ਪਟਿਆਲਾ (ਸਮਾਜ ਵੀਕਲੀ): ਨਿਹੰਗ ਸਿੰਘਾਂ ਦੀ ਧੜੇਬੰਦੀ ਕਾਰਨ ਆਪਣੇ ਪਿਤਾ, ਦੋ ਭਰਾਵਾਂ ਅਤੇ ਇੱੱਕ ਭਤੀਜੇ ਸਮੇਤ ਦਸ ਦੇ ਕਰੀਬ ਸਾਥੀ ਨਿਹੰਗ ਸਿੰਘਾਂ ਦੀਆਂ ਜਾਨਾਂ ਗੁਆਉਣ ਵਾਲੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜ਼ੈੱਡ ਪਲੱਸ ਸੁਰੱਖਿਆ ਨਾ ਮਿਲਣ ਡੀਜੀਪੀ ਤੋਂ ਖਫ਼ਾ ਹਨ। ਹਾਲ ਵਿੱਚ ਦਿੱਲੀ ਪੁਲੀਸ ਨੇ ਬਾਬਾ ਬਲਬੀਰ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਨੂੰ ਬੇਨਕਾਬ ਕਰਦਿਆਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਕਥਿਤ ਪਹਿਲਾਂ ਨਾਲੋਂ ਵੀ ਘਟਾ ਦਿੱਤੀ ਹੈ, ਜਿਸ ਤੋਂ ਉਹ ਬੇਹੱਦ ਦੁਖੀ ਹਨ। ਉਹ ਚਾਰ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਛੇ ਵਾਰ ਡੀਜੀਪੀ ਦਿਨਕਰ ਗੁਪਤਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕੋਲ਼ ਪਹਿਲਾਂ ਸੁਰੱਖਿਆ ਲਈ 33 ਕਰਮੀ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਅੱਠ ਰਹਿ ਗਈ ਹੈ। ਹਾਲਾਂਕਿ ਉਹ ਜ਼ੈੱਡ ਪਲੱਸ ਸੁੁਰੱਖਿਆ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 21 ਸਤੰਬਰ 2007 ਨੂੰ ਪਟਿਆਲਾ ਵਿੱਚ ਨਿਹੰਗ ਸਿੰਘਾਂ ਦੀ ਧੜੇਬੰਦੀ ਦੌਰਾਨ ਬਾਬਾ ਬਲਬੀਰ ਸਿੰਘ ਦੇ ਪਿਤਾ, ਦੋ ਭਰਾਵਾਂ ਅਤੇ ਇੱਕ ਭਤੀਜੇ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਚਾਲ਼ੀ ਖ਼ਿਲਾਫ਼ ਕੇਸ ਦਰਜ ਹੋਇਆ। ਬੇਗੁਨਾਹੀ ਤਹਿਤ ਕੁਝ ਦੇ ਨਾਮ ਨਿਕਲ਼ ਗਏ ਜਦਕਿ ਸੱਤ ਅਜੇ ਵੀ ਫਰਾਰ ਹਨ। ਦੋ ਦੀ ਮੌਤ ਹੋ ਗਈ ਸੀ। ਸਾਲ 2016 ’ਚ ਆਏ ਫੈਸਲੇ ਦੌਰਾਨ ਅੱਠ ਨੂੰ ਤਾਉਮਰ ਕੈਦ ਹੋਈ ਤੇ ਬਾਕੀ ਬਰੀ ਹੋ ਗਏ। ਦਿੱਲੀ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮਲਕੀਤ ਸਿੰਘ ਵੀ ਬਰੀ ਹੋਣ ਵਾਲ਼ਿਆਂ ’ਚ ਸ਼ਾਮਲ ਹੈ।
ਬਾਬਾ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮੁਕਤਸਰ ’ਚ ਉਸ ਦੇ ਚਾਰ ਸਾਥੀ ਕਤਲ ਕਰਨ ਸਮੇਤ ਇੱਕ ਦੀ ਲਾਸ਼ ਟੋਟੇ-ਟੋਟੇ ਕਰਕੇ ਯਮੁਨਾ ’ਚ ਸੁੱਟ ਦਿੱਤੀ ਗਈ। ਪੰਜਾਬ ’ਚ ਇੱਕ ਦਾ ਸਿਰ ਹੀ ਕਲਮ ਕਰ ਦਿੱਤਾ ਗਿਆ। ਉਸ ’ਤੇ ਕਈ ਹਮਲੇ ਹੋ ਚੁੱਕੇ ਹਨ। ਅਦਾਲਤ ਦਾ ਦਰਵਾਜ਼ਾ ਖੜਕਾਉਣ ’ਤੇ ਹੀ ਕੁਝ ਸਾਲ ਪਹਿਲਾਂ ਸਰਕਾਰ ਨੇ 33 ਗੰਨਮੈਨ ਦਿੱਤੇ ਸਨ, ਜੋ ਹੁਣ 8 ਹੀ ਰਹਿ ਗਏ ਹਨ। ਉਨ੍ਹਾਂ ਵਿਚੋਂ ਵੀ ਦੋ/ਤਿੰਨ ਛੁੱਟੀ/ਰੈਸਟ ’ਤੇ ਚਲੇ ਜਾਂਦੇ ਹਨ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਮੁੱਖ ਮੰਤਰੀ ਨੇ ਖੁਦ ਉਨ੍ਹਾਂ ਨੂੰ ਫੋਨ ਕਰਕੇ ਜ਼ੈੱਡ ਪਲੱਸ ਸੁਰੱਖਿਆ ਮਿਲਣ ਬਾਰੇ ਪੁੱਛਿਆ ਸੀ ਪਰ ਪਰਨਾਲ਼ਾ ਉਥੇ ਦਾ ਉਥੇ ਹੀ ਹੈ। ਉਂਜ ਬਲਬੀਰ ਸਿੰਘ ਨੇ ਜਿਥੇ ਖੁਦ ਹੀ ਪੰਜ ਬੁਲੇਟ ਪਰੂਫ ਗੱਡੀਆਂ ਤਿਆਰ ਕਰਵਾਈਆਂ ਹੋਈਆਂ ਹਨ, ਉਥੇ ਹੀ ਆਪਣੇ 15/20 ਹਥਿਆਰਬੰਦ ਨਿਹੰਗ ਸਿੰਘ ਵੀ ਉਹ ਆਪਣੇ ਨਾਲ਼ ਰੱਖਦੇ ਹਨ।