ਐਸ.ਏ.ਐਸ. ਨਗਰ (ਮੁਹਾਲੀ)/ਖਰੜ (ਸਮਾਜਵੀਕਲੀ) : ਮੁਹਾਲੀ ਪੁਲੀਸ ਨੇ ਪਿੰਡ ਸਵਾੜਾ ਦੇ ਮੈਦਾਨ ਵਿੱਚ ਹੋਏ ਟੀ-20 ਕ੍ਰਿਕਟ ਮੈਚ ਨੂੰ ਸ੍ਰੀਲੰਕਾ ਵਿੱਚ ਹੋਇਆ ਦਰਸ਼ਾ ਕੇ ਸਿੱਧਾ ਪ੍ਰਸਾਰਣ ਕਰਕੇ ਸੱਟਾ ਲਾਉਣ ਦੇ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਹੋਰਾਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਹੁਣ ਤਕ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਹ ਖੁਲਾਸਾ ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਹੈਪੀ ਚੰਡੀਗੜ੍ਹ ਅਤੇ ਕੁੱਜੂ ਚੰਡੀਗੜ੍ਹ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੁਲੀਸ ਇਸ ਤੋਂ ਪਹਿਲਾਂ ਪੰਕਜ ਅਰੋੜਾ ਵਾਸੀ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅਦਾਲਤ ਨੇ ਪੰਕਜ ਤੇ ਰਾਜੇਸ਼ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਵਧਾ ਦਿੱਤਾ ਹੈ, ਜਦੋਂਕਿ ਡੰਡੀਵਾਲ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਐਸਐਸਪੀ ਨੇ ਦੱਸਿਆ ਕਿ ਇਹ ਕਾਰਵਾਈ ਪਰਮਿੰਦਰ ਸਿੰਘ ਵਾਸੀ ਸੰਨੀ ਇਨਕਲੇਵ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਖਰੜ ਸਦਰ ਥਾਣੇ ਵਿੱਚ ਧਾਰਾ 420, 120ਬੀ ਅਤੇ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਰਾਜੂ ਕਾਲੀਆ ਕੋਲੋਂ 2 ਲੈਪਟਾਪ, 5 ਮੋਬਾਈਲ ਫੋਨ ਅਤੇ ਪੰਕਜ ਅਰੋੜਾ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਰਵਿੰਦਰ ਡੰਡੀਵਾਲ, ਹੈਪੀ ਚੰਡੀਗੜ੍ਹ ਅਤੇ ਕੁੱਜੂ ਚੰਡੀਗੜ੍ਹ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ਵਿੱਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਹ ਬੀਬੀਸੀਆਈ ਦੇ ਕ੍ਰਾਈਮ ਸੈੱਲ ਨੂੰ ਲੋੜੀਂਦਾ ਹੈ।