(ਸਮਾਜ ਵੀਕਲੀ)
ਮੰਨਿਆਂ ਕਦੇ ਜ਼ਿੰਦਗੀ ਵਿੱਚ ਹਨੇਰਾ ਨਜ਼ਰ ਆਉਂਦਾ ਹੈ, ਪਰ ਉਮੀਦਾਂ ਦੀ ਕਿਰਨ ਤੁਸੀਂ ਆਪ ਹੋ। ਜ਼ਿੰਦਗੀ ਦੀਆਂ ਹਕੀਕਤਾਂ ਦਾ ਸੂਰਜ ਬਣਕੇ ਦੇਖੋ ਫਿਰ ਦੇਖੋ ਕਿਵੇਂ ਹਨੇਰਾ ਦੂਰ ਹੁੰਦਾ। ਸਭ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਪਰ ਕਦੇ ਖੁਦ ਲਈ ਸਮਾਂ ਕੱਢ ਕੇ ਦੇਖੋ, ਆਪਣੇ ਆਪ ਨਾਲ ਮੁਹੱਬਤ ਕਰਕੇ ਦੇਖੋ ਜ਼ਿੰਦਗੀ ਖੂਬਸੂਰਤ ਹੋ ਜਾਏਗੀ। ਜ਼ਿੰਦਗੀ ਦੇ ਅਰਥ ਜ਼ਿੰਦਗੀ ਜਿਉਂਣ ਦੇ ਢੰਗਾਂ ਵਿੱਚ ਹੀ ਹੁੰਦੇ ਨੇ, ਕਿਤੇ ਹੋਰ ਨਹੀਂ।
ਆਓ ਕੁਦਰਤ ਨਾਲ ਸਾਝਾਂ ਪਾਈਏ, ਖੁਦ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਾਂਗੇ। ਰਜ਼ਾ ‘ਚ ਰਹਿਣਾ ਸਿੱਖੀਏ ਰੱਜ-ਰੱਜ ਜਿਉਂਈਏ! ਸਾਡੇ ਦੁੱਖਾਂ ਦਾ ਮੁੱਖ ਕਾਰਨ ਸਾਡੇ ਵਿਚ ਉਤਸ਼ਾਹ ਦੀ ਘਾਟ ਦਾ ਹੋਣਾ ਹੁੰਦਾ ਹੈ।
ਮੈਨੂੰ ਆਪਣੇ ਸਾਰੇ ਚੰਗੇ ਮਿੱਤਰ, ਸਾਰੀ ਮਨੁੱਖਤਾ ਦਾ ਚੰਗਾ ਚਾਹੁਣ ਵਾਲੇ ਰੌਸ਼ਨ ਦਿਮਾਗ਼, ਜੋ ਮੁਹੱਬਤ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹਨ, ਤੇ ਸੁਥਰੀ ਜ਼ਿੰਦਗੀ ਦੇ ਰੂਬਰੂ ਲੋਕ, ਵਰਤਮਾਨ ਨੂੰ ਮਰਜ਼ੀ ਅਤੇ ਮਾਣ ਨਾਲ ਜਿਉਂਣ ਵਾਲੇ ਅਤੇ ਜਾਗਦੇ ਕਿਰਦਾਰਾਂ ਵਿੱਚੋਂ ਮੈਨੂੰ ਅਨੇਕਾਂ ਰਾਹ ਨਜ਼ਰ ਆਉਂਦੇ ਹਨ, ਚਾਅ ਅਤੇ ਉਤਸ਼ਾਹ ਮਿਲਦਾ ਹੈ। ਜੀਵਨ ਵਿੱਚ ਦੁੱਖ ਤਕਲੀਫਾਂ ਆਉਂਦੇ ਰਹਿੰਦੇ ਨੇ ਪਰ ਉਹਨਾਂ ਨੂੰ ਹੱਸ ਕੇ ਹੰਢਾ ਕੇ ਦੇਖੋ ।
ਖੁਸ਼ੀਆਂ ਵਲ ਜਾਣ ਦਾ ਰਸਤਾ ਤੁਹਾਨੂੰ ਆਪ ਲੱਭਣਾ ਪੈਣਾ, ਇਸ ਦੇ ਲਈ ਕੋਸ਼ਿਸ਼ ਆਪ ਕਰਨੀ ਪੈਣੀ ਆ। ਇਸ ਲਈ ਜ਼ਿੰਦਗੀ ਵਿੱਚ ਉਤਸ਼ਾਹ ਜਰੂਰੀ ਹੈ। ਇਹੋ ਉਤਸਾਹ ਤੁਹਾਡੀ ਸੋਚ ਨੂੰ ਬਦਲੇਗਾ। ਤਿੱਤਲੀ ਵਾਂਗ ਅਜ਼ਾਦ ਪੰਛੀ ਵਾਂਗ ਖੁੱਲੇ ਅਸਮਾਨ ਵਿੱਚ ਉੱਡ ਕੇ ਦੇਖੋ, ਖੁੱਲ ਕੇ ਜੀਓ, ਲੋਕ ਕੀ ਸੋਚਣਗੇ ਇਹ ਪਰਵਾਹ ਛੱਡ ਦਿਉ।
ਲੋਕਾਂ ਦਾ ਕੰਮ ਬੋਲਣਾ ਕਿਉਂਕਿ ਉਹ ਓਥੇ ਨਹੀਂ ਪਹੁੰਚ ਸਕਦੇ ਜਿੱਥੇ ਤੁਸੀਂ ਖੜੇ ਹੋ। ਇਹ ਸੋਚ ਕੇ ਜ਼ਿੰਦਗੀ ਦੇ ਉਤਸ਼ਾਹ ਨੂੰ ਘਟਣ ਨਾ ਦਿਉ, ਅਪਣੇ ਜ਼ਿੰਦਗੀ ਜਿਉਣ ਦਾ ਢੰਗ ਨਾ ਬਦਲੋ।
ਗੁਰਪ੍ਰੀਤ ਕੌਰ
ਅੰਗਰੇਜ਼ੀ ਮਿਸਟ੍ਰੈੱਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਕਾਤਰੋਂ