ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਬੀਤੇ ਦਿਨੀਂ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਜਲੰਧਰ ਦੀ 15 ਸਾਲਾ ਕੁਸੁਮ ਨੂੰ ਡਿਪਟੀ ਕਮਿਸ਼ਨਰ ਘਨਸ਼ਾਨ ਥੋਰੀ ਨੇ ਅੱਜ ਉਸ ਨੂੰ ਸਨਮਾਨਤ ਕਰਦੇ ਹੋਏ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ। ਕੁਸੁਮ ਅੱਜ ਆਪਣੇ ਪਿਤਾ ਸਾਧੂ ਰਾਮ ਅਤੇ ਮਾਂ ਦੇ ਨਾਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜੀ, ਜਿੱਥੇ ਡੀ. ਸੀ. ਵੱਲੋਂ ਉਸ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।
ਕੁਸੁਮ ਦੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰੋਗਰਾਮ ਤਹਿਤ ਹੋਰਾਂ ਕੁੜੀਆਂ ਨੂੰ ਪ੍ਰੇਰਿਤ ਕਰਨ ਲਈ ਬਰਾਂਡ ਅੰਬੈਸਡਰ ਬਣਾਉਂਦੇ ਹੋਏ ਉਸ ਨੂੰ ਇਕ ਤਸਵੀਰ ਭੇਟ ਕੀਤੀ ਗਈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਕੁਸੁਮ ਨੇ ਜਲੰਧਰ ਨੂੰ ਮਾਣ ਦਿਵਾਇਆ ਹੈ ਅਤੇ ਇਹ ਉਸ ਦੀ ਮਿਸਾਲੀ ਬਹਾਦਰੀ ਦੀ ਪ੍ਰਸ਼ੰਸਾ ਦੀ ਇਕ ਛੋਟਾ ਜਿਹੀ ਭੇਟ ਹੈ।
ਪ੍ਰਸ਼ਾਸਨ ਨੇ ਕੌਮੀ ਅਤੇ ਰਾਜ ਬਹਾਦਰੀ ਪੁਰਸਕਾਰ ਲਈ ਕੀਤੀ ਸਿਫਾਰਿਸ਼
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੌਮੀ ਅਤੇ ਰਾਜ ਬਹਾਦਰੀ ਪੁਰਸਕਾਰ ਲਈ ਕੁਸੁਮ ਦੇ ਨਾਂ ਦੀ ਸਿਫਾਰਿਸ਼ ਵੀ ਕੀਤੀ ਗਈ ਹੈ ਅਤੇ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਭੇਜੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਸੁਮ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਇਹ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਨੂੰ ਜੇਕਰ ਕੋਈ ਮੌਕਾ ਦਿੱਤਾ ਜਾਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦੀਆਂ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕੁਸੁਮ ਨੂੰ ਪੁਲਸ ਅਧਿਕਾਰੀ ਬਣਨ ਦੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਪਰਿਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਮਦਦ ਲਈ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।