ਭਾਜਪਾ ਵਲੋਂ ਫਿਲਮੀ ਅਭਿਨੇਤਾ ਸੰਨੀ ਦਿਓਲ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀਆਂ ਸਰਗਰਮੀਆਂ ਵਧ ਗਈਆਂ ਹਨ। ਇਸ ਨੂੰ ਲੈ ਕੇ ਸ੍ਰੀ ਜਾਖੜ ਨੇ ਅੱਜ ਸੁਜਾਨਪੁਰ ਵਿਚ ਇੱਕ ਚੋਣ ਰੈਲੀ ਕਰ ਕੇ ਉਸ ਵਿੱਚ ਪਾਰਟੀ ਦੇ ਸਾਰੇ ਧੜਿਆਂ ਦੇ ਆਗੂਆਂ ਨੂੰ ਇੱਕ ਮੰਚ ਉਪਰ ਖੜ੍ਹਾ ਕਰ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸੁਜਾਨਪੁਰ ਵਿੱਚ ਕਾਂਗਰਸ ਪਾਰਟੀ ਇੱਕਮੁੱਠ ਹੈ। ਜ਼ਿਕਰਯੋਗ ਹੈ ਕਿ ਸੁਜਾਨਪੁਰ ਵਿਧਾਨ ਸਭਾ ਹਲਕਾ ਇੱਕ ਐਸਾ ਹਲਕਾ ਹੈ ਜਿਥੇ ਕਾਂਗਰਸ ਪਾਰਟੀ ਅੰਦਰ ਗੁੱਟਬੰਦੀ ਹੋਣ ਕਾਰਨ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਬੂ ਸਫ਼ਲ ਹੁੰਦਾ ਰਿਹਾ ਹੈ ਤੇ ਵਿਧਾਇਕ ਬਣਦਾ ਰਿਹਾ ਹੈ। ਵਿਨੋਦ ਖੰਨਾ ਐਮ.ਪੀ ਦੀ ਮੌਤ ਹੋ ਜਾਣ ਬਾਅਦ ਸਾਲ 2017 ਵਿੱਚ ਹੋਈ ਜ਼ਿਮਨੀ ਚੋਣ ਸਮੇਂ ਜਾਖੜ ਇਸ ਹਲਕੇ ਵਿੱਚ ਸਾਰੇ ਕਾਂਗਰਸੀ ਗੁੱਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਕਾਮਯਾਬ ਰਹੇ ਸਨ। ਜਿਸ ਕਰ ਕੇ ਉਹ ਇਸ ਹਲਕੇ ਵਿੱਚੋਂ ਵੀ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਤੋਂ ਲੀਡ ਲੈ ਸਕੇ ਸਨ। ਪਿਛਲੇ ਹਫਤੇ ਸ਼ਰਾਬ ਦੇ ਇੱਕ ਠੇਕੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਦੋ ਗੁੱਟਾਂ ਅੰਦਰ ਕਸ਼ਮਕਸ਼ ਹੋਈ ਸੀ ਤੇ ਇਸ ਦਾ ਅਸਰ ਲੋਕ ਸਭਾ ਦੀ ਹੋਣ ਵਾਲੀ ਚੋਣ ਉਪਰ ਵੀ ਪੈ ਸਕਣ ਨੂੰ ਲੈ ਕੇ ਜਾਖੜ ਨੇ ਕਾਫੀ ਮਿਹਨਤ ਕੀਤੀ ਤੇ ਅੱਜ ਦੀ ਰੈਲੀ ਕੀਤੀ। ਉਨ੍ਹਾਂ ਆਪਣੇ ਨਾਲ ਸਟੇਜ ਉਪਰ ਸਾਰੇ ਹੀ ਧੜਿਆਂ ਦੇ ਆਗੂਆਂ ਨਰੇਸ਼ ਪੁਰੀ, ਅਮਿਤ ਸਿੰਘ ਮੰਟੂ ਅਤੇ ਵਿਨੇ ਮਹਾਜਨ ਨੂੰ ਆਪਣੇ ਨਾਲ ਹੀ ਖੜ੍ਹੇ ਕੀਤਾ। ੍ਸ੍ਰੀ ਜਾਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਆਪਣੇ ਇੱਕ ਸਾਲ 4 ਮਹੀਨੇ ਦੇ ਸੰਸਦੀ ਕਾਰਜਕਾਲ ਵਿੱਚ 17.47 ਕਰੋੜ ਰੁਪਏ ਹਲਕਾ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਲਈ ਵੰਡੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 10 ਸਾਲ ਅਕਾਲੀ-ਭਾਜਪਾ ਦੀ ਸਰਕਾਰ ਰਹੀ ਅਤੇ ਭਾਜਪਾ ਨਾਲ ਸਬੰਧਤ ਸਥਾਨਕ ਵਿਧਾਇਕ ਦਿਨੇਸ਼ ਸਿੰਘ ਬੱਬੂ ਉਸ ਸਮੇਂ ਡਿਪਟੀ ਸਪੀਕਰ ਵੀ ਰਹੇ ਪਰ ਅਜੇ ਵੀ ਸੁਜਾਨਪੁਰ ਵਾਸੀ ਸੀਵਰੇਜ, ਬੱਸ ਸਟੈਂਡ ਦੀਆਂ ਮੁੱਢਲੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਐਟਮ ਬੰਮ ਬਣਾਇਆ, ਕੇਂਦਰ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਇੰਦਰਾ ਗਾਂਧੀ ਨੇ ਪਹਿਲੀ ਵਾਰ ਐਟਮ ਬੰਮ ਤਿਆਰ ਕੀਤਾ ਸੀ ਪਰ ਕਦੇ ਵੀ ਇੰਦਰਾ ਗਾਂਧੀ ਨੇ ਇਸ ਗੱਲ ਦਾ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਲਈ ਰੁਜ਼ਗਾਰ ਦੀ ਸਖਤ ਜ਼ਰੂਰਤ ਹੈ ਜਿਸ ਵਿੱਚ ਨਰਿੰਦਰ ਮੋਦੀ ਬੁਰੀ ਤਰ੍ਹਾਂ ਅਸਫ਼ਲ ਰਹੇ।
INDIA ਜਾਖੜ ਸਾਰੇ ਕਾਂਗਰਸੀ ਆਗੂਆਂ ਨੂੰ ਇੱਕਮੁੱਠ ਕਰਨ ਵਿੱਚ ਸਫ਼ਲ