ਜਲੰਧਰ : ਦਵਾਈਆਂ ਦੀਆਂ ਕੀਮਤਾਂ ਸਾਲਟ ‘ਤੇ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਬ੍ਰਾਂਡ ਦੇ ਅਨੁਸਾਰ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਾਲਾਨਾ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਹਾਲੀਆ ਵਿਚ ਹੀ ਕੈਮੀਕਲ ਅਤੇ ਖਾਦ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਵਿਚ ਇਕਸਾਰਤਾ ਲਿਆਂਦੀ ਜਾਵੇ ਤਾਂ ਜੋ ਸਾਰਿਆਂ ਨੰੂ ਇਸ ਦਾ ਲਾਭ ਮਿਲ ਸਕੇ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੰੂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਦਵਾਈਆਂ ਦੀਆਂ ਕੀਮਤਾਂ ਸਾਲਟ ਮੁਤਾਬਕ ਤੈਅ ਕਰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ। ਸਿੱਧੂ ਨੇ ਡਾਕਟਰ ਭਾਈਚਾਰੇ ਤੋਂ ਮਰੀਜ਼ਾਂ ਨੂੰ ਸਾਲਟ ਦੇ ਆਧਾਰ ‘ਤੇ ਦਵਾਈਆਂ ਲਿਖਣ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣ ਲਈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਸਪਤਾਲਾਂ ਨੂੰ ਰਜਿਸਟਰ ਕਰਨ ਅਤੇ ਗ਼ਰੀਬ ਲੋਕਾਂ ਲਈ ਮੈਡੀਕਲ ਕੈਂਪ ਲਾਉਣ ਦੀ ਬੇਨਤੀ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਤਹਿਤ ਰਾਜ ਦੇ 470 ਹਸਪਤਾਲਾਂ ਨੂੰ ਅਧਿਕਾਰਤ ਕਰ ਦਿੱਤਾ ਹੈ। ਇਸ ਯੋਜਨਾ ਤਹਿਤ 1.05 ਲੱਖ ਲੋਕਾਂ ਨੇ ਇਲਾਜ ਕਰਵਾ ਲਿਆ ਹੈ ਅਤੇ ਹਸਪਤਾਲਾਂ ਨੂੰ ਅਦਾਇਗੀ ਵੀ ਇਕ ਮਹੀਨੇ ਦੇ ਅੰਦਰ-ਅੰਦਰ ਕਰ ਦਿੱਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸਬ ਸੈਂਟਰਾਂ ਨੂੰ ਅਪਗ੍ਰੇਡ ਕਰ ਕੇ ਲਗਭਗ 3000 ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਯੂਸੀ) ਖੋਲ੍ਹ ਰਹੀ ਹੈ ਜਿਥੇ ਸਿੱਖਿਅਤ ਨਰਸਿੰਗ ਅਧਿਕਾਰੀ ਕਮਿਊਨਿਟੀ ਹੈਲਥ ਅਫ਼ਸਰ ਵਾਂਗ ਕੰਮ ਕਰਨਗੇ ਅਤੇ ਸਾਰਿਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ।
ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਲੋੜਵੰਦ ਅਤੇ ਪੱਛੜੇ ਵਰਗਾਂ ਲਈ ਵੱਧ ਤੋਂ ਵੱਧ ਕੰਮ ਕਰਨ। ਉਨ੍ਹਾਂ ਆਈਐੱਮਏ ਲਈ ਪੰਜ ਲੱਖ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਅਤੇ ਡਾ. ਨਵਜੋਤ ਦਹੀਆ ਨੂੰ ਆਈਐੱਮਏ ਪੰਜਾਬ ਦੇ ਨਵੇਂ ਪ੍ਰਧਾਨ ਬਣਨ,’ਤੇ ਵਧਾਈ ਦਿੱਤੀ।
ਮੰਤਰੀ ਨੇ ਕਾਨਫਰੰਸ ਦੌਰਾਨ ਆਈਐੱਮਏ ਦੇ ਮੈਂਬਰਾਂ ਨੂੰ ਐਵਾਰਡ ਵੀ ਦਿੱਤੇ। ਮੰਤਰੀ ਐੱਮਬੀਬੀਐੱਸ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਉਹ ਹੋਰ ਥਾਵਾਂ ‘ਤੇ ਜਾਣ ਦੀ ਬਜਾਏ ਪਹਿਲਾਂ ਰਾਜ ਦੀ ਸੇਵਾ ਕਰਨ ਲਈ ਜੋਸ਼ ਨਾਲ ਕੰਮ ਕਰਨ।
ਇਸ ਮੌਕੇ ਮੇਅਰ ਜਗਦੀਸ਼ ਰਾਜ ਰਾਜਾ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਡਾ. ਮਨਦੀਪ ਕੌਰ ਮੰਗਤ, ਪੀਐੱਮਸੀ ਪ੍ਰਧਾਨ ਡਾ. ਏਐੱਸ ਸੇਖੋਂ, ਆਈਐੱਮਏ ਮੈਂਬਰ ਡਾ. ਯੋਗੇਸ਼ਵਰ ਸੂਦ, ਡਾ. ਹਰੀਸ਼ ਭਰਦਵਾਜ ਅਤੇ ਹੋਰ ਵੀ ਹਾਜ਼ਰ ਸਨ।