ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਦਾ ਨਾਂ ਮੁਲਕ ਦੇ ਪਹਿਲੇ ਲੋਕਪਾਲ ਵਜੋਂ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਮਈ 2017 ਵਿਚ ਸੇਵਾਮੁਕਤ ਹੋਏ ਜਸਟਿਸ ਘੋਸ਼ (66) ਮੌਜੂਦਾ ਸਮੇਂ ਕੌਮੀ ਮਨੁੱਖੀ ਅਧਿਕਾਰੀ ਕਮਿਸ਼ਨ ਦੇ ਮੈਂਬਰ ਹਨ। ਵੇਰਵਿਆਂ ਮੁਤਾਬਕ ਉਨ੍ਹਾਂ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਚੋਣ ਪੈਨਲ ਵੱਲੋਂ ਲੋਕਪਾਲ ਵਜੋਂ ਨਿਯੁਕਤੀ ਲਈ ਵਿਚਾਰਿਆ ਜਾ ਰਿਹਾ ਹੈ। ਹਾਲਾਂਕਿ ਨਿਯੁਕਤੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਸਿਆਸੀ ਹਲਚਲ ਪੈਦਾ ਕਰ ਸਕਦੀ ਹੈ ਕਿਉਂਕਿ ਚੋਣ ਪੈਨਲ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦਾ ਵਿਰੋਧੀ ਧਿਰ ਕਾਂਗਰਸ ਦੇ ਨੁਮਾਇੰਦੇ ਮਲਿਕਾਰਜੁਨ ਖੜਗੇ ਨੇ ਬਾਈਕਾਟ ਕੀਤਾ ਸੀ। ਸਰਕਾਰੀ ਅਧਿਕਾਰੀਆਂ ਦੇ ਕੁਝ ਚੋਣਵੇਂ ਵਰਗਾਂ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲਿਆਂ ਦੀ ਸੁਣਵਾਈ ਲਈ ਕੇਂਦਰ ਵਿਚ ਲੋਕਪਾਲ ਤੇ ਸੂਬਿਆਂ ਵਿਚ ਲੋਕ ਆਯੁਕਤ ਦੀ ਨਿਯੁਕਤੀ ਸਬੰਧੀ ਕਾਨੂੰਨ 2013 ਵਿਚ ਹੋਂਦ ’ਚ ਆਇਆ ਸੀ। ਸੁਪਰੀਮ ਕੋਰਟ ਨੇ ਹਫ਼ਤਾ ਪਹਿਲਾਂ ਅਟਾਰਨੀ ਜਨਰਲ ਕੇ.ਕੇ ਵੇਣੂਗੋਪਾਲ ਨੂੰ ਚੋਣ ਕਮੇਟੀ ਦੀ ਮੀਟਿੰਗ ਬਾਰੇ ਦਸ ਦਿਨਾਂ ਵਿਚ ਦੱਸਣ ਦੀ ਤਾਕੀਦ ਕੀਤੀ ਸੀ। ਅਦਾਲਤੀ ਹਦਾਇਤਾਂ ’ਤੇ ਹੀ ਚੋਣ ਪੈਨਲ ਦੀ ਮੀਟਿੰਗ ਸ਼ੁੱਕਰਵਾਰ ਨੂੰ ਹੋਈ ਸੀ। ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਜਸਟਿਸ ਪਿਨਾਕੀ ਦਾ ਨਾਂ ਲੋਕਪਾਲ ਲਈ ਵਿਚਾਰੇ ਜਾਣ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਹਜ਼ਾਰੇ ਨੇ ਲੋਕਪਾਲ ਦੀ ਨਿਯੁਕਤੀ ਲਈ ਲੰਮਾ ਸੰਘਰਸ਼ ਕੀਤਾ ਹੈ। ਉਹ ਲੰਘੇ ਮਹੀਨੇ ਭੁੱਖ ਹੜਤਾਲ ’ਤੇ ਵੀ ਬੈਠੇ ਸਨ।
INDIA ਜਸਟਿਸ ਪਿਨਾਕੀ ਹੋ ਸਕਦੇ ਨੇ ਦੇਸ਼ ਦੇ ਪਹਿਲੇ ਲੋਕਪਾਲ