ਜਲੰਧਰ ’ਚ ਤਿੰਨ ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ

ਜਲੰਧਰ  (ਸਮਾਜਵੀਕਲੀ) ਇਥੇ ਤਿੰਨ ਹੋਰ ਮਰੀਜ਼ਾਂ ਨੂੰ ਕਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਨੋਡਲ ਅਫ਼ਸਰ ਡਾ. ਟੀਪੀ ਸਿੰਘ ਸੰਧੂ ਨੇ ਦੱਸਿਆ ਕਿ ਇਹ ਤਿੰਨੋਂ ਪ੍ਰਵੀਨ ਸ਼ਰਮਾ ਦੇ ਪਰਿਵਾਰਕ ਮੈਂਬਰ ਹਨ, ਜਿਨ੍ਹਾਂ ਦੀ ਮੌਤ ਕਰੋਨਾਵਾਇਰਸ ਕਾਰਨ ਹੋਈ ਸੀ। ਇਨ੍ਹਾਂ ਪੀੜਤਾਂ ਵਿੱਚ ਪ੍ਰਵੀਨ ਸ਼ਰਮਾ ਦੀ ਪਤਨੀ, ਪੁੱਤਰ ਤੇ ਪੋਤਰਾ ਸ਼ਾਮਲ ਹਨ।

ਜਲੰਧਰ ਵਿੱਚ ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਜਾਣਕਾਰੀ ਅਨੁਸਾਰ ਪ੍ਰਵੀਨ ਸ਼ਰਮਾ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਦੀ ਸਿਰਦਰਦੀ ਹੋਰ ਵਧ ਗਈ ਹੈ ਕਿਉਂਕਿ ਪ੍ਰਵੀਨ ਸ਼ਰਮਾ ਦਾ ਪੁੱਤਰ ਦੀਪਕ ਸ਼ਰਮਾ ਕਾਂਗਰਸ ਦਾ ਬਲਾਕ ਪ੍ਰਧਾਨ ਹੈ, ਜੋ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਵੰਡਦਾ ਰਿਹਾ ਸੀ। ਉਸ ਦੇ ਸੰਪਰਕ ਵਿੱਚ ਕਿੰਨੇ ਲੋਕ ਆਏ ਹੋਣਗੇ, ਇਸ ਦਾ ਅੰਦਾਜ਼ਾ ਲਗਾਉਣਾ ਸਿਹਤ ਵਿਭਾਗ ਲਈ ਵੱਡੀ ਚੁਣੌਤੀ ਬਣ ਗਿਆ ਹੈ।

ਜਾਣਕਾਰੀ ਅਨੁਸਾਰ ਕਾਂਗਰਸ ਦੇ ਜਿਹੜੇ ਹੋਰ ਆਗੂ ਦੀਪਕ ਸ਼ਰਮਾ ਦੇ ਸਿੱਧਾ ਸੰਪਰਕ ਵਿੱਚ ਰਹੇ ਹਨ, ਉਨ੍ਹਾਂ ਨੂੰ ਸਿਹਤ ਵਿਭਾਗ ਨੇ ਟੈਸਟ ਕਰਵਾਉਣ ਲਈ ਕਹਿ ਦਿੱਤਾ ਹੈ। ਇਸ ਵਿੱਚ ਉੱਤਰੀ ਵਿਧਾਨ ਸਭਾ ਹਲਕੇ ਦੇ ਕਈ ਕਾਂਗਰਸੀ ਕੌਂਸਲਰ ਵੀ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 367 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 203 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 130 ਜਣਿਆਂ ਦੀਆਂ ਰਿਪੋਰਟਾਂ ਉਡੀਕੀਆਂ ਜਾ ਰਹੀਆਂ ਹਨ।

Previous articleਕਰਫਿਊ: ਸਕੂਲ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼
Next articleਸਾਬਕਾ ਡੀਐੱਸਪੀ ਦਵਿੰਦਰ ਤੇ ਤਿੰਨ ਹੋਰਾਂ ਨੂੰ ਜੇਲ੍ਹ ਭੇਜਿਆ