ਐਜ਼ੋਲ: ਮਿਜ਼ੋ ਨੈਸ਼ਨਲ ਫਰੰਟ (ਐਮਐਨਐਫ) ਦੇ ਮੁਖੀ ਜ਼ੋਰਾਮਥਾਂਗਾ ਸ਼ਨਿਚਰਵਾਰ ਨੂੰ ਮਿਜ਼ੋਰਮ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਰਾਜਪਾਲ ਕੁਮਾਨਮ ਰਾਜਸ਼ੇਖਰਨ ਨੇ ਚੋਣ ਅਧਿਕਾਰੀਆਂ ਤੋਂ ਨਤੀਜੇ ਦੀ ਦਸਤਖ਼ਤਸ਼ੁਦਾ ਕਾਪੀ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਜ਼ੋਰਾਮਥਾਂਗਾ ਨੂੰ ਰਸਮੀ ਤੌਰ ’ਤੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਸੂਤਰਾਂ ਅਨੁਸਾਰ ਰਾਜਪਾਲ ਨੇ ਅੱਠਵੀਂ ਵਿਧਾਨ ਸਭਾ ਦੇ ਗਠਨ ਦਾ ਰਾਹ ਪੱਧਰਾ ਕਰਨ ਲਈ ਦਿਨ ਵੇਲੇ ਸੱਤਵੀਂ ਸੂਬਾਈ ਵਿਧਾਨ ਪਾਲਿਕਾ ਨੂੰ ਭੰਗ ਕਰ ਦਿੱਤਾ ਸੀ। 15 ਤਰੀਕ ਨੂੰ ਹੋਣ ਵਾਲੇ ਹਲਫਦਾਰੀ ਸਮਾਗਮ ਵਿੱਚ ਕੌਂਸਲ ਦੇ 12 ਮੰਤਰੀਆਂ ਦੇ ਸਹੁੰ ਚੁੱਕਣ ਬਾਰੇ ਕੋਈ ਜਾਣਕਾਰੀ ਨਹੀਂ ਹੈ। 40 ਮੈਂਬਰੀ ਵਿਧਾਨਪਾਲਿਕਾ ਵਿੱਚ ਇਕ ਦਹਾਕੇ ਬਾਅਦ 26 ਸੀਟਾਂ ’ਤੇ ਜਿੱਤ ਦਰਜ ਕਰ ਕੇ ਐਮਐਨਐਫ ਸੱਤਾ ’ਤੇ ਕਾਬਜ਼ ਹੋਈ ਹੈ। ਇਸ ਦੇ ਨਾਲ ਹੀ ਨਵੀਂ ਬਣੀ ਗੈਰ ਰਜਿਸਟਰਡ ਜ਼ੋਰਾਮ ਪੀਪਲਜ਼ ਮੂਵਮੈਂਟ ਨੇ ਅੱਠ ਸੀਟਾਂ ਜਿੱਤੀਆਂ ਹਨ। ਜੋ ਸੱਤਾ ਤੋਂ ਲਾਂਭੇ ਹੋਈ ਕਾਂਗਰਸ ਨਾਲੋਂ ਤਿੰਨ ਵਧ ਹਨ।