ਜਲੰਧਰ : ਜ਼ਿਲ੍ਹੇ ਵਿੱਚ ਅੱਜ ਆਈਆਂ ਰਿਪੋਰਟਾਂ ਅਨੁਸਾਰ 49 ਜਣੇ ਕਰੋਨਾ ਤੋਂ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚ ਫੌਜ ਦੇ 16 ਜਵਾਨ ਮਿਲਟਰੀ ਹਸਪਤਾਲ ਜਲੰਧਰ ਛਾਉਣੀ ਵਿੱਚ ਦਾਖਲ ਹਨ। ਇੱਕ ਸੀਆਰਪੀ ਦਾ ਜਵਾਨ ਵੀ ਕਰੋਨਾ ਪਾਜ਼ੇਟਿਵ ਆਇਆ ਹੈ। ਜਲੰਧਰ ਸ਼ਹਿਰ ਵਿੱਚ ਮਖਦੂਮਪੁਰਾ ਮੁਹੱਲੇ ਦੇ ਵੀ 10 ਜਣੇ ਪਾਜ਼ੇਟਿਵ ਆਏ ਹਨ। ਇਸੇ ਤਰ੍ਹਾਂ ਨਿਊ ਅਮਰ ਨਗਰ ਦੇ 5 ਜਣੇ ਪਾਜ਼ੇਟਿਵ ਆਏ ਹਨ। ਇਨ੍ਹਾਂ ਦੀ ਪੁਸ਼ਟੀ ਨੋਡਲ ਅਫ਼ਸਰ ਡਾ. ਟੀਪੀ ਸਿੰਘ ਸੰਧੂ ਨੇ ਕਰ ਦਿੱਤੀ ਹੈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 1091 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ 23 ਮੌਤਾਂ ਹੋ ਚੁੱਕੀਆਂ ਹਨ। ਅੱਜ ਦੀਆਂ ਰਿਪੋਰਟਾਂ ਵਿੱਚ ਇੱਕ ਸਮੋਸੇ ਬਣਾਉਣ ਵਾਲਿਆਂ ਦੇ ਪਰਿਵਾਰ ਦਾ ਇੱਕ ਮੈਂਬਰ ਵੀ ਪਾਜ਼ੇਟਿਵ ਆਇਆ ਹੈ। ਜਲੰਧਰ ਵਿੱਚ ਐੱਸਐੱਸਪੀ ਨਵਜੋਤ ਸਿੰਘ ਮਾਹਲ, ਇੱਕ ਐੱਸਡੀਐੱਮ ਤੇ ਇੱਕ ਜੱਜ ਸਮੇਤ ਹੋਰ ਅਧਿਕਾਰੀ ਵੀ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਉਧਰ ਅੱਜ 21 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਗਈ।
ਪਟਿਆਲਾ : ਪਟਿਆਲਾ ਜ਼ਿਲ੍ਹੇ ਵਿਚ ਅੱਜ 71 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 37 ਪਟਿਆਲਾ, ਤਿੰਨ ਨਾਭਾ ਅਤੇ ਇੱਕ ਮਰੀਜ਼ ਰਾਜਪੁਰਾ ਸ਼ਹਿਰ ਨਾਲ ਸਬੰਧਤ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੰਦਿਆਂ ਦੱਸਿਆ ਕਿ ਵਧੇਰੇ ਪਾਜ਼ੇਟਿਵ ਮਰੀਜ਼ਾਂ ਕਰਕੇ ਪਟਿਆਲਾ ਦੀ ਜੇਜੀਆਂ ਵਾਲੀ ਗਲੀ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ।
ਲੁਧਿਆਣਾ : ਸਨਅਤੀ ਸ਼ਹਿਰ ਵਿੱਚ ਅੱਜ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਸਣੇ 39 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਈ ਇਲਾਕਿਆਂ ਵਿੱਚ 3-3 ਮਰੀਜ਼ ਵੀ ਹਨ। ਹੁਣ ਸਨਅਤੀ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 1271 ਤੇ ਮੌਤਾਂ ਦੀ ਗਿਣਤੀ 30 ਤਕ ਪੁੱਜ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਨਅਤੀ ਸ਼ਹਿਰ ਵਿੱਚ 39 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ’ਚ ਲੁਧਿਆਣਾ ਦੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਹ ਅਧਿਕਾਰੀ ਇਕਾਂਤਵਾਸ ਦੇ ਇੰਚਾਰਜ ਵਜੋਂ ਕੰਮ ਕਰ ਰਿਹਾ ਸੀ। ਇਸ ਤੋਂ ਇਲਾਵਾ ਸਨਅਤੀ ਸ਼ਹਿਰ ਦੇ ਇਲਾਕੇ ਸਿਵਲ ਲਾਈਨਜ਼ ਤੋਂ 3, ਸਾਹਨੇਵਾਲ ਮਾਡਲ ਟਾਊਨ ਤੋਂ 3, ਚੰਦਰ ਨਗਰ ਤੋਂ 1, ਪਾਇਲ ਤੋਂ 1, ਢੰਡਾਰੀ ਖੁਰਦ ਤੋਂ 1, ਜਨਤਾ ਨਗਰ ਤੋਂ 1, ਜਮਾਲਪੁਰ ਤੋਂ 1, ਹਠੂਰ ਤੋਂ 2, ਦਸਮੇਸ਼ ਨਗਰ ਤੋਂ 1 ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਸਲੇਮ ਟਾਬਰੀ ਤੋਂ 1, ਨੂਰਵਾਲਾ ਰੋਡ ਤੋਂ 1, ਪ੍ਰੇਮ ਵਿਹਾਰ 1, ਢੋਲੇਵਾਲ ਤੋਂ 1, ਜਗਰਾਉਂ ਤੋਂ 1, ਮੁੱਲਾਂਪੁਰ ਤੋਂ 1, ਬੀਆਰਐੱਸ ਨਗਰ ਤੋਂ 1, ਜੀਵਨ ਨਗਰ ਤੋਂ 1, ਜਲਾਲਦੀਵਾਲ ਤੋਂ 1, ਪਿੰਡ ਇਕੋਲੋਹਾ ਤੋਂ 1, ਬਾੜੇਵਾਲ ਰੋਡ ਤੋਂ 2 ਤੇ ਬੀਆਰਐੱਸ ਨਗਰ ਤੋਂ 1 ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਬਠਿੰਡਾ : ਬਠਿੰਡਾ ਜ਼ਿਲ੍ਹੇ ਵਿੱਚ ਅੱਜ 15 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਕੁੰਦਨ ਪਾਲ ਨੇ ਦੱਸਿਆ ਕਿ ਪਾਜ਼ੇਟਿਵ ਰਿਪੋਰਟਾਂ ਵਿੱਚੋਂ 13 ਇੱਥੋਂ ਦੀ ਇੱਕ ਉਦਯੋਗਿਕ ਇਕਾਈ ਨਾਲ ਸਬੰਧਤ ਹਨ, ਜਦਕਿ ਇੱਕ ਵਿਅਕਤੀ ਪੇਂਡੂ ਅਤੇ ਇੱਕ ਸ਼ਹਿਰੀ ਖੇਤਰ ਨਾਲ ਸਬੰਧਤ ਹੈ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤਕ ਸਿਰਫ 182 ਦੇ ਨਮੂਨੇ ਪਾਜ਼ੇਟਿਵ ਆਏ ਹਨ। ਹੁਣ ਤੱਕ 117 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਬਠਿੰਡਾ ਜ਼ਿਲ੍ਹੇ ਅੰਦਰ 5 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 4 ਵਿਅਕਤੀ ਜ਼ਿਲ੍ਹੇ ਨਾਲ ਅਤੇ ਇੱਕ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਸੀ।