ਜਲੰਧਰ (ਹਰਜਿੰਦਰ ਛਾਬੜਾ ) (ਸਮਾਜ ਵੀਕਲੀ): 1 ਸਤੰਬਰ ਨੂੰ ਜਲੰਧਰ ਸ਼ਹਿਰ ‘ਚ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਇਸ ਵਾਰ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੱਲ੍ਹ ਯਾਨੀ ਮੰਗਲਵਾਰ ਨੂੰ ਮਨਾਏ ਜਾ ਰਹੇ ਬਾਬਾ ਸੋਢਲ ਦੇ ਮੇਲੇ ਨੂੰ ਲੈ ਕੇ ਜਲੰਧਰ ਸ਼ਹਿਰ ‘ਚ ਪ੍ਰਸ਼ਾਸਨ ਵੱਲੋਂ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਜਲੰਧਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਮੰਗਲਵਾਰ ਯਾਨੀ ਪਹਿਲੀ ਸਤੰਬਰ ਨੂੰ ਜਲੰਧਰ ਜ਼ਿਲ੍ਹੇ ‘ਚ ਪੰਜਾਬ ਦੇ ਸਮੂਹ ਦਫ਼ਤਰ, ਨਿਗਮਾਂ, ਬੋਰਡਾਂ ਵਿੱਦਿਅਕ ਅਦਾਰਿਆਂ ਸਮੇਤ ਹੋਰ ਪੰਜਾਬ ਸਰਕਾਰ ਦੀਆਂ ਸੰਸਥਾਵਾਂ ‘ਚ ਛੁੱਟੀ ਰਹੇਗੀ।ਜ਼ਿਕਰਯੋਗ ਹੈ ਕਿ ਮਹਾਨਗਰ ਜਲੰਧਰ ਜ਼ਿਲ੍ਹੇ ‘ਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਹਰ ਸਾਲ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਹਰ ਸਾਲ ਦੂਰੋਂ-ਦੂਰੋਂ ਸੰਗਤਾਂ ਇਥੇ ਮੱਥਾ ਟੇਕਣ ਲਈ ਆਉਂਦੀਆਂ ਹਨ। ਇਸ ਵਾਰ ਪੂਰੀ ਦੁਨੀਆ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨੇ ਜਿੱਥੇ ਸਾਰੇ ਤਿਉਹਾਰਾਂ ਨੂੰ ਫਿੱਕਾ ਕਰ ਦਿੱਤਾ ਹੈ, ਉਥੇ ਹੀ ਮਹਾਨਗਰ ਜਲੰਧਰ ਜ਼ਿਲ੍ਹੇ ‘ਚ ਇਸ ਸਾਲ ਪਹਿਲਾਂ ਵਾਂਗ ਬਾਬਾ ਸੋਢਲ ਦੇ ਮੇਲੇ ਮੌਕੇ ਭੀੜ ਵੇਖਣ ਨੂੰ ਨਹੀਂ ਮਿਲੇਗੀ।