(ਸਮਾਜ ਵੀਕਲੀ)
ਕਹਿੰਦੇ ਜਦ ਪਹਿਲੀ ਵਾਰ
ਰੌਸ਼ਨੀ ਨੇ
ਮੇਰਾ ਮੱਥਾ ਚੁੰਮਿਆ
ਤਾਂ ਬਾਪੂ ਨੇ ਕਿਹਾ ..
“ਨਾ ਕੋਈ ਮਰਜ਼ੀ ਰੱਖ ਦਿਓ
ਨਾਮ ਤਾਂ ਆਪੇ ਬਣਾ ਲਵੇਗਾ
ਕਦੋਂ ਤੱਕ ਪੁਰਖਿਆਂ ਦੇ
ਨਾਵੇਂ ਦੀ ਕੰਨੀ ਫੜ ਕੇ
ਰੀਂਗਦੀ ਰਹੇਗੀ ਖ਼ਲਕਤ”
ਜਦ ਪਹਿਲੀ ਵਾਰ
‘ਜਪੁਜੀ ਸਾਹਿਬ’ ਦਾ ਸਲੋਕ ਪੜਦਿਆਂ
ਤੋਤਲੀ ਜ਼ੁਬਾਨ ‘ਚ ਪੁੱਛਿਆਂ ਸੀ ਬਾਪੂ ਨੂੰ
ਪਾਣੀ ਪਿਤਾ ….
…..ਤੁਸੀਂ ਕੌਣ
ਜਗਤ ਦਾ ਪਿਤਾ
ਜਨਮ ਦਾ ਪਿਉ
ਸਮਝ ਨਹੀਂ ਸੀ ਲੱਗੀ ਮੈਨੂੰ
ਬਾਪੂ ਦੀ
ਉਂਝ ਬਾਪੂ
ਮੇਰਾ ਆਦਰਸ਼ ਸੀ
ਸੁਰਤ ਸੰਭਲ਼ੀ
ਸਿਕੰਦਰ ਬਣਨਾ ,ਮੈਂ ਕਿਹਾ
ਤਾਂ ਗੰਭੀਰ ਬਾਪੂ …
“ਹਮ ਆਦਮੀ ਹਾਂ ਇਕ ਦਮੀਂ”
ਇਕ ਦਮੀਂ
ਮੇਰੀਆਂ ਬਲਦੀਆਂ ਅੱਖਾਂ ‘ਚ
ਰਿਹਾ ਹੰਝੂਆਂ ਵਾਂਗ..
ਮੈਂ ਨਾਨਕਵਾਦ ਤੋਂ ਮਾਰਕਸਵਾਦ ਤੱਕ
ਤੁਰਿਆ, ਭ੍ਰਮਿਆ
ਨਿਭਿਆ ਨਿੱਬੜਿਆ
ਭੁਲਦਾ ਗਿਆ ਇਕ ਦਮੀਂ
ਦਹਾਕੇ ਬਾਦ ਪਰਤਿਆ
ਬਾਪੂ ਦੇ ਕਮਰੇ ‘ਚ ਗਿਆ
ਮੋਮਬੱਤੀ ਜਗ ਰਹੀ
ਬੁਝ ਚੁੱਕੀ ਸੀ ਬਾਪੂ ਦੇ ਨੈਣਾਂ ਦੀ ਲਾਟ
ਸਿਰਹਾਣੇ ਹੇਠ ਮੂਧੀ ਪਈ ਸੀ
‘ਮੇਰਾ ਦਾਗਿਸਤਾਨ’
ਮੁੜਿਆ ਪੰਨਾ
“ਹਥਿਆਰ : ਜਿੰਨਾਂ ਦੀ ਇੱਕ ਵਾਰੀ ਹੀ ਲੋੜ ਪਵੇਗੀ, ਜ਼ਿੰਦਗੀ ਭਰ ਚੁੱਕਣੇ ਪੈਂਦੇ
ਕਵਿਤਾ : ਜੋ ਜੀਵਨ ਭਰ ਦੁਹਰਾਈ ਜਾਵੇਗੀ, ਇੱਕ ਵਾਰੀ ਵਿੱਚ ਲਿਖੀ ਜਾਂਦੀ !”
ਕੁਲਦੀਪ ਚਿਰਾਗ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly