ਲੰਡਨ ਇਸ ਵਰ੍ਹੇ ਦੀ ਵਿਸ਼ਵ ਸੁੰਦਰੀ (ਮਿਸ ਵਰਲਡ) ਦਾ ਤਾਜ ਜਮਾਇਕਾ ਦੀ ਟੋਨੀ-ਐੱਨ ਸਿੰਘ (23) ਦੇ ਸਿਰ ਸਜਿਆ ਹੈ ਤੇ ਭਾਰਤ ਦੀ ਸੁਮਨ ਰਾਓ ਇਸ ਸੁੰਦਰਤਾ ਮੁਕਾਬਲੇ ਵਿਚ ਤੀਜੇ ਸਥਾਨ ’ਤੇ ਰਹੀ ਹੈ। ਡਾਕਟਰ ਬਣਨ ਦੀ ਚਾਹਤ ਰੱਖਦੀ ਟੋਨੀ ਦੇ ਪਿਤਾ ਬ੍ਰੈਡਸ਼ਾਅ ਸਿੰਘ ਭਾਰਤੀ-ਕੈਰੇਬਿਆਈ ਮੂਲ ਦੇ ਹਨ ਤੇ ਉਸ ਦੀ ਮਾਂ ਜਹਰੀਨ ਬੈਲੇ ਅਫ਼ਰੀਕੀ-ਕੈਰੇਬਿਆਈ ਮੂਲ ਦੀ ਹੈ। ਮੌਜੂਦਾ ਸਮੇਂ ਉਹ ਫਲੋਰਿਡਾ ਸਟੇਟ ਯੂਨੀਵਰਸਿਟੀ ਵਿਚ ਔਰਤਾਂ ਨਾਲ ਜੁੜੇ ਮਸਲਿਆਂ ਬਾਰੇ ਅਤੇ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਹੈ। ਮੁਕਾਬਲੇ ਵਿਚ ਫਰਾਂਸ ਦੀ ਓਪੇਲੀ ਮੇਜੀਨੋ ਦੂਜੇ ਤੇ ਭਾਰਤ ਦੀ ਰਾਓ ਤੀਜੇ ਸਥਾਨ ’ਤੇ ਰਹੀ। ਰਾਜਸਥਾਨ ਦੀ ਰਹਿਣ ਵਾਲੀ 20 ਸਾਲਾ ਰਾਓ ਸੀਏ ਦੀ ਵਿਦਿਆਰਥਣ ਹੈ। ਐਕਸੈੱਲ ਲੰਡਨ ਵਿਚ ਸ਼ਨਿਚਰਵਾਰ ਨੂੰ ਕਰਵਾਏ ਗਏ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਬਰਤਾਨਵੀ ਟੈਲੀਵਿਜ਼ਨ ਹਸਤੀ ਪੀਅਰਸ ਮੋਰਗਨ ਨੇ ਕੀਤੀ। ਟੋਨੀ ਐੱਨ. ਸਿੰਘ ਨੇ ਖ਼ਿਤਾਬ ਜਿੱਤਣ ਤੋਂ ਬਾਅਦ ਇੰਸਟਾਗ੍ਰਾਮ ’ਤੇ ਲਿਖਿਆ ‘ਮੇਰਾ ਮਨ ਪਿਆਰ ਤੇ ਸ਼ੁਕਰਾਨੇ ਨਾਲ ਭਰ ਗਿਆ ਹੈ। ਮੇਰੇ ’ਤੇ ਭਰੋਸਾ ਕਰਨ ਲਈ ਸ਼ੁਕਰੀਆ। ਤੁਸੀਂ ਮੈਨੂੰ ਖ਼ੁਦ ’ਤੇ ਭਰੋਸਾ ਕਰਨਾ ਸਿਖਾਇਆ ਹੈ। ਮੈਂ 69ਵੀਂ ਵਿਸ਼ਵ ਸੁੰਦਰੀ ਦਾ ਖ਼ਿਤਾਬ ਜਿੱਤ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ ਤੇ ਤੁਹਾਡੀ ਧੰਨਵਾਦੀ ਹਾਂ।’ ਵਿਸ਼ਵ ਸੁੰਦਰੀ ਨੇ ਦੁਨੀਆ ਭਰ ਦੀਆਂ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ’ਤੇ ਭਰੋਸਾ ਰੱਖਣ ਅਤੇ ਯਕੀਨ ਕਰਨ ਕਿ ਸੁਫ਼ਨੇ ਸਾਕਾਰ ਕੀਤੇ ਜਾ ਸਕਦੇ ਹਨ।
UK ਜਮਾਇਕਾ ਦੀ ਟੋਨੀ-ਐੱਨ ਸਿੰਘ ਸਿਰ ਸਜਿਆ ਵਿਸ਼ਵ ਸੁੰਦਰੀ ਦਾ ਤਾਜ