ਪੰਚਾਇਤ ਮੈਂਬਰ ਪ੍ਰਕਾਸ਼ ਸਿੰਘ ਏਨਾ ਸੰਜਮੀ ਹੈ ਕਿ ਮਹਿਮਾਨਾਂ ਵੱਲੋਂ ਗਲਾਸਾਂ ’ਚ ਛੱਡਿਆ ਜੂਠਾ ਪਾਣੀ ਡੋਲਦਾ ਨਹੀਂ। ਘਰ ਰੱਖੇ ਖਾਲੀ ਡਰੰਮ ’ਚ ਸੰਭਾਲਦਾ ਹੈ। ਬੱਚਿਆਂ ਨੂੰ ਬੁਰਸ਼ ਕਰਨ ਲਈ ਇੱਕ ਗਲਾਸ ਤੋਂ ਵੱਧ ਪਾਣੀ ਨਹੀਂ ਦਿੰਦਾ। ਮੋਗਾ ਦੇ ਪਿੰਡ ਰਣਸੀਂਹ ਕਲਾਂ ’ਚ ਜਲ ਸੰਭਾਲ ਲਈ ਲੋਕ ਸੋਚ ਦਾ ਇਹ ਇੱਕ ਨਮੂਨਾ ਹੈ। ਉਂਜ, ਸਮੁੱਚਾ ਪਿੰਡ ਪੰਜਾਬ ਲਈ ਮਿਸਾਲ ਬਣਿਆ ਹੈ, ਜਿਥੋਂ ਦੇ ਲੋਕ ਪਾਣੀ ਦਾ ਤੁਪਕਾ ਵੀ ਅਜਾਈਂ ਨਹੀਂ ਜਾਣ ਦਿੰਦੇ। ਨੌਜਵਾਨ ‘ਮਿੰਟੂ ਸਰਪੰਚ’ ਨੇ ‘ਮਨ ਦੀ ਬਾਤ’ ਸੁਣਾਈ, ਪਿੰਡ ਦੇ ਮੁੰਡਿਆਂ ਨੇ ਹੱਥ ਮਿਲਾਏ, ਲੋਕਾਂ ਨੇ ਭਰੋਸਾ ਕੀਤਾ, ਦਾਨੀ ਸੱਜਣਾਂ ਨੇ ਵੱਡਾ ਦਿਲ ਕੀਤਾ। ਜਵਾਨੀ ਦੇ ਜੋਸ਼ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਕੀਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਜਲ ਸੰਭਾਲ ਦੀ ਅਪੀਲ ਕੀਤੀ ਹੈ। ਰਣਸੀਂਹ ਕਲਾਂ ਨੇ ਪਹਿਲੋਂ ਹੀ ਪੈੜ ਪਾ ਦਿੱਤੀ ਸੀ। ਪਿੰਡ ਦੇ ਕਰੀਬ ਪੰਜਾਹ ਮੁੰਡਿਆਂ ਦੀ ਟੋਲੀ ਨੇ ਪਿੰਡ ਬੋਲਣ ਲਾ ਦਿੱਤਾ। ਇਸ ਪਿੰਡ ਦੇ ਖੇਤ ਕਰੀਬ 17 ਵਰ੍ਹਿਆਂ ਤੋਂ ਨਹਿਰੀ ਪਾਣੀ ਨੂੰ ਤਰਸ ਗਏ ਸਨ। ਖੇਤੀ ਮੋਟਰਾਂ ਨੇ ਧਰਤੀ ਦਾ ਪਾਣੀ ਸੂਤ ਲਿਆ। ਪਿੰਡ ਡਾਰਕ ਜ਼ੋਨ ’ਚ ਹੈ ਤੇ ਧਰਤੀ ਹੇਠਲਾ ਪਾਣੀ 80 ਫੁੱਟ ਤੋਂ 150 ਫੁੱਟ ਉੱਤੇ ਚਲਾ ਗਿਆ ਹੈ। ਗੱਲ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਦੇ ਕੈਨੇਡਾ ਗਏ ਮੁੰਡੇ ਪ੍ਰੀਤਇੰਦਰਪਾਲ ਸਿੰਘ ਉਰਫ ‘ਮਿੰਟੂ ਸਰਪੰਚ’ ਦਾ ਕੈਨੇਡਾ ਦੀ ਜਲ ਸੰਭਾਲ ਯੋਜਨਾ ਨੇ ਦਿਮਾਗ ਖੋਲ੍ਹ ਦਿੱਤਾ। ਸਭ ਕੁੱਝ ਛੱਡ ਕੇ ਮਿੰਟੂ ਪਿੰਡ ਆਇਆ। ਆਜ਼ਾਦ ਉਮੀਦਵਾਰ ਵਜੋਂ ਸਾਲ 2013 ਵਿੱਚ ਪਿੰਡ ਦਾ ਸਰਪੰਚ ਬਣਿਆ। ਦੂਸਰੀ ਵਾਰ ਹੁਣ ਉਹ ਸਰਬਸਮੰਤੀ ਨਾਲ ਪਿੰਡ ਦਾ ਸਰਪੰਚ ਬਣ ਗਿਆ ਹੈ। ਮਿੰਟੂ ਸਰਪੰਚ ਨੇ ਪਿੰਡ ਇਕੱਠਾ ਕੀਤਾ। ਜੇਬਾਂ ਖਾਲੀ ਸਨ ਤੇ ਹੱਥ ’ਚ ਸਵਾ ਦੋ ਕਰੋੜ ਦੀ ਯੋਜਨਾ ਦਾ ਖ਼ਾਕਾ। ਕਿਸੇ ਨੇ ਆਖਿਆ ਕਿ ‘ਥੁੱਕੀਂ ਵੜੇ ਨੀਂ ਪੱਕਦੇ’। ਕਈਆਂ ਨੇ ਟਕੋਰ ਮਾਰੀ ਕਿ ਸਰਪੰਚ ‘ਪਾਗਲ’ ਹੋ ਗਿਆ ਹੈ। ਸਾਲ 2015 ਵਿਚ ਸੀਵਰੇਜ ਪ੍ਰਾਜੈਕਟ ਸ਼ੁਰੂ ਕੀਤਾ। ਵਿਕਾਸ ਕਮੇਟੀ ਬਣਾਈ, ਜਿਸ ਨੇ ਘਰੋ-ਘਰੀ ਜਾ ਕੇ ਦਾਨ ਮੰਗਿਆ। ਨੌਜਵਾਨ ਕਰਮਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੇ 10-10 ਲੱਖ ਰੁਪਏ ਗੁਪਤ ਦਾਨ ਵਜੋਂ ਦਿੱਤੇ। ਵੀਹ ਫੀਸਦ ਸਰਕਾਰ ਨੇ ਦਿੱਤਾ ਤੇ ਬਾਕੀ ਪਿੰਡ ਵਾਲਿਆਂ ਨੇ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਅਗਵਾਈ ਦਿੱਤੀ। ਹੁਣ ‘ਸੀਚੇਵਾਲ ਮਾਡਲ’ ਨਾਲ ਪਿੰਡ ਵਿੱਚ ਸੀਵਰੇਜ ਦਾ ਪਾਣੀ ਕੁਦਰਤੀ ਢੰਗ ਨਾਲ ਸੋਧਿਆ ਜਾਂਦਾ ਹੈ। ਟਰੀਟਮੈਂਟ ਪਲਾਂਟ ’ਤੇ 50 ਲੱਖ ਦੀ ਲਾਗਤ ਆਈ ਹੈ। ਸਰਪੰਚ ਮਿੰਟੂ ਤੇ ਨੌਜਵਾਨ ਸਾਲ ਵਿੱਚ ਦੋ ਵਾਰੀ ਪਿੰਡ ਦੇ ਸੀਵਰੇਜ ਦੀ ਸਫ਼ਾਈ ਕਰਦੇ ਹਨ। ਮਿੰਟੂ ਸਰਪੰਚ ਦੱਸਦਾ ਹੈ ਕਿ ਉਹ ਸੀਵਰੇਜ ਦਾ ਪਾਣੀ ਸੋਧ ਕੇ ਕਰੀਬ 100 ਏਕੜ ਖੇਤਾਂ ਨੂੰ ਮੁਫ਼ਤ ਦਿੰਦੇ ਹਨ। ਪੰਚਾਇਤ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਪਾਣੀ ਦੀ ਦੁਰਵਰਤੋਂ ਕੀਤੀ ਗਈ ਤਾਂ ਪਹਿਲਾਂ 500 ਰੁਪਏ, ਦੂਸਰੀ ਵਾਰ 1000 ਰੁਪਏ ਜੁਰਮਾਨਾ ਅਤੇ ਤੀਸਰੀ ਵਾਰ ਕਨੂੰਨੀ ਕਾਰਵਾਈ ਹੋਵੇਗੀ। ਕਿਸੇ ਪਿੰਡ ਵਾਸੀ ਨੇ ਅੱਜ ਤੱਕ ਉਲੰਘਣਾ ਨਹੀਂ ਕੀਤੀ। ਹੁਣ ਇਨ੍ਹਾਂ ਮੁੰਡਿਆਂ ਦਾ ਦੂਜਾ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ। ਪਿੰਡ ਦੇ ਨਿਕਾਸੀ ਪਾਣੀ ਅਤੇ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਲਈ ਪਿੰਡ ਵਿਚ ਝੀਲ ਬਣਾਈ ਹੈ ਜਿਸ ’ਤੇ ਕਰੀਬ 80 ਲੱਖ ਖਰਚ ਆ ਚੁੱਕੇ ਹਨ। ਮਿੰਟੂ ਸਰਪੰਚ ਤੇ ਸਾਥੀ ਜਵਾਨਾਂ ਨੇ ਪੂਰੇ ਪਿੰਡ ਵਿੱਚ ਸਵਾ ਦੋ ਕਰੋੜ ਦੀ ਲਾਗਤ ਨਾਲ ਇੰਟਰਾਲਾਕਿੰਗ ਟਾਈਲ ਲਗਾ ਦਿੱਤੀ ਹੈ। ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ। ਪੰਚਾਇਤ ਨੇ ਪਿੰਡ ਵਿੱਚ ਔਰਤਾਂ ਲਈ ਜਿੰਮ ਬਣਾਇਆ ਹੈ ਅਤੇ ਪਿੰਡ ਵਿੱਚ ਸਟਰੀਟ ਲਾਈਟਾਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਦੇ ਚਾਰ ਕਮਰੇ ਏ.ਸੀ ਹਨ। ਪਿੰਡ ਦਾ ਸਰਪੰਚ ਖ਼ੁਦ ਦੋ ਮਹੀਨੇ ਬੱਚਿਆਂ ਨੂੰ ਘਰ ਵਿੱਚ ਪੇਪਰਾਂ ਮੌਕੇ ਪੜ੍ਹਾਉਂਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਪਿੰਡ ਦਾ ਗੇੜਾ ਮਾਰ ਚੁੱਕੇ ਹਨ।
HOME ਜਲ ਸੰਭਾਲ: ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਸਾਂਭੀ ਹਰ ਬੂੰਦ