ਜਾਂਦੀ ਰਹੀ

(ਸਮਾਜ ਵੀਕਲੀ)

ਦੋਸਤਾਂ ਦੀ ਦੋਸਤੀ ਜਾਂਦੀ ਰਹੀ।
ਬੰਦਿਆਂ ‘ਚੋਂ ਬੰਦਗੀ ਜਾਂਦੀ ਰਹੀ।

ਮਜਲਸਾਂ ਵਿੱਚ ਸੀ ਉਦਾਸੀ ਮੁੱਢ ਤੋਂ,
ਮਹਿਫ਼ਲਾਂ ‘ਚੋਂ ਵੀ ਖ਼ੁਸ਼ੀ ਜਾਂਦੀ ਰਹੀ।

ਦੋਸ਼ ਦੇਈਏ ਸ਼ਹਿਰੀਆਂ ਨੂੰ ਕੀ ਭਲਾਂ,
ਪਿੰਡਾਂ ‘ਚੋਂ ਵੀ ਸਾਦਗੀ ਜਾਂਦੀ ਰਹੀ।

ਗੱਭਰੂਆਂ ਦੀ ਅਣਖ਼ ਚਿੱਟਾ ਚਰ ਗਿਆ,
ਮਰਦਾਂ ‘ਚੋਂ ਮਰਦਾਨਗੀ ਜਾਂਦੀ ਰਹੀ।

ਪੜ੍ਹੀਆਂ ਲਿਖੀਆਂ ਧੀਆਂ ਚੇਤਨ ਹੋ ਗੀਆਂ,
ਔਰਤਾਂ ਚੋਂ ਬੇਬਸੀ ਜਾਂਦੀ ਰਹੀ।

ਕੋਈ ਹਾਸੇ ਲੈ ਕੇ ਰੋਣੇ ਦੇ ਗਿਆ,
ਨੀਲੇ ਨੈਣਾਂ ਚੋਂ ਨਮੀ ਜਾਂਦੀ ਰਹੀ।

ਰੰਗ ਬਰੰਗੇ ਜਗਦੇ ਲਾਟੂ ਵੇਖ ਕੇ,
ਦੀਵਿਆਂ ਦੀ ਰੌਸ਼ਨੀ ਜਾਂਦੀ ਰਹੀ।

ਜੀਅ ਕਰੇ ਜਦ ਆਨ ਲਾਈਨ ਹੋ ਜਾਈਦੈ,
ਖਿੱਚ ਅਸਲੀ ਪਿਆਰ ਦੀ ਜਾਂਦੀ ਰਹੀ।

‘ਰੰਚਣਾਂ’ ਪਿੰਡ ਮਰਨ ਕੰਢੇ ਹੋ ਗਿਐ,
ਕੁੱਲ ਮਿਲਾ ਕੇ ਜ਼ਿੰਦਗੀ ਜਾਂਦੀ ਰਹੀ।

       ਮੂਲ ਚੰਦ ਸ਼ਰਮਾ
ਪ੍ਰਧਾਨ
ਪੰਜਾਬੀ ਸਾਹਿਤ ਸਭਾ, ਧੂਰੀ
(ਸੰਗਰੂਰ )9478408898

Previous articleਬੁੱਧ ਧੰਮ ਦੀਖਸ਼ਾ ਦਿਵਸ ਤੇ ਅਸ਼ੋਕ ਵਿਜੇੈ ਦਸ਼ਮੀ ਧੂਮ-ਧਾਮ ਨਾਲ ਮਨਾਈ – ਸਾਂਪਲਾ
Next articleਵੂਮੈਨਜ਼ ਟੇਲਰ ਦੀ ਟ੍ਰੇੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ