ਨਵੀਂ ਦਿੱਲੀ- ਆਪਣੀ ਸੇਵਾਮੁਕਤੀ ਦੇ ਕੁੱਝ ਦਿਨ ਬਾਅਦ ਸਾਬਕਾ ਜਸਟਿਸ ਕੁਰੀਅਨ ਜੋਸਫ਼ ਨੇ ਅੱਜ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਪਹਿਲੇ ਚੀਫ ਜਸਟਿਸ ਦੀਪਕ ਮਿਸ਼ਰਾ ਕਿਸੇ ਬਾਹਰੀ ਸਰੋਤ ਦੇ ਪ੍ਰਭਾਵ ਥੱਲੇ ਸਨ। ਇਹ ਇਨਸਾਫ਼ ਦੇ ਪ੍ਰਬੰਧ ਉੱਤੇ ਅਸਰਅੰਦਾਜ਼ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਜਸਟਿਸ ਜੋਸਫ਼ ਨੇ ਸੁਪਰੀਮ ਕੋਰਟ ਦੇ ਤਿੰਨ ਹੋਰ ਸੀਨੀਅਰ ਜੱਜਾਂ ਨਾਲ ਮਿਲ ਕੇ ਤਤਕਾਲੀ ਚੀਫ ਜਸਟਿਸ ਮਿਸ਼ਰਾ ਦੀ ਕਾਰਜ ਪ੍ਰਣਾਲੀ ਵਿਰੁੱਧ ਅਣਕਿਆਸੀ ਪ੍ਰੈਸ ਕਾਨਫਰੰਸ ਕੀਤੀ ਸੀ।
12 ਜਨਵਰੀ ਨੂੰ ਜਸਟਿਸ ਕੁਰੀਅਨ ਜੋਸਫ਼ ਨੇ ਸੁਪਰੀਮ ਕੋਰਟ ਦੇ ਤਿੰਨ ਸਭ ਤੋਂ ਸੀਨਅਰ ਜੱਜਾਂ ਜਸਟਿਸ ਜੇ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ (ਹੁਣ ਚੀਫ ਜਸਟਿਸ) ਅਤੇ ਜਸਟਿਸ ਮਦਨ ਲੋਕੁਰ ਨੇ ਤਤਕਾਲੀ ਚੀਫ ਜਸਟਿਸ ਮਿਸ਼ਰਾ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ ਸੀ। ਉਨ੍ਹਾਂ ਨੇ ਅਹਿਮ ਕੇਸਾਂ ਦੀ ਵੰਡ ਵਿਚ ਪੇਸ਼ੇਵਰ ਪਹੁੰਚ ਦੀ ਘਾਟ ਵਿਰੁੱਧ ਆਵਾਜ਼ ਉਠਾਉਂਦਿਆਂ ਦੋਸ਼ ਲਾਇਆ ਸੀ ਕਿ ਇਸ ਨਾਲ ਸਿਖ਼ਰਲੀ ਅਦਾਲਤ ਦੇ ਵਕਾਰ ਨੂੰ ਢਾਹ ਲੱਗੀ ਹੈ।
ਜਸਟਿਸ ਜੋਸਫ਼ ਨੇ ਦੱਸਿਆ ਕਿ ਤਤਕਾਲੀ ਚੀਫ ਜਸਟਿਸ ਕਿਸੇ ਬਾਹਰੀ ਸਰੋਤ ਦੇ ਕਿਸੇ ਪ੍ਰਕਾਰ ਦੇ ਪ੍ਰਭਾਵ ਹੇਠ ਆ ਗਏ ਸਨ। ਉਨ੍ਹਾਂ ਨੂੰ ਕਿਸੇ ਬਾਹਰੀ ਸਰੋਤ ਵੱਲੋਂ ਰਿਮੋਟ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਫੈਸਲੇ ਖੁ਼ਦ ਨਹੀਂ ਲੈ ਰਹੇ ਸਨ। ਜ਼ਿਕਰਯੋਗ ਹੈ ਕਿ ਜਸਟਿਸ ਜੋਸਫ਼ 29 ਨਵੰਬਰ ਨੂੰ ਸੇਵਾਮੁਕਤ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਆਧਾਰ ਉੱਤੇ ਦੋਸ਼ ਲਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਜੱਜਾਂ ਵਿਚ ਆਮ ਪ੍ਰਭਾਵ ਸੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਵਿਚ ਵੀ ਗੱਲਾਂ ਹੋਣ ਲੱਗੀਆਂ ਸਨ। ਉਨ੍ਹਾਂ ਨੇ ਕਿਸੇ ਬਾਹਰੀ ਸਰੋਤ ਦਾ ਨਾਂਅ ਲੈਣ ਤੋਂ
ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਇੱਕ ਦੇ ਉੱਤੇ ਉਂਗਲ ਨਹੀ ਰੱਖ ਸਕਦੇ ਪਰ ਉਸ ਪ੍ਰੈਸ ਕਾਨਫਰੰਸ ’ਚ ਜੋ ਕੇਸਾਂ ਦੀ ਵੰਡ ਦਾ ਮੁੱਦਾ ਉਭਰਿਆ ਸੀ, ਉਸ ਤੋਂ ਵੀ ਇਸ ਤਰ੍ਹਾਂ ਦਾ ਪ੍ਰਭਾਵ ਬਣਿਆ ਸੀ। ਉਨ੍ਹਾਂ ਕੀਤੇ ਸਵਾਲਾਂ ਉੱਤੇ ਇਹ ਕਹਿ ਕੇ ਵਿਸ਼ਰਾਮ ਲਾ ਦਿੱਤਾ ਕਿ ਉਹ ਮਾਮਲੇ ਨੂੰ ਵਧਾਉਣਾ ਨਹੀਂ ਚਾਹੁੰਦੇ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਹੁਣ ਚੀਫ ਜਸਟਿਸ ਗੋਗੋਈ ਦੇ ਕਾਰਜਕਾਲ ਵਿਚ ਸੁਧਾਰ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਵੀ ਇਹ ਧਾਰਨਾ ਹੈ ਕਿ ਉਹ ਵੀ ਇਸ ਉਚ ਅਹੁਦੇ ਉੱਤੇ ਘੱਟ ਗਿਣਤੀਆਂ ਵਿਚੋਂ ਹੋਣ ਕਰਕੇ ਪੁੱਜੇ ਹਨ ਪਰ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਮੈਰਿਟ ਦੇ ਆਧਾਰ ਉੱਤੇ ਸੁਪਰੀਮ ਕੋਰਟ ਵਿਚ ਪੁੱਜੇ ਸਨ ਅਤੇ ਭਵਿੱਖ ਵਿਚ ਵੀ ਮੈਰਿਟ ਨੂੰ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।
HOME ਜਸਟਿਸ ਮਿਸ਼ਰਾ ਬਾਹਰੀ ਪ੍ਰਭਾਵ ਹੇਠ ਸਨ: ਜਸਟਿਸ ਜੋਸਫ਼