ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਦੋ ਸਿਖਰਲੇ ਅਧਿਕਾਰੀਆਂ ਦਰਮਿਆਨ ਜਾਰੀ ਰੇੜਕਾ ਜਨਤਕ ਹੋਣ ਤੋਂ ਹਫ਼ਤਿਆਂ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਜਾਂਚ ਏਜੰਸੀਆਂ ਲਈ ਅਹਿਮ ਸਿਧਾਂਤ ਨਿਰਧਾਰਿਤ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਮਾਮਲੇ ਦੀ ਜਾਂਚ ਦੌਰਾਨ ਪੇਸ਼ੇਵਰ ਪਹੁੰਚ ਅਪਣਾਉਣ। ਇਹੀ ਨਹੀਂ ਵਿੱਤ ਮੰਤਰੀ ਨੇ ਜਾਂਚ ਏਜੰਸੀਆਂ ਨੂੰ ਸਲਾਹ ਦਿੱੱਤੀ ਕਿ ਉਹ ਕਿਸੇ ਮਾਮਲੇ ਦੀ ਜਾਂਚ ਸ਼ੁਰੂ ਹੋਣ ਮਗਰੋਂ ਮੀਡੀਆ ਵੱਲ ਭੱਜਣ ਤੋਂ ਪ੍ਰਹੇਜ਼ ਕਰਨ।
ਇਥੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ 61ਵੇਂ ਸਥਾਪਨਾ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਜੇਤਲੀ ਨੇ ਕਿਹਾ, ‘ਡੀਆਰਆਈ, ਕਸਟਮਜ਼ ਐਕਟ ਦੀ ਉਲੰਘਣਾ ਤੇ ਤਸਕਰੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਸਿਖਰਲੀ ਇੰਟੈਲੀਜੈਂਸ ਤੇ ਜਾਂਚ ਏਜੰਸੀ ਹੈ, ਜਿਸ ਨੂੰ ਇਕ ਸੰਪੂਰਨਾ ਸੰਸਥਾ ਬਣਨ ਲਈ ਈਮਾਨਦਾਰੀ ਤੇ ਪੇਸ਼ੇਵਰ ਮਾਪਦੰਡਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।’
ਉਨ੍ਹਾਂ ਕਿਹਾ, ਜੇਕਰ ਮੈਂ ਪੁਲੀਸ, ਜੋ ਕਿ ਬੁਨਿਆਦੀ ਜਾਂਚ ਏਜੰਸੀ ਹੈ ਤੇ ਜਿਸ ਦਾ ਮੁਲਕ ਵਿੱਚ ਸਭ ਤੋਂ ਵੱਡਾ ਨੈੱਟਵਰਕ ਹੈ, ਸਮੇਤ ਵੱਖੋ ਵੱਖ ਜਾਂਚ ਏਜੰਸੀਆਂ ’ਤੇ ਝਾਤ ਮਾਰਾਂ ਤਾਂ ਕੁੱਲ ਮਿਲਾ ਕੇ ਸਿਹਰਾ ਡੀਆਰਆਈ ਸਿਰ ਹੀ ਬੱਝਦਾ ਹੈ। ਲਿਹਾਜ਼ਾ ਡੀਆਰਆਈ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਵਿਵਾਦ ਤੋਂ ਦੂਰ ਰਹੇ।’
ਜੇਤਲੀ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸੇ ਵੀ ਬੇਕਸੂਰ ਨੂੰ ਕੋਈ ਨੁਕਸਾਨ ਜਾਂ ਪ੍ਰੇਸ਼ਾਨੀ ਨਾ ਹੋਵੇ, ਪਰ ਨਾਲ ਦੀ ਨਾਲ ਇਹ ਵੀ ਪੱਕਾ ਕਰਨ ਕਿ ਕੋਈ ਕਸੂਰਵਾਰ ਬਚ ਨਾ ਨਿਕਲੇ। ਵਿੱਤ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਜਿੰਨਾ ਮੀਡੀਆ ਦੇ ਵਿਵਾਦਾਂ ਜਾਂ ਖ਼ਬਰਾਂ ਤੋਂ ਦੂਰ ਰਹਿਣਗੀਆਂ ਓਨਾ ਹੀ ਉਨ੍ਹਾਂ ਲਈ ਚੰਗਾ ਹੋਵੇਗਾ।
INDIA ਜਾਂਚ ਏਜੰਸੀਆਂ ਪੇਸ਼ੇਵਰ ਪਹੁੰਚ ਅਪਣਾਉਣ: ਜੇਤਲੀ