ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ: ਮੇਰੀਕੌਮ

ਨਵੀਂ ਦਿੱਲੀ-ਛੇ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੇਰੀਕੌਮ ਨੇ ਕਿਹਾ ਕਿ ਉਹ ਓਲੰਪਿਕ ਕੁਆਲੀਫਾਇਰ ਲਈ ਟਰਾਇਲਜ਼ ’ਚ ਨਿਖ਼ਤ ਜ਼ਰੀਨ ਨਾਲ ਭਿੜਨ ਤੋਂ ਨਹੀਂ ਡਰਦੀ ਕਿਉਂਕਿ ਇਹ ਮਹਿਜ਼ ਇਕ ‘ਰਸਮ’ ਜਿਹੀ ਹੋਵੇਗੀ। ਜ਼ਰੀਨ ਨੇ ਚੀਨ ਵਿੱਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੇਰੀਕੌਮ (51 ਕਿੱਲੋ) ਖ਼ਿਲਾਫ਼ ਟਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਕੀਤੀ।
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਕਿਹਾ ਸੀ ਕਿ ਮੇਰੀਕੌਮ (51 ਕਿੱਲੋ) ਦੇ ਹਾਲ ਵਿੱਚ ਰੂਸ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜਿੱਤਣ ਦੇ ਪ੍ਰਦਰਸ਼ਨ ਨੂੰ ਧਿਆਨ ’ਚ ਰੱਖਦੇ ਹੋਏ ਉਹ ਛੇ ਵਾਰ ਦੀ ਵਿਸ਼ਵ ਚੈਂਪੀਅਨ ਨੂੰ ਚੁਣਨ ਦਾ ਇਰਾਦਾ ਰੱਖਦਾ ਹੈ। ਮੇਰੀਕੌਮ ਨੇ ਇੱਥੇ ਇਕ ਸਨਮਾਨ ਸਮਾਰੋਹ ਦੌਰਾਨ ਕਿਹਾ, ‘‘ਇਹ ਫ਼ੈਸਲਾ ਬੀਐੱਫਆਈ ਵੱਲੋਂ ਲਿਆ ਜਾ ਚੁੱਕਿਆ ਹੈ। ਮੈਂ ਨਿਯਮ ਨਹੀਂ ਬਦਲ ਸਕਦੀ। ਮੈਂ ਸਿਰਫ਼ ਪ੍ਰਦਰਸ਼ਨ ਕਰ ਸਕਦੀ ਹਾਂ। ਉਹ ਜੋ ਵੀ ਫ਼ੈਸਲਾ ਕਰਨਗੇ, ਮੈਂ ਉਸ ਦਾ ਪਾਲਣ ਕਰਾਂਗੀ। ਮੈਂ ਉਸ (ਜ਼ਰੀਨ) ਨਾਲ ਭਿੜਨ ਤੋਂ ਨਹੀਂ ਡਰਦੀ, ਮੈਨੂੰ ਟਰਾਇਲਜ਼ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ।’’
ਉਸ ਨੇ ਕਿਹਾ, ‘‘ਮੈਂ ਸੈਫ ਖੇਡਾਂ ਦੇ ਬਾਅਦ ਤੋਂ ਉਸ ਨੂੰ ਕਈ ਵਾਰ ਹਰਾਇਆ ਹੈ ਪਰ ਉਹ ਫਿਰ ਵੀ ਮੈਨੂੰ ਚੁਣੌਤੀ ਦਿੰਦੀ ਰਹਿੰਦੀ ਹੈ। ਮੇਰਾ ਮਤਲਬ ਹੈ ਕਿ ਇਸ ਦੀ ਕੀ ਲੋੜ ਹੈ? ਇਹ ਮਹਿਜ਼ ਇਕ ਰਸਮ ਹੈ। ਬੀਐੱਫਆਈ ਵੀ ਜਾਣਦਾ ਹੈ ਕਿ ਓਲੰਪਿਕ ’ਚ ਕੌਣ ਤਗ਼ਮਾ ਜਿੱਤ ਸਕਦਾ ਹੈ।’’ ਮੇਰੀਕੌਮ ਨੇ ਕਿਹਾ, ‘‘ਲੋਕ ਮੇਰੇ ਤੋਂ ਸੜਦੇ ਹਨ। ਇਹ ਮੇਰੇ ਨਾਲ ਪਹਿਲਾਂ ਵੀ ਹੋ ਚੁੱਕਿਆ ਹੈ। ਰਿੰਗ ’ਚ ਪ੍ਰਦਰਸ਼ਨ ਕਰੋ, ਇਹ ਸਹੀ ਚੀਜ਼ ਹੈ। ਬੀਐੱਫਆਈ ਸਾਨੂੰ ਵਿਦੇਸ਼ੀ ਦੌਰਿਆਂ ’ਤੇ ਭੇਜਦਾ ਹੈ ਇਸ ਵਾਸਤੇ ਸੋਨ ਤਗ਼ਮੇ ਦੇ ਨਾਲ ਪਰਤੋ ਅਤੇ ਖ਼ੁਦ ਨੂੰ ਸਾਬਿਤ ਕਰੋ।’’
ਮੇਰੀਕੌਮ ਨੇ ਕਿਹਾ, ‘‘ਮੈਂ ਜ਼ਰੀਨ ਖ਼ਿਲਾਫ਼ ਨਹੀਂ ਹਾਂ। ਉਹ ਭਵਿੱਖ ’ਚ ਚੰਗੀ ਹੋ ਸਕਦੀ ਹੈ, ਉਸ ਨੂੰ ਤਜਰਬਾ ਹਾਸਲ ਕਰਨਾ ਚਾਹੀਦਾ ਹੈ ਅਤੇ ਉੱਚ ਪੱਧਰ ਲਈ ਤਿਆਰੀਆਂ ’ਤੇ ਧਿਆਨ ਲਾਉਣਾ ਚਾਹੀਦਾ ਹੈ। ਮੈਂ ਪਿਛਲੇ 20 ਸਾਲਾਂ ਤੋਂ ਰਿੰਗ ’ਚ ਲੜ ਰਹੀ ਹਾਂ।
ਪੁਰਸ਼ ਟੀਮ ਦੀ ਚੋਣ ਲਈ ਬੀਐੱਫਆਈ ਨੇ ਫ਼ੈਸਲਾ ਕੀਤਾ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂਆਂ ਨੂੰ ਸਿੱਧੇ ਪਹਿਲਾਂ ਓਲੰਪਿਕ ਕੁਆਲੀਫਾਇਰ ਲਈ ਭੇਜਿਆ ਜਾਵੇਗਾ। ਉੱਥੇ ਹੀ ਮਹਿਲਾ ਵਰਗ ’ਚ ਬੀਐੱਫਆਈ ਨੇ ਪਹਿਲਾਂ ਕਿਹਾ ਸੀ ਕਿ ਵਿਸ਼ਵ ਚੈਂਪੀਅਨਸ਼ਿਪ ’ਚ ਸੋਨੇ ਤੇ ਚਾਂਦੀ ਤਗ਼ਮਾ ਜੇਤੂ ਮੁੱਕੇਬਾਜ਼ਾਂ ਦੀ ਹੀ ਫਰਵਰੀ ’ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਸਿੱਧੀ ਚੋਣ ਹੋਵੇਗੀ। ਹਾਲਾਂਕਿ, ਬੀਐੱਫਆਈ ਨੇ ਹੁਣ ਜ਼ਰੀਨ ਦੀ ਮੰਗ ’ਤੇ ਅਗਲੇ ਹਫ਼ਤੇ ਚੋਣ ਕਮੇਟੀ ਦੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਹੈ। ਮੇਰੀਕੌਮ ਨੇ ਕਿਹਾ, ‘‘ਚੋਣ ਮਾਪਦੰਡ ’ਚ ਪੁਰਸ਼ ਤੇ ਮਹਿਲਾ ਵਰਗਾਂ ’ਚ ਨਿਯਮ ਵੱਖ ਵੱਖ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਉਹ ਇਸ ਦੀ ਪ੍ਰਵਾਹ ਨਹੀਂ ਕਰਦੀ। ਬੀਐੱਫਆਈ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ। ਇਸ ’ਚ ਲਿੰਗ ਸਮਾਨਤਾ ਹੋਣੀ ਚਾਹੀਦੀ ਹੈ, ਪੁਰਸ਼ਾਂ ਤੇ ਮਹਿਲਾ ਵਰਗ ਲਈ ਵੱਖ ਨਿਯਮ ਨਹੀਂ ਹੋ ਸਕਦੇ।’’ -ਪੀਟੀਆਈ
ਇਸੇ ਦੌਰਾਨ ਮੇਰੀਕੌਮ ਨੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭੀਨਵ ਬਿੰਦਰਾ ਵੱਲੋਂ ਨਿਖ਼ਤ ਜ਼ਰੀਨ ਦੀ ਮੰਗ ਦਾ ਸਮਰਥਨ ਕਰਨ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਸ ਨੂੰ ਮੁੱਕੇਬਾਜ਼ੀ ’ਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਵੀਰਵਾਰ ਨੂੰ ਬਿੰਦਰ ਨੇ ਜ਼ਰੀਨ ਦੀ ਮੇਰੀਕੌਮ ਖ਼ਿਲਾਫ਼ ਟਰਾਇਲ ਕਰਵਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ ਪਰ ਓਲੰਪਿਕ ਕਾਂਸੀ ਤਗ਼ਮਾ ਜੇਤੂ ਮੇਰੀਕੌਮ ਨੂੰ ਇਹ ਗੱਲ ਪਸੰਦ ਨਹੀਂ ਆਈ। ਮੇਰੀਕੌਮ ਨੇ ਕਿਹਾ, ‘‘ਬਿੰਦਰਾ ਓਲੰਪਿਕ ਸੋਨ ਤਗ਼ਮਾ ਜਿੱਤ ਚੁੱਕੇ ਹਨ ਪਰ ਮੈਂ ਵੀ ਵਿਸ਼ਵ ਚੈਂਪੀਅਨਸ਼ਿਪ ’ਚ ਕਈ ਸੋਨ ਤਗ਼ਮੇ ਜਿੱਤੇ ਹਨ। ਮੁੱਕੇਬਾਜ਼ੀ ’ਚ ਦਖ਼ਲ ਦੇਣਾ ਗ਼ਲਤ ਹੈ ਕਿਉਂ ਬਿੰਦਰਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਨਿਸ਼ਾਨੇਬਾਜ਼ੀ ਬਾਰੇ ਗੱਲ ਨਹੀਂ ਕਰਦੀ, ਇਸ ਵਾਸਤੇ ਉਸ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਮੁੱਕੇਬਾਜ਼ੀ ’ਤੇ ਚੁੱਪ ਰਹੇ। ਉਹ ਮੁੱਕੇਬਾਜ਼ੀ ਦੇ ਨਿਯਮ ਨਹੀਂ ਜਾਣਦਾ। ਮੈਨੂੰ ਨਹੀਂ ਲੱਗਦਾ ਕਿ ਬਿੰਦਰਾ ਹਰ ਟੂਰਨਾਮੈਂਟ ਤੋਂ ਪਹਿਲਾਂ ਟਰਾਇਲ ਲਈ ਜਾਂਦਾ ਹੋਵੇਗਾ।

Previous articleਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਏਗੀ ਸਰਕਾਰ
Next articleਅੰਮ੍ਰਿਤਸਰ ਨੇ ਬਠਿੰਡਾ ਨੂੰ 10-0 ਤੋਂ ਹਰਾਇਆ