ਚੰਡੀਗੜ੍ਹ (ਸਮਾਜ ਵੀਕਲੀ) : ਤਰਨਤਾਰਨ ਜ਼ਿਲ੍ਹੇ ’ਚ 12 ਹੋਰ ਲੋਕਾਂ ਦੀ ਮੌਤ ਨਾਲ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 98 ਹੋ ਗਈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ, “ਤਰਨਤਾਰਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 75 ਹੋ ਗਈ ਹੈ।” ਇਸ ਦੌਰਾਨ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਪ੍ਰਦਰਸ਼ਨ ਕੀਤੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਬਠਿੰਡਾ (ਸਮਾਜ ਵੀਕਲੀ) :ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 86 ਮੌਤਾਂ ਦੇ ਮਾਮਲੇ ਵਿੱਚ ਅੱਜ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤੀ। ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ, ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ, ਅੰਮ੍ਰਿਤ ਅਗਰਵਾਲ ਸਣੇ ਹੋਰ ਨੇਤਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਵਿੱਚ ਸਰਕਾਰ ਅਸਫ਼ਲ ਰਹੀ ਹੈ।
ਟੱਲੇਵਾਲ(ਬਰਨਾਲਾ) (ਸਮਾਜ ਵੀਕਲੀ) : ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ 86 ਲੋਕਾਂ ਦੀ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਵਿਖੇ ਰੋਸ ਜ਼ਾਹਰ ਕਰ ਰਹੇ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਇੰਚਾਰਜ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਮਾਝਾ ਇਲਾਕੇ ਵਿੱਚ ਤਿੰਨ ਜ਼ਿਲ੍ਹਿਆਂ ਦੇ 86 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਹੈ, ਜਿਸ ਸਬੰਧੀ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਅਤੇ ਮਰਨ ਵਾਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ, ਜਿਸ ਲਈ ਇਸ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਲੈਣੀ ਚਾਹੀਦੀ ਹੈ ਅਤੇ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ।
ਭਵਾਨੀਗੜ੍ਹ (ਸਮਾਜ ਵੀਕਲੀ) :ਅੱਜ ਇਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪੁਰਾਣੇ ਬੱਸ ਅੱਡੇ ਨੇੜੇ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਦੀ ਸਹਿ ਪ੍ਰਧਾਨ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਕੈਪਟਨ ਸਰਕਾਰ ਦੌਰਾਨ ਨਸ਼ਿਆਂ ਦਾ ਰੁਝਾਨ ਹੋਰ ਤੇਜ਼ ਹੋ ਗਿਆ ਹੈ। ਸਰਕਾਰ ਦੀ ਮਿਲੀਭੁਗਤ ਨਾਲ ਚੱਲ ਰਹੇ ਜ਼ਹਿਰੀਲੀ ਸ਼ਰਾਬ ਦੇ ਧੰਦੇ ਨਾਲ 86 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਵਤਾਰ ਸਿੰਘ ਤਾਰੀ, ਹਰਦੀਪ ਸਿੰਘ ਤੂਰ, ਰਾਜਿੰਦਰ ਸਿੰਘ ਗੋਗੀ, ਭੀਮ ਸਿੰਘ, ਭੁਪਿੰਦਰ ਸਿੰਘ ਕਾਕੜਾ, ਸ਼ਿੰਦਰਪਾਲ ਕੌਰ, ਜਗਸੀਰ ਝਨੇੜੀ, ਲਖਵਿੰਦਰ ਲੱਡੀ, ਸੰਦੀਪ ਬਾਸੀਅਰਖ, ਰਮਨ ਬਾਸੀਅਰਖ, ਗੁਰਦੀਪ ਨੂਰਪੁਰਾ, ਗੁਰਪ੍ਰੀਤ ਨਦਾਮਪੁਰ, ਰਾਜੂ ਰੇਤਗੜ, ਜਗਤਾਰ ਬਲਿਆਲ, ਜੀਤ ਫੱਗੂਵਾਲਾ, ਕੁਲਦੀਪ ਫੱਗੂਵਾਲਾ, ਕਰਮ ਸਿੰਘ, ਯਾਦਵਿੰਦਰ ਤੂਰ ਅਤੇ ਰਾਮ ਸਿੰਘ ਚਹਿਲ ਹਾਜ਼ਰ ਸਨ।
ਮੌੜ ਮੰਡੀ (ਸਮਾਜ ਵੀਕਲੀ) :ਆਮ ਆਦਮੀ ਪਾਰਟੀ ਦੇ ਸੂਬਾ ਵਾਈਸ ਪ੍ਰਧਾਨ ਸੁਖਵੀਰ ਸਿੰਘ ਮਾਇਸੇਰਖਾਨਾ ਦੀ ਅਗੁਵਾਈ ਵਿੱਚ ਵਰਕਰਾਂ ਵੱਲੋਂ ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਮਾਇਸੇਰਖਾਨਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਸੂਬਾ ਸਰਕਾਰ ਅਤੇ ਇਸ ਦੇ ਪੁਲੀਸ ਤੇ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿੰੰਮੇਵਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਨਾਮਤੇਜ ਸਿੰਘ ਤੇਜੀ, ਰੇਸ਼ਮ ਕਿਸ਼ਨਪੁਰਾ, ਮੱਖਣ ਸਿੰਘ, ਸੋਨੀ ਬਾਵਾ ਮੋੜ, ਗੁਰਜੀਤ ਸਿੰਘ ਰਾਇਖਾਨਾ , ਕੁਲਤਾਰ ਸਿੰਘ ਕਮਾਲੂ,ਗੁਰਜੀਤ ਸਿੰਘ ਗਿੱਲ, ਲਾਭ ਸਿੰਘ ਚਾਰਨਾਥਲ, ਗੁਰਮੇਲ ਸਿੰਘ ਬੁਰਜ,ਕਾਕਾ ਸਿੰਘ ਕੁੱਤੀਵਾਲ ਹਾਜ਼ਰ ਸਨ।
ਅੰਮ੍ਰਿਤਸਰ (ਸਮਾਜ ਵੀਕਲੀ) :ਜ਼ਹਿਰੀਲੀ ਸ਼ਰਾਬ ਨਾਲ 86 ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵਲੋਂ ਅੱਜ ਇਥੇ ਪ੍ਰਦਰਸ਼ਨ ਕੀਤੇ ਗਏ। ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾੜ ਨੇ ਕਿਹਾ ਕਿ ਇਸ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਮੰਗ ਕੀਤੀ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਰਜਿੰਦਰ ਪਲਾਹ, ਸਰਬਜੋਤ ਸਿੰਘ, ਡਾਕਟਰ ਇੰਦਰਪਾਲ, ਮਨੀਸ਼ ਅਗਰਵਾਲ ਤੇ ਹੋਰ ਹਾਜ਼ਰ ਸਨ।