ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅੱਜ ਬੇਅਦਬੀ ਤੇ ਉਸ ਨਾਲ ਜੁੜੇ ਗੋਲੀ ਕਾਂਡ ਬਾਰੇ ਕੀਤੇ ਗਏ ਇਕ ਸਵਾਲ ਨੇ ਭਾਜੜ ਪਾ ਦਿੱਤੀ। ਦਰਅਸਲ ਬੀਬੀ ਬਾਦਲ ਅੱਜ ਜਦ ਬਠਿੰਡਾ ਦੇ ਰੋਜ਼ ਗਾਰਡਨ ਵਿਚ ਸਨ ਤਾਂ ਉੱਥੇ ਮੌਜੂਦ ਕਲੈਪਿੰਗ ਕਲੱਬ ਦੇ ਸੀਨੀਅਰ ਮੈਂਬਰ ਤੇ ਭੁੱਲਰ ਭਾਈਚਾਰੇ ਦੇ ਸੰਸਥਾਪਕ ਗੁਰਸਿੱਖ ਬਲਦੇਵ ਸਿੰਘ ਨੇ ਜਦ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਸਵਾਲ ਪੁੱਛਣਾ ਚਾਹਿਆ ਤਾਂ ਉਹ ਬਿਨਾਂ ਕੋਈ ਉੱਤਰ ਦਿੱਤਿਆਂ ਖਿਸਕ ਗਏ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਬ੍ਰਿਗੇਡ ਨੇ ਗੁਰਸਿੱਖ ਨੂੰ ਘੇਰ ਲਿਆ ਤੇ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਇਕ ਸ਼ਹਿਰੀ ਆਗੂ ਦੇ ਵਿਚ ਪੈਣ ਨਾਲ ਜ਼ਿਆਦਾ ਟਕਰਾਅ ਤੋਂ ਬਚਾਅ ਹੋ ਗਿਆ। ਵੇਰਵਿਆਂ ਅਨੁਸਾਰ ਅੱਜ ਸਵੇਰੇ ਸਾਢੇ ਛੇ ਵਜੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨਾਲ ਰੋਜ਼ ਗਾਰਡਨ ਪੁੱਜੇ ਸਨ। ਹਰਸਿਮਰਤ ਦੇ ਭਾਸ਼ਨ ਪਿੱਛੋਂ ਜਦ ਸਰੂਪ ਸਿੰਗਲਾ ਧੰਨਵਾਦੀ ਸ਼ਬਦ ਆਖਣ ਲੱਗੇ ਤਾਂ ਪਿੱਛਿਉਂ ਗੁਰਸਿੱਖ ਬਲਦੇਵ ਸਿੰਘ ਫਤਹਿ ਬੁਲਾ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ ਕਿ ਉਹ ਇਕ ਦੋ ਸਵਾਲ ਕਰਨਾ ਚਾਹੁੰਦਾ ਹੈ ਤੇ ਹਰਸਿਮਰਤ ਜਵਾਬ ਦੇ ਕੇ ਜਾਣ। ਜਦਕਿ ਹਰਸਿਮਰਤ ਬਾਦਲ ਨੇ ਉਦੋਂ ਹੀ ਟੋਕਦਿਆਂ ਕਿਹਾ ਕਿ ਇਹ ਸਵਾਲਾਂ ਦਾ ਸਮਾਂ ਨਹੀਂ, ਚੋਣਾਂ ਦਾ ਸਮਾਂ ਹੈ। ਇਹ ਕਹਿ ਕੇ ਜਦ ਹਰਸਿਮਰਤ ਤੇ ਸਿੰਗਲਾ ਉੱਥੋਂ ਜਾਣ ਲੱਗੇ ਤਾਂ ਬਲਦੇਵ ਸਿੰਘ ਨੇ ਜੈਕਾਰਾ ਛੱਡ ਕੇ ਐਲਾਨ ਕਰ ਦਿੱਤਾ ਕਿ ਉਹ ਭੁੱਲਰ ਭਾਈਚਾਰੇ ਵੱਲੋਂ ਅਕਾਲੀ ਦਲ ਦਾ ਬਾਈਕਾਟ ਸਮੁੱਚੇ ਪੰਜਾਬ ’ਚ ਕਰਨਗੇ। ਘਟਨਾ ਵਾਪਰਨ ਤੋਂ ਬਾਅਦ ਰੋਜ਼ ਗਾਰਡਨ ਵਿਚ ਪੁੱਜੇ ਲੋਕਾਂ ਨੇ ਬਜ਼ੁਰਗ ਨੂੰ ਫੁੱਲ ਭੇਟ ਕਰਨੇ ਸ਼ੁਰੂ ਕਰ ਦਿੱਤੇ। ਕਈਆਂ ਨੇ ਬਲਦੇਵ ਸਿੰਘ ਨੂੰ ਬੁੱਕਲ ਵਿਚ ਲੈ ਲਿਆ ਅਤੇ ਕਈਆਂ ਨੇ ਪੈਰਾਂ ਨੂੰ ਹੱਥ ਲਾਏ। ਉਨ੍ਹਾਂ ਨਿਧੜਕ ਹੋ ਕੇ ਸਵਾਲ ਪੁੱਛਣ ਲਈ ਬਲਦੇਵ ਸਿੰਘ ਦੀ ਸ਼ਲਾਘਾ ਕੀਤੀ। ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੁੱਛਣਾ ਚਾਹੁੰਦਾ ਸੀ ਕਿ ਦੋ ਨੌਜਵਾਨਾਂ ਨੂੰ ਸ਼ਰੇਆਮ ਗੋਲੀ ਮਾਰਨ ਵਾਲੀ ਪੁਲੀਸ ਕਿਵੇਂ ਅਣਪਛਾਤੀ ਹੋ ਗਈ। ਉਨ੍ਹਾਂ ਕਿਹਾ ਕਿ ਜੇ ਬੀਬੀ ਗੱਲ ਸੁਣਦੀ ਤਾਂ ਉਹ ਮਗਰੋਂ ਭੁੱਲਰ ਭਾਈਚਾਰੇ ਦੇ ਮਸਲੇ ’ਤੇ ਵੱਡੇ ਬਾਦਲ ਵੱਲੋਂ ਖਾਧੀ ਸਹੁੰ ਵੀ ਯਾਦ ਕਰਵਾਉਂਦੇ। ਉਨ੍ਹਾਂ ਕਿਹਾ ਕਿ ਜਦ ਹਰਸਿਮਰਤ ਬਾਦਲ ਰੋਜ਼ ਗਾਰਡਨ ਵਿਚ ਪੁੱਜੀ ਤਾਂ ਉਦੋਂ ਕੁੱਝ ਲੋਕਾਂ ਨੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਅਤੇ ਕਈ ਸ਼ਹਿਰੀ ਲੋਕਾਂ ਨੇ ਗੁਲਦਸਤੇ ਦੇ ਕੇ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਬੀਬੀ ਦੇ ਜਾਣ ਮਗਰੋਂ ਯੂਥ ਅਕਾਲੀ ਦਲ ਵਾਲਿਆਂ ਨੇ ਉਸ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਦ ਉਸ ਨੇ ਅੱਗਿਓਂ ਤਾੜਨਾ ਕੀਤੀ ਤਾਂ ਇੱਕ ਆਗੂ ਨੇ ਮੌਕਾ ਸੰਭਾਲ ਲਿਆ। ਬਲਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਹਰਸਿਮਰਤ ਕੌਰ ਨੇ ਅੱਜ ਰੋਜ਼ ਗਾਰਡਨ ਵਿਚ ਆਉਣਾ ਹੈ ਪਰ ਜਦ ਉਸ ਨੇ ਹਰਸਿਮਰਤ ਨੂੰ ਦੇਖਿਆ ਤਾਂ ਬਰਗਾੜੀ-ਬਹਿਬਲ ਯਾਦ ਆ ਗਿਆ।
HOME ਜਵਾਬ ਮੰਗਣ ’ਤੇ ਚੜ੍ਹਿਆ ਸਿਆਸੀ ਪਾਰਾ