਨ੍ਹਾਂ ਨਾਲ਼ ਗੱਲ ਕਰੇ ਦਾ ਕੋਈ ਫੈਦਾ ਨਹੀਂ, ਇਨ੍ਹਾਂ ਤਾਂ ਆਪਣੀ ਅੱਡ ਏ ਡਫਲੀ ਵਜਾਉਣੀ ਹੁੰਦੀ ਐ, ਆਪਾਂ ਪੰਚ ਸਾਹਬ ਨੂੰ ਨਾਲ਼ ਲੈ ਕੇ ਸਰਪੰਚ ਸਾਹਬ ਕੋਲ਼ ਚਲਦੇ ਆਂ….।” ਉਨ੍ਹਾਂ ਵਿੱਚੋਂ ਲੀਡਰੀ ਜਿਹੀ ਵਿੱਚ ਪੈਰ ਧਰਨ ਵਾਲ਼ਾ ਇੱਕ ਬੰਦਾ ਬਾਕੀਆਂ ਸਾਰਿਆਂ ਨੂੰ ਨਾਲ਼ ਲੈਕੇ ਉੱਥੋਂ ਤੁਰ ਗਿਆ।

ਭਾਵੇਂ ਸਾਰੇ ਮੁਹੱਲੇ ਵਾਲ਼ੇ ਮੇਰੀ ਅੱਡ ਡਫਲੀ ਵਜਾਉਣ ਕਰ ਕੇ ਮੈਥੋਂ ਮੂੰਹ ਮੋੜ ਗਏ ਸਨ ਪਰ ਮੈਨੂੰ ਇਸ ਗੱਲ ਦਾ ਸਕੂਨ ਜ਼ਰੂਰ ਹੈ ਕਿ ਭਾਵੇਂ ਮੇਰੀ ਵਜਾਈ ਡਫਲੀ ਦਾ ਸ਼ੋਰ ਅਡੰਬਰੀ ਲੋਕਾਂ ਦੇ ਕੰਨ ਪਾੜਦਾ ਹੈ ਪਰ ਇਹ ਮਾਨਵਤਾ ਦੇ ਹੱਕ ਵਿੱਚ ਆਪਣੀ ਆਵਾਜ਼ ਵੀ ਤਾਂ ਬੁਲੰਦ ਕਰਦਾ ਏ।

ਡਾ. ਸਵਾਮੀ ਸਰਬਜੀਤ
9888401328

Previous articleਡਰਾਅ ਨਿਕਲਣ ਵਾਲ਼ਾ ਹੈ..!!
Next articleਸੀਬੀਐੱਸਈ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਦੀਆਂ ਮੁਲਤਵੀ