ਜਲੰਧਰ (ਸਮਾਜਵੀਕਲੀ) – ਜਲੰਧਰ ਕਮਿਸ਼ਨਰੇਟ ਪੁਲੀਸ ਨੇ ਕਰਫ਼ਿਊ ਦੌਰਾਨ 316 ਪੇਟੀਆਂ ਸ਼ਰਾਬ ਦੀਆਂ ਸਣੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਹ ਮਿਲੀ ਸੀ ਕਿ ਰਜਿੰਦਰ ਕੁਮਾਰ ਉਰਫ ਰਾਜੂ ਨੇ ਰਾਜ ਨਗਰ ਵਿਖੇ ਗੋਦਾਮ ਬਣਾਇਆ ਹੋਇਆ ਹੈ। ਕਿਸੇ ਨੂੰ ਸ਼ਰਾਬ ਦੇ ਧੰਦੇ ਦਾ ਸ਼ੱਕ ਨਾ ਹੋਵੇ ਇਸ ਲਈ ਗੋਦਾਮ ਵਿੱਚ ਕਿਰਾਏਦਾਰ ਰੱਖੇ ਹੋਏ ਸਨ।
ਇਸ ਗੋਦਾਮ ਵਿੱਚੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਬੋਲੇਰੋ ਪੀਬੀ 08 ਸੀਐਚ 9646 ਵਿੱਚ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ। ਸੀਆਈਏ ਸਟਾਫ ਨੇ ਗੋਦਾਮ ’ਤੇ ਛਾਪਾ ਮਾਰ ਕੇ ਅਮਿਤ ਕੁਮਾਰ ਉਰਫ ਅਜੈ, ਅੰਕਿਤ ਅਤੇ ਰਾਮ ਸੇਵਕ ਨੂੰ ਕਾਬੂ ਕਰ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਹ ਤਿੰਨੇ ਰਾਜਿੰਦਰ ਕੁਮਾਰ ਉਰਫ ਰਾਜੂ ਦੇ ਕਿਰਾਏਦਾਰ ਸਨ। ਚਾਰੋਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਰਾਜਿੰਦਰ ਕੁਮਾਰ ਫਰਾਰ ਹੈ।