ਅਮਰੀਕਾ ਦੇ ਇੰਡੀਅਨ ਵੈੱਲਜ਼ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਵੱਡੇ ਖਿਡਾਰੀਆਂ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਹੈ। ਮੀਂਹ ਦੇ ਕਾਰਨ ਕੱਲ੍ਹ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਅਤੇ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਵਿਚਕਾਰ ਤੀਜੇ ਗੇੜ ਦੇ ਮੈਚ ਨੂੰ ਰੋਕਣਾ ਪਿਆ ਸੀ ਅਤੇ ਜਦੋਂ ਮੈਚ ਮੰਗਲਵਾਰ ਨੂੰ ਸ਼ੁਰੂ ਹੋਇਆ ਤਾਂ ਫਿਲਿਪ ਨੇ ਜੋਕੋਵਿਚ ਨੂੰ 6-4,6-4 ਦੇ ਨਾਲ ਹਰਾ ਦਿੱਤਾ। ਹੁਣ ਫਿਲਿਪ ਕੋਲਸ਼੍ਰੇਬਰ ਦੀ ਟੱਕਰ ਫਰਾਂਸ ਦੇ ਗੇਲ ਮੋਂਫਿਲਜ਼ ਦੇ ਨਾਲ ਹੋਵੇਗੀ। ਇਸ ਤਰ੍ਹਾਂ ਹੀ ਮਹਿਲਾਵਾਂ ਦੇ ਵਿੱਚ ਜਾਪਾਨ ਦੀ ਨਾਓਮੀ ਓਸਾਕਾ ਨੂੰ ਬੇਲਿੰਡਾ ਬੇਨਸਿਚ ਨੇ 3-6,1-6 ਦੇ ਨਾਲ ਹਰਾ ਦਿੱਤਾ। ਓਸਾਕਾ ਨੇ ਇੱਕ ਸਾਲ ਪਹਿਲਾਂ ਇੰਡੀਅਨ ਵੈੱਲਜ਼ ਦੇ ਵਿੱਚ ਖ਼ਿਤਾਬ ਜਿੱਤਿਆ ਸੀ। ਮਹਿਲਾਵਾਂ ਦੇ ਚੌਥੇ ਗੇੜ ਦੇ ਮੁਕਾਬਲੇ ਵਿੱਚ ਸਿਮੋਨਾ ਹਲੱਪਾ ਨੂੰ ਮਾਰਕਰੇਟਾ ਵੋਨਦਰੋਸੋਵਾ ਤੋਂ ਹਾਰ ਮਿਲੀ ਹੈ। ਇਸ ਦੇ ਨਾਲ ਹੀ ਵੀਨਸ ਵਿਲੀਅਮਜ਼ ਕੁਆਰਟਰ ਫਾਈਨਲਜ਼ ਵਿੱਚ ਪੁੱਜ ਗਈ ਹੈ। ਉਸ ਨੇ ਵੋਨਾ ਬਾਰਤੇਲ ਨੂੰ 6-4,6-4 ਦੇ ਨਾਲ ਮਾਤਾ ਦਿੱਤੀ ਹੈ। ਜੋਕਵਿਚ ਹਾਲਾਂ ਕਿ ਡਬਲਜ਼ ਦੇ ਵਿੱਚ ਕਾਇਮ ਹੈ ਅਤੇ ਉਸਨੇ ਫੈਬਿਓ ਫੋਗਨੀਨੀ ਦੇ ਨਾਲ ਜੋੜੀ ਬਣਾਈ ਹੈ। ਦੁਨੀਆਂ ਦੇ ਛੇਵੇਂ ਨੰਬਰ ਦੇ ਖਿਡਾਰੀ ਕੇਈ ਨਿਸ਼ੀਕੇਰੀ, ਮਾਰਿਨ ਸਿਲਿਚ ਅਤੇ ਦਾਨਿਲ ਮੇਦਵੇਦੇਵ ਵੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। ਇਸ ਦੌਰਾਨ ਹੀ ਵਿਸ਼ਵ ਦੇ ਨੰਬਰ ਦੋ ਖਿਡਾਰੀ ਰਾਫਾਲ ਨਡਾਲ ਨੇ ਅਰਜਨਟੀਨਾ ਦੇ ਡਿਏਗੋ ਸਕੁਵਰਟਜ਼ਮੈਨ ਨੂੰ 6-3, 6-1 ਨਾਲ ਹਰਾ ਕੇ ਕੁਅਰਟਰ ਫਾਈਲਲ ਵਿੱਚ ਥਾਂ ਬਣਾ ਲਈ ਹੈ। ਇੱਕ ਘੰਟਾ 16 ਮਿੰਟ ਚੱਲੇ ਮੈਚ ਵਿੱਚ ਵਿਸ਼ਵ ਦੇ 26 ਨੰਬਰ ਦੇ ਖਿਡਾਰੀ ਨੂੰ ਨਡਾਲ ਨੇ 7-0 ਸਕੋਰ ਕਰਦਿਆਂ ਇੱਕ ਵੀ ਗੇਮ ਪੁਆਇੰਟ ਨਹੀਂ ਦਿੱਤਾ। ਨਡਾਲ ਨੇ ਕਿਹਾ ਕਿ ਉਸ ਨੇ ਬੇਹੱਦ ਸ਼ਾਨਦਾਰ ਮੈਚ ਖੇਡਿਆ ਹੈ। ਅਗਲੇ ਗੇੜ ਵਿੱਚ ਨਡਾਲ ਦੀ ਟੱਕਰ ਸਰਬੀਆ ਦੇ ਫਿਲਿਪ ਕਰਾਜਨੀਓਵਿਕ ਦੇ ਨਾਲ ਹੋਵੇਗੀ।ਇਸ ਤੋਂ ਇਲਾਵਾ ਰੋਜ਼ਰ ਫੈਡਰਰ ਨੇ ਆਪਣੇ ਹਮਵਤਨੀ ਸਟਾਨ ਵਾਵਰਿੰਕਾ ਨੂੰ 6-3,6-4 ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਇਸ ਦੌਰਾਨ ਹੀ ਮਹਿਲਾਵਾਂ ਦੇ ਮੁਕਾਬਲਿਆਂ ਦੇ ਵਿੱਚ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਅਨੈੱਟ ਕੌਂਟਾਵੈਟ ਨੂੰ ਹਰਾ ਦਿੱਤਾ।
Sports ਜਰਮਨੀ ਦੇ ਫਿਲਿਪ ਨੇ ਜੋਕੋਵਿਚ ਨੂੰ ਹਰਾ ਕੇ ਕੀਤਾ ਉਲਟਫੇਰ