ਜਾਂਚ ਟੀਮ ਨੇ ਸੁਖਬੀਰ ਦੇ ਸਮਾਗਮਾਂ ਦਾ ਰਿਕਾਰਡ ਮੰਗਿਆ

ਬਹਿਬਲ ਕਾਂਡ ਤੋਂ ਦਸ ਦਿਨ ਪਹਿਲਾਂ ਤੇ ਬਾਅਦ ਦਾ ਸਮੁੱਚਾ ਰਿਕਾਰਡ ਪੜਤਾਲ ’ਚ ਸ਼ਾਮਲ ਕੀਤਾ

ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਪੜਤਾਲ ਨੂੰ ਨਵਾਂ ਮੋੜ ਦਿੰਦਿਆਂ ਪੰਜਾਬ ਦੇ ਪ੍ਰਮੱਖ ਸਕੱਤਰ ਤੋਂ ਸੁਖਬੀਰ ਸਿੰਘ ਬਾਦਲ ਦੇ ਬੇਅਦਬੀ ਕਾਂਡ ਦੇ ਸਮੇਂ ਦੌਰਾਨ ਸਮੁੱਚੇ ਦੌਰਿਆਂ ਤੇ ਸਮਾਗਮਾਂ ਦਾ ਵੇਰਵਾ ਮੰਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਪ੍ਰਮੁੱਖ ਸਕੱਤਰ ਪੰਜਾਬ ਤੋਂ ਸੁਖਬੀਰ ਸਿੰਘ ਬਾਦਲ ਦੀਆਂ ਬਹਿਬਲ ਕਾਂਡ ਤੋਂ ਦਸ ਦਿਨ ਪਹਿਲਾਂ ਅਤੇ ਦਸ ਦਿਨ ਬਾਅਦ ਦੀਆਂ ਸਮੁੱਚੀਆਂ ਫੇਰੀਆਂ ਦਾ ਰਿਕਾਰਡ ਤਲਬ ਕੀਤਾ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਰੀ ਕੀਤੇ ਸਰਕਾਰੀ ਵਾਹਨਾਂ ਦੀ ਲਿਸਟ ਮੰਗੀ ਹੈ ਅਤੇ ਨਾਲ ਹੀ ਖੁਫ਼ੀਆ ਤੰਤਰ ਤੋਂ ਉਨ੍ਹਾਂ ਦੇ ਅਕਤੂਬਰ 2015 ਦੌਰਾਨ ਦੌਰਿਆਂ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ‘ਤੇ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਪੜਤਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਮੰਨਿਆ ਸੀ ਕਿ ਜਦੋਂ ਬਹਿਬਲ ਕਾਂਡ ਵਾਪਰਿਆ ਉਸ ਸਮੇਂ ਉਹ ਪੰਜਾਬ ਵਿੱਚ ਨਹੀਂ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ 8 ਅਕਤੁਬਰ 2015 ਤੋਂ ਲੈ ਕੇ 14 ਅਕਤੂਬਰ 2015 ਤੱਕ ਪੰਜਾਬ ਵਿੱਚ ਨਹੀਂ ਸਨ। ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਜਾਂਚ ਟੀਮ ਸਾਹਮਣੇ ਵੀ ਕਹੀ ਸੀ ਪਰ ਜਾਂਚ ਟੀਮ ਨੂੰ ਅਜੇ ਤੱਕ ਇਸ ਗੱਲ ਬਾਰੇ ਪੂਰੀ ਸੂਚਨਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੇ ਅਕਤੂਬਰ 2015 ਦੇ ਪੂਰੇ ਰੁਝੇਵੇਂ ਕੀ ਸਨ ਅਤੇ ਉਹ ਪੰਜਾਬ ਤੋਂ ਬਾਹਰ ਕਿੱਥੇ-ਕਿੱਥੇ ਤੇ ਕਿਸ ਮਕਸਦ ਲਈ ਗਏ ਅਤੇ ਇਸ ਸਮੇਂ ਦੌਰਾਨ ਸੁਖਬੀਰ ਬਾਦਲ ਦੀਆਂ ਮੁਲਾਕਾਤਾਂ ਕਿਸ-ਕਿਸ ਨਾਲ ਹੋਈਆਂ। ਜਾਂਚ ਟੀਮ ਵੱਲੋਂ ਤਲਬ ਕੀਤੇ ਗਏ ਹੁਣ ਤੱਕ 200 ਤੋਂ ਵੱਧ ਗਵਾਹਾਂ ਦੇ ਬਿਆਨ ਲਿਖਣ ਤੋਂ ਬਾਅਦ ਇੱਕ ਇਹ ਤੱਥ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਅਤੇ ਉਸ ਨੂੰ ਮੁਆਫ਼ੀ ਦੇਣ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਅਦਾਕਾਰ ਅਕਸ਼ੈ ਕੁਮਾਰ ਦਰਮਿਆਨ ਮੀਟਿੰਗਾਂ ਹੋਈਆਂ ਸਨ ਅਤੇ ਅਕਸ਼ੈ ਕੁਮਾਰ ਨੇ ਇਸ ਵਿੱਚ ਵਿਚੋਲਗੀ ਕੀਤੀ ਸੀ। ਜਾਂਚ ਟੀਮ ਬਹਿਬਲ ਕਾਂਡ ਤੇ ਬੇਅਦਬੀ ਕਾਂਡ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਉਸ ਦੀ ਫਿਲਮ ਰਿਲੀਜ਼ ਕਰਵਾਉਣ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।

Previous articleNo civilization superior over another, says Xi
Next articleIran pulls out of parts of 2015 nuclear deal