ਜ਼ਖ਼ਮੀ ਖਿਡਾਰੀਆਂ ਨੇ ਭਾਰਤ ਤੇ ਨਿਊਜ਼ੀਲੈਂਡ ਦੀ ਪ੍ਰੇਸ਼ਾਨੀ ਵਧਾਈ

ਭਾਰਤ – ਪ੍ਰਮੁੱਖ ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਭਾਰਤੀ ਟੀਮ ’ਚ ਪ੍ਰਿਥਵੀ ਸ਼ਾਅ ਵਰਗੇ ਪ੍ਰਤਿਭਾਸ਼ਾਲੀ ਨੌਜਵਾਨ ਖ਼ਿਡਾਰੀਆਂ ਲਈ ਦਰਵਾਜ਼ੇ ਖੁੱਲ੍ਹ ਗਏ ਹਨ ਜੋ ਭਲਕੇ 5 ਫਰਵਰੀ ਤੋਂ ਇੱਥੇ ਸ਼ੁਰੂ ਹੋਣ ਵਾਲੀ ਤਿੰਨ ਇੱਕ-ਰੋਜ਼ਾ ਮੈਚਾਂ ਦੀ ਲੜੀ ’ਚ ਆਤਮਵਿਸ਼ਵਾਸ ਦੀ ਕਮੀ ਨਾਲ ਜੂਝ ਰਹੀ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਸਮੱਰਥਾ ਦਿਖਾਉਣ ਨੂੰ ਤਿਆਰ ਹੈ। ਪਿਛਲੇ ਸਾਲ ਮਗਰੋਂ ਭਾਰਤੀ ਟੀਮ ਦੀ ਇਹ ਤੀਜੀ ਇੱਕ-ਰੋਜ਼ਾ ਲੜੀ ਹੈ। ਟੀਮ ਨੇ ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਅਤੇ ਘਰੇਲੂ ਲੜੀ ’ਚ ਆਸਟਰੇਲੀਆ ਨੂੰ ਹਰਾਇਆ ਸੀ। ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਦੇ ਫਾਈਨਲ ’ਚ ਇੰਗਲੈਂਡ ਤੋਂ ਮਿਲੀ ਹਾਰ ਮਗਰੋਂ ਪਹਿਲੀ ਵਾਰ ਇੱਕ-ਰੋਜ਼ਾ ਮੁਕਾਬਲੇ ’ਚ ਉੱਤਰੇਗੀ।ਇੱਕ-ਰੋਜ਼ਾ ਲੜੀ ’ਚ ਦੋਵੇਂ ਟੀਮਾਂ ਆਪਣੇ ਪ੍ਰਮੁੱਖ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਾਰਨ ਪ੍ਰੇਸ਼ਾਨ ਹਨ ਅਤੇ ਅਜਿਹੇ ’ਚ ਕੁਝ ਨਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਭਾਰਤੀ ਟੀਮ ਨੂੰ ਰੋਹਿਤ ਸ਼ਰਮਾ ਦੇ ਜ਼ਖ਼ਮੀ ਹੋਣ ਨਾਲ ਵੱਡਾ ਝਟਕਾ ਲੱਗਾ ਹੈ। ਟੀ-20 ਲੜੀ ਦੇ ਆਖਰੀ ਮੈਚ ’ਚ ਜ਼ਖ਼ਮੀ ਹੋਣ ਕਾਰਨ ਉਹ ਇੱਕਰੋਜ਼ਾ ਲੜੀ ਤੋਂ ਬਾਹਰ ਹੋ ਗਏ ਹਨ। ਸ਼ਿਖਰ ਧਵਨ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ ਅਤੇ ਦੀਪਕ ਚਾਹਿਰ ਵਰਗੇ ਟੀਮ ਦੇ ਅਹਿਮ ਖਿਡਾਰੀ ਪਹਿਲਾਂ ਤੋਂ ਹੀ ਜ਼ਖ਼ਮੀ ਹਨ। ਨਿਊਜ਼ੀਲੈਂਡ ਦੀ ਟੀਮ ਕਪਤਾਨ ਕੇਨ ਵਿਲੀਅਮਸਨ ਤੋਂ ਬਿਨਾਂ ਮੈਦਾਨ ’ਚ ਉੱਤਰੇਗੀ ਜੋ ਜ਼ਖ਼ਮੀ ਹੈ, ਜਦਕਿ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਵੀ ਜ਼ਖ਼ਮੀ ਹੋਣ ਕਾਰਨ ਪਹਿਲਾਂ ਤੋਂ ਹੀ ਟੀਮ ਤੋਂ ਬਾਹਰ ਹੈ। ਮਯੰਕ ਅਗਰਵਾਲ ਨੂੰ ਇੱਕਰੋਜ਼ਾ ਲੜੀ ਲਈ ਰੋਹਿਤ ਦੀ ਥਾਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਰਾਜਕੋਟ ’ਚ ਆਸਟਰੇਲੀਆ ਖ਼ਿਲਾਫ਼ ਅਪਣਾਈ ਗਈ ਰਣਨੀਤੀ ਨੂੰ ਜਾਰੀ ਰੱਖਣਗੇ ਜਿੱਥੇ ਲੋਕੇਸ਼ ਰਾਹੁਲ ਨੇ ਵਿਕਟਕੀਪਿੰਗ ਦੇ ਨਾਲ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕੀਤੀ ਸੀ। ਕੋਹਲੀ ਨੇ ਇਸ ਤਰ੍ਹਾ ਤਕਰੀਬਨ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਾਅ ਭਲਕੇ ਭਾਰਤੀ ਪਾਰੀ ਦੀ ਸ਼ੁਰੂਆਤ ਕਰਨਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਦੋ ਸਲਾਮੀ ਬੱਲੇਬਾਜ਼ ਆਪਣੇ ਸ਼ੁਰੂਆਤੀ ਮੈਚ ’ਚ ਪਾਰੀ ਦੀ ਸ਼ੁਰੂਆਤ ਕਰਨਗੇ। ਪਿਛਲੀ ਵਾਰ ਅਜਿਹੀ ਸਥਿਤੀ 2016 ’ਚ ਆਈ ਸੀ ਜਦੋਂ ਲੋਕੇਸ਼ ਰਾਹੁਲ ਅਤੇ ਕਰੁਣ ਨਾਇਰ ਨੇ ਜ਼ਿੰਬਾਬਵੇ ’ਚ ਆਪਣੇ ਸ਼ੁਰੂਆਤੀ ਮੈਚ ’ਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤਰ੍ਹਾਂ ਕੋਹਲੀ ਨੰਬਰ ਤਿੰਨ ’ਤੇ ਬੱਲੇਬਾਜ਼ੀ ਕਰਨਗੇ ਜਦਕਿ ਸ਼੍ਰੇਅਸ ਅਈਅਰ ਚੌਥੇ ਅਤੇ ਰਾਹੁਲ ਪੰਜਵੇਂ ਸਥਾਨ ’ਤੇ ਆਉਣਗੇ। ਨੈੱਟ ’ਤੇ ਸ਼ਿਵਮ ਦੁਬੇ, ਰਿਸ਼ਭ ਪੰਤ ਤੇ ਕੇਦਾਰ ਜਾਧਵ ਤੋਂ ਪਹਿਲਾਂ ਮਨੀਸ਼ ਪਾਂਡੇ ਨੂੰ ਕੋਹਲੀ ਤੇ ਅਈਅਰ ਨਾਲ ਅਭਿਆਸ ਕਰਦਿਆਂ ਦੇਖਿਆ ਗਿਆ। ਜੇਕਰ ਪਾਂਡੇ ਖੇਡਦੇ ਹਨ ਤਾਂ ਟੀਮ ’ਚ ਰਵਿੰਦਰ ਜਡੇਜਾ, ਦੂਬੇ ਅਤੇ ਜਾਧਵ ’ਚੋਂ ਕਿਸੇ ਇੱਕ ਨੂੰ ਖੇਡਣ ਦਾ ਮੌਕਾ ਮਿਲੇਗਾ। ਗੇਂਦਬਾਜ਼ੀ ’ਚ ਭਾਰਤੀ ਟੀਮ ਤਿੰਨ ਗੇਂਦਬਾਜ਼ਾਂ ਨਾਲ ਉੱਤਰੇਗੀ। ਟੀ-20 ਲੜੀ ’ਚ ਨਾ ਖੇਡਣ ਵਾਲੇ ਸਪਿੰਨਰ ਕੁਲਦੀਪ ਯਾਦਵ ਨੂੰ ਇਸ ਵਾਰ ਮੌਕਾ ਮਿਲ ਸਕਦਾ ਹੈ।

Previous articleਹਾਕੀ: ਭਾਰਤੀ ਮਹਿਲਾ ਟੀਮ ਨੇ ਬਰਤਾਨੀਆ ਨੂੰ ਹਰਾਇਆ
Next articleਸਿੱਖ ਫੁੱਟਬਾਲ ਕੱਪ: ਗੁਰਦਾਸਪੁਰ ਨੇ ਅੰਮ੍ਰਿਤਸਰ ਨੂੰ 1-0 ਨਾਲ ਹਰਾਇਆ