ਜਲੰਧਰ ਜ਼ਿਲ੍ਹੇ ’ਚ ਖੇਤੀ ਸੰਦਾਂ ’ਤੇ ਮਿਲੇਗੀ 12 ਕਰੋੜ ਦੀ ਸਬਸਿਡੀ-ਡਿਪਟੀ ਕਮਿਸ਼ਨਰ

ਜਲੰਧਰ,(ਸਮਾਜ ਵੀਕਲੀ ਬਿਊਰੋ) – ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿੱਚ ਹੀ ਨਿਪਟਾਰਾ ਕਰਨ ਦੇ ਮੰਤਵ ਨਾਲ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਵੱਖ-ਵੱਖ ਆਧੁਨਿਕ ਖੇਤੀ ਸੰਦਾਂ ’ਤੇ 12 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਥੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਨਾ ਸਾੜੇ ਜਾਣ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਉਥੇ ਹੀ ਪਰਾਲੀ ਨੂੰ ਖੇਤਾਂ ਵਿੱਚ ਹੀ ਨਿਪਟਾਉਣ ਲਈ ਸਬਸਿਡੀ ’ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਸੀ ਜਿਸ ਤਹਿਤ ਜਲੰਧਰ ਜ਼ਿਲ੍ਹੇ ਵਿੱਚ 279 ਬਿਨੈਪੱਤਰ ਨਿੱਜੀ ਤੌਰ ’ਤੇ ਕਿਸਾਨਾਂ ਵਲੋਂ ਦਿੱਤੇ ਗਏ ਹਨ ਉਥੇ ਹੀ ਇਨੀ ਹੀ ਗਿਣਤੀ ਵਿੱਚ ਕਿਸਾਨ ਗਰੁੱਪਾਂ ਵਲੋਂ ਸਬਸਿਡੀ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਤੀ ਵਿਭਾਗ ਜਲੰਧਰ ਵਲੋਂ ਸਾਰੀਆਂ ਅਰਜ਼ੀਆਂ ਨੂੰ ਮਨਜ਼ੂਰ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਨ ਸਿਟੂ ਮੇਨੈਜਮੈਂਟ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਕੁਤਰਣ/ਮਿਲਾਉਣ ਲਈ ਉਚ ਤਕਨੀਕੀ ਮਸ਼ੀਨਾਂ ’ਤੇ ਨਿੱਜੀ ਬਿਨੈਕਾਰਾਂ ਨੂੰ 50 ਫੀਸਦੀ ਜਦਕਿ ਕਿਸਾਨ ਗਰੁੱਪਾਂ ਨੂੰ 80 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਤੌਰ ’ਤੇ ਕਿਸਾਨਾਂ ਨੂੰ ਹੈਪੀਸੀਡਰ, ਪੈਡੀ ਸਟਰਾਅ ਚੋਪਰ, ਮਲਚਰ, ਹਾਈਡ੍ਰੋਲਿਕ ਰਿਵਰਸੀਬਲ, ਐਮ.ਬੀ.ਪਲਾਂਟ, ਜ਼ੀਰੋ ਟਿਲ ਡਰਿਲ, ਸੁਪਰ ਐਸ.ਐਮ.ਐਸ, ਰੋਟਰੀਸਲੈਸ਼ਰ ’ਤੇ 50 ਫੀਸਦੀ ਜਦਕਿ ਕਿਸਾਨਾਂ ਗਰੁੱਪਾਂ ਜਾਂ ਸਹਿਕਾਰੀ ਸਭਾਵਾਂ ਤਹਿਤ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕ ਪੰਜਾਬ ਸਰਕਾਰ ਵਲੋਂ ਪਰਾਲੀ ਦੇ ਨਿਪਟਾਰੇ ਲਈ ਪਿਛਲੇ ਕੁਝ ਸਾਲਾਂ ਤੋਂ ਕੀਤੇ ਜਾ ਰਹੇ ਯਤਨਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਜਿਥੇ ਪਰਾਲੀ ਸਾੜਨ ਦੇ ਨੁਕਸਾਨਾਂ ਜਿਸ ਵਿੱਚ ਮੁੱਖ ਤੌਰ ’ਤੇ ਜਮੀਨ ਦੀ ਸਿਹਤ ਨੂੰ ਨੁਕਸਾਨ ਹੋਣਾ ਆਦਿ ਬਾਰੇ ਦੱਸਿਆ ਜਾ ਰਿਹਾ ਹੈ ਉਥੇ ਹੀ ਖੇਤੀ ਸੰਦਾਂ ’ਤੇ 80 ਫੀਸਦੀ ਤੱਕ ਸਬਸਿਡੀ ਦੇਣ ਨਾਲ ਪਰਾਲੀ ਸਾੜਨ ਦੇ ਰੁਝਾਨ ਵਿੱਚ ਵੱਡੀ ਕਮੀ ਆਈ ਹੈ।

Previous articleਸੰਗੂਧੌਨ ਦੇ ਬੇਘਰਿਆਂ ਨੂੰ ਪੁਲੀਸ ਨੇ ਅੱਧੀ ਰਾਤ ਖਦੇੜਿਆ
Next articleਦਹਿਸ਼ਤਗਰਦੀ ਬਾਰੇ ਪਾਕਿ ਨਾਲ ਵਾਰਤਾ ਲਈ ਦਰਵਾਜ਼ੇ ਖੁੱਲ੍ਹੇ: ਜੈਸ਼ੰਕਰ