ਫਿਲੌਰ, (ਸਮਾਜ ਵੀਕਲੀ ਬਿਊਰੋ) – ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਸਬ ਡਵੀਜ਼ਨ ਫਿਲੌਰ ਵਿਚ ਪੈਂਦੇ ਪਿੰਡ ਮਿਓਂਵਾਲ ਵਿਖੇ 350 ਫੁੱਟ ਲੰਮੇ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਸ੍ਰੀ ਸਰਕਾਰੀਆਂ ਵਲੋਂ 22 ਅਗਸਤ ਦੀ ਸ਼ਾਮ ਨੂੰ ਵੀ ਪਿੰਡ ਮਿਓਂਵਾਲ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇਸ ਔਖੀ ਘੜੀ ਵਿਚੋਂ ਬਾਹਰ ਕੱਢਣ ਲਈ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਓ ਸਾਹਿਬ ਵਿਖੇ ਧੁੱਸੀ ਬੰਨ੍ਹ ਦੇ ਪਾੜ੍ਹ ਨੂੰ ਪੂਰਿਆ ਜਾ ਚੁੱਕਿਆ ਅਤੇ ਮਿਓਂਵਾਲ ਦੇ ਇਸ ਪਾੜ੍ਹ ਨੂੰ ਅੱਜ ਸ਼ਾਮ ਤੱਕ ਪੂਰ ਲਿਆ ਜਾਵੇਗਾ।
ਇਸ ਮੌਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮਗਨਰੇਗਾ ਵਰਕਰਾਂ, ਬਾਬਾ ਤਲਵਿੰਦਰ ਸਿੰਘ ਜੀ (ਕਾਹਨਾਂ ਢੇਸੀਆਂ), ਬਾਬਾ ਕਸ਼ਮੀਰਾ ਸਿੰਘ ਜੀ ਅਤੇ ਬਾਬਾ ਨਿਰਮਲ ਸਿੰਘ ਜੀ ਦੇ ਸੇਵਕਾਂ ਦੇ ਸਹਿਯੋਗ ਨਾਲ ਅੱਜ ਸਵੇਰ ਤੱਕ 250 ਫੁੱਟ ਬੰਨ੍ਹ ਦੇ ਪਾੜ੍ਹ ਨੂੰ ਪੂਰਿਆ ਜਾ ਚੁੱਕਾ ਹੈ ਤੇ ਸ਼ਾਮ ਤੱਕ ਬਾਕੀ ਰਹਿੰਦੇ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਸਰਕਾਰੀਆ ਨੇ ਕਿਹਾ ਕਿ ਬੰਨ੍ਹਾਂ ਦੇ ਪਾੜ੍ਹ ਨੂੰ ਪੂਰਾ ਕਰਨ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਜਲੰਧਰ ਦੇ ਬਾਕੀ ਬੰਨ੍ਹਾ ਦੇ ਪਾੜਾਂ ਨੂੰ ਜਲਦੀ ਪੂਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਸੇਵਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੰਨ੍ਹਾਂ ਦੇ ਪਾੜ੍ਹ ਨੂੰ ਪੂਰਾ ਕਰਨ ਲਈ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਉਨਾਂ ਵਲੋਂ ਮਾਓ ਸਾਹਿਬ ਪਿੰਡ ਦਾ ਦੌਰਾ ਵੀ ਕੀਤਾ ਗਿਆ ਜਿਥੇ ਪ੍ਰਸ਼ਾਸਨ ਵਲੋਂ ਦੋ ਦਿਨ ਪਹਿਲਾਂ ਧੁੱਸੀ ਬੰਨ੍ਹ ਦੇ ਪਾੜ੍ਹ ਨੂੰ ਪੂਰ ਲਿਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਮੁੱਖ ਇੰਜੀਨੀਅਰ ਡਰੇਨਜ਼ ਸੰਜੀਵ ਗੁਪਤਾ, ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।