ਪਿੰਡ ਈਸੇਵਾਲ ਵਿੱਚ ਹੋਏ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਪੁਲੀਸ ਨੇ ਜਿਨ੍ਹਾਂ ਮੁਲਜ਼ਮਾਂ ਦੇ ਸਕੈਚ ਜਾਰੀ ਕੀਤੇ ਸਨ, ਉਨ੍ਹਾਂ ਸਾਰੇ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਵਿੱਚ ਇੱਕ ਗਿਆਰਵੀਂ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ ਹੈ। ਇਹ ਖੁਲਾਸਾ ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਨੇ ਲੁਧਿਆਣਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਕੇਸ ਵਿੱਚ ਮੁਲਜ਼ਮਾਂ ਦੀ ਭਾਲ ਲਈ ਡੀਆਈਜੀ ਲੁਧਿਆਣਾ ਰੇਂਜ ਰਣਧੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵੱਲੋਂ ਪਹਿਲਾਂ ਤਿੰਨ ਮੁਲਜ਼ਮ ਤੇ ਵੀਰਵਾਰ ਨੂੰ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਅੱਜ ਪੁਲੀਸ ਨੇ ਪਿੰਡ ਟਿੱਬਾ ਵਾਸੀ ਅਜੇ ਤੇ ਸੈਫ ਅਲੀ ਅਤੇ ਬਸਤੀ ਚੰਗਰਾਂ ਕਠੂਆ ਦੇ ਰਹਿਣ ਵਾਲੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਆਈਜੀ ਰੋਪੜ ਨੀਰਜਾ ਦੀ ਨਿਗਰਾਨੀ ਵਿੱਚ ਦਾਖਾ ਦੀ ਡੀਐੱਸਪੀ ਹਰਕੰਵਲ ਕੌਰ ਵੱਲੋਂ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਜਿਹੇ ਮਾਮਲਿਆਂ ਦਾ ਨਿਪਟਾਰਾ ਫਾਸਟ ਟਰੈਕ ਅਦਾਲਤਾਂ ਰਾਹੀਂ ਕਰਾਉਣ ਲਈ ਮੁੱਖ ਮੰਤਰੀ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਕੋਸ਼ਿਸ਼ ਰਹੇਗੀ ਕਿ ਕਸੂਰਵਾਰਾਂ ਨੂੰ ਚਾਰ ਮਹੀਨੇ ਦੇ ਵਿੱਚ-ਵਿੱਚ ਸਜ਼ਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ 181 ਹੈੱਲਪਲਾਈਨ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਸੁੰਨਸਾਨ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਜਾਣਗੇ। ਜ਼ਿਕਰਯੋਗ ਹੈ ਕਿ 9 ਫਰਵਰੀ ਦੀ ਰਾਤ ਨੂੰ ਪੀੜਤ ਲੜਕੀ ਅਤੇ ਉਸ ਦਾ ਦੋਸਤ ਪਿੰਡ ਈਸੇਵਾਲ ਨਜ਼ਦੀਕ ਆਪਣੀ ਕਾਰ ਰਾਹੀਂ ਜਾ ਰਹੇ ਸਨ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਜਬਰੀ ਘੇਰ ਕੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਸੀ।
ਦਾਖਾ, ਲੁਧਿਆਣਾ ਤੇ ਖੰਨਾ ਪੁਲੀਸ ਨੇ ਕੀਤਾ ਸਾਂਝਾ ਅਪਰੇਸ਼ਨ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਕੇਸ ਨੂੰ ਸੁਲਝਾਉਣ ਲਈ ਦਾਖਾ, ਲੁਧਿਆਣਾ ਪੁਲੀਸ ਤੇ ਖੰਨਾ ਪੁਲੀਸ ਨੇ ਸਾਂਝਾ ਅਪਰੇਸ਼ਨ ਕੀਤਾ ਹੈ। ਮੁੱਖ ਮੁਲਜ਼ਮ ਨੂੰ ਲੁਧਿਆਣਾ ਪੁਲੀਸ ਨੇ ਕਾਬੂ ਕੀਤਾ, ਉਥੇ ਹੀ ਇੱਕ ਮੁਲਜ਼ਮ ਨੂੰ ਖੰਨਾ ਪੁਲੀਸ ਤੇ ਇੱਕ ਮੁਲਜ਼ਮ ਨੂੰ ਭਿੱਖੀਵਿੰਡ ਦੇ ਡੀਐੱਸਪੀ ਵੱਲੋਂ ਕਾਬੂ ਕੀਤਾ ਗਿਆ।
ਇਕ-ਦੂਜੇ ਨੂੰ ਜਾਣਦੇ ਨੇ ਸਾਰੇ ਮੁਲਜ਼ਮ
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਸਾਰੇ ਹੀ ਮੁਲਜ਼ਮ ਆਪਸ ਵਿੱਚ ਜਾਣਕਾਰ ਹਨ ਤੇ ਕੁਝ ਰਿਸ਼ਤੇਦਾਰ ਵੀ ਹਨ। ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਕੋਈ ਹੋਰ ਕੇਸ ਦਰਜ ਨਹੀਂ ਹੈ, ਪਰ ਫਿਰ ਵੀ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।