(ਸਾਮਜ ਵੀਕਲੀ)
ਵੀਰਨੋ ਪੰਜਾਬੀਓ ਜੇ ਮੰਨੋਂ ਮੇਰੀ ਗੱਲ ,
ਹਰ ਮਸਲੇ ਦਾ ਹੈ ਸੰਘਰਸ਼ ਹੀ ਹੱਲ ,
ਮਿਲ ਜੇ ਨਾ ਮਿਹਣਾ ਕਿਤੇ ਸਾਡੇ ਪੰਜ ਆਬ ਨੂੰ।
ਚੰਗੀ ਤਰਾਂ ਵਾਚ ਲਓ ਸ਼ਹੀਦਾਂ ਦੀ ਕਿਤਾਬ ਨੂੰ।
ਕੀਤਾ ਜੋ ਗੁਰਾਂ ਨੇ ਕੀਹਨੇ ਦੱਸਿਆ ਸੀ ਜੱਗ ਨੂੰ।
ਵਾਰਸਾਂ ਨੇ ਦਾਗ਼ ਨਾ ਲੱਗਣ ਦਿੱਤਾ ਪੱਗ ਨੂੰ ।
ਕੰਬਦੀ ਸੀ ਮੌਤ ਵੇਖ ਵੇਖ ਸਿੰਘ ਸਾਹਬ ਨੂੰ।
ਦੱਸੋ ਕਿਹੜੀ ਗੱਲ ਤੋਂ ਵਿਦੇਸ਼ਾਂ ਵੱਲ ਭੱਜਦੇ ।
ਸਿੰਘ ਸੂਰਮਿਆਂ ਦੇ ਤੁਸੀਂ ਵਾਰਸ ਹੋ ਅੱਜ ਦੇ ।
ਤੁਸੀਂ ਪੂਰਾ ਕਰਨੈਂ ਸ਼ਹੀਦਾਂ ਦੇ ਖ਼ੁਆਬ ਨੂੰ ।
ਤੁਸੀਂ ਹੀ ਭਗਤ ਸਾਡੇ ਤੁਸੀਂ ਹੀ ਸਰਾਭੇ ਹੋ ।
ਆਉਂਣ ਵਾਲ਼ੇ ਕੱਲ੍ ਦੇ ਤੇ ਗ਼ਦਰੀ ਵੀ ਬਾਬੇ ਹੋ।
ਮੋੜ ਦਿਓ ਭਾਜੀ ਪੂਰਾ ਕਰ ਦਿਓ ਹਿਸਾਬ ਨੂੰ।
ਲੱਗਿਆ ਕਲੰਕ ਇੱਕ ਨਸ਼ਿਆਂ ਦਾ ਸਾਡੇ ‘ਤੇ ।
ਲਾਹ ਵੀ ਸਕਦੇ ਹੋ ਪੂਰਾ ਮਾਣ ਹੈ ਤੁਹਾਡੇ ‘ਤੇ।
ਬਾਕੀਆਂ ਤੋਂ ਪਹਿਲਾਂ ਛੱਡੋ ਚੰਦਰੀ ਸ਼ਰਾਬ ਨੂੰ।
ਰੱਖਣਾ ਹੈ ਉੱਚੀ ਅਸੀਂ ਵਤਨਾਂ ਦੀ ਸ਼ਾਨ ਨੂੰ ।
ਚਾੜ੍ ਦਿਓ ਕੰਬਣੀ ਉਹ ਹਾਕਮਾਂ ਦੀ ਜਾਨ ਨੂੰ ।
ਚਾਹੁੰਦੇ ਨੇ ਉਜਾੜਨਾਂ ਜੋ ਟਹਿਕਦੇ ਗੁਲਾਬ ਨੂੰ।
ਸਮੇਂ ਦੀ ਹੈ ਲੋੜ ਹੁਣ ਆਪੇ ਨੂੰ ਪਛਾਣ ਲਓ ।
ਅਸਲੀ ਹੈ ਕੌਣ ਵੈਰੀ ਦੁੱਧੋਂ ਪਾਣੀ ਛਾਣ ਲਓ ।
ਅੰਬਰਾਂ ‘ਚ ਉੱਡੋ ਮਾਤ ਪਾ ਦਿਓ ਉਕਾਬ ਨੂੰ ।
ਪੜੋ ਅਤੇ ਸਮਝੋ ਸ਼ਹੀਦਾਂ ਦੀ ਕਿਤਾਬ ਨੂੰ ।
ਰਣਧੀਰ ਵਿਰਕ
98519 20008