ਲੋਹੀਆ ਸ਼ਾਹਕੋਟ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਲੋਹੀਆ ਖਾਸ ਅਤੇ ਨੇੜਲੇ ਪਿੰਡਾਂ ਵਿਚ ਇਕ ਖਾਸ ਡੀਪੂ ਹੋਲਡਰ ਹਾਕਮ ਪਾਰਟੀ ਦੀ ਸਰਪ੍ਰਸਤੀ ਹੇਠ ਸਾਰੇ ਇਲਾਕੇ ਵਿਚ ਰਾਸ਼ਨ ਵੰਡ ਰਿਹਾ ਹੈ। ਜਿਸ ਦੇ ਇਵਜ਼ ਵਜੋਂ ਉਹ ਹਾਕਮ ਪਾਰਟੀ ਅਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਨੂੰ ਮੋਟਾ ਮਹੀਨਾ ਦਿੰਦਾ ਹੈ।ਇਸ ਦੇ ਚੱਲਦਿਆਂ ਲੋੜਵੰਦ ਲੋਕਾਂ ਨੂੰ ਮਿਲਣ ਵਾਲਾ ਕੋਵਿਟ19 ਅਤੇ ਸਸਤਾ ਅਨਾਜ ਗ਼ਰੀਬਾਂ ਨੂੰ ਮਿਲਣ ਦੀ ਥਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦਾ ਹੈ।
ਪੇਂਡੂ ਮਜ਼ਦੂਰ ਯੂਨੀਅਨ ਦੇ ਜੇ ਐਸ ਅਟਵਾਲ ਅਤੇ ਨੌਜਵਾਨ ਸਭਾ ਦੇ ਆਗੂ ਸੋਨੂੰ ਅਰੋੜਾ ਨੇ ਕਿਹਾ ਕਿ ਲੋਹੀਆਂ ਖਾਸ ਅਤੇ ਮੰਡ ਦੇ ਪਿੰਡਾਂ ਵਿਚ ਇਸ ਡੀਪੂ ਹੋਲਡਰ ਵੱਲੋਂ ਮਚਾਈ ਲੁੱਟ ਵਿਰੁੱਧ ਸੰਘਰਸ਼ ਸਦਕਾ ਕੁਝ ਮਹੀਨੇ ਪਹਿਲਾਂ ਯੂਨੀਅਨ ਦੀ ਮੰਗ ਤੇ ਐਸਡੀਐਮ ਸ਼ਾਹਕੋਟ ਵੱਲੋਂ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਕੋਟੇ ਦਾ ਰਾਸ਼ਨ ਕਈ ਮਹੀਨਿਆਂ ਤੋਂ ਨਹੀਂ ਮਿਲਿਆ ਸੀ ਦੀ ਪੜਤਾਲ ਲਈ ਇਕ ਕਮੇਟੀ ਗਠਿਤ ਕੀਤੀ ਗਈ ਸੀ। ਜਿਸ ਨੇ ਵੱਖ ਵੱਖ ਪਿੰਡਾਂ ਵਿੱਚ ਜਾਕੇ ਪ੍ਰਭਾਵਿਤ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਸਨ ।
ਪਰ ਸਿਆਸੀ ਦਬਾਅ ਕਾਰਨ ਨਾ ਤਾਂ ਇਹ ਰਿਪੋਰਟ ਜਨਤਕ ਕੀਤੀ ਗਈ ਨਾ ਹੀ ਦੋਸ਼ੀ ਡਿਪੂ ਹੋਲਡਰ ਅਤੇ ਇੰਸਪੈਕਟਰ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਅੱਜ ਵੀ ਸਿਆਸੀ ਸਰਪ੍ਰਸਤੀ ਹਾਸਲ ਡਿਪੂ ਹੋਲਡਰ ਦੂਸਰੇ ਡਿਪੂਆਂ ਦੀ ਕਣਕ ਵੰਡ ਰਿਹਾ ਹੈ।ਪੇਂਡੂ ਮਜ਼ਦੂਰ ਯੂਨੀਅਨ ਮੰਗ ਕਰਦੀ ਹੈ ਕਿ ਸਾਫ ਸੁਥਰੇ ਅਕਸ ਵਾਲੇ ਸ਼ਹਿਰੀਆਂ ਦੀ ਅਗਵਾਈ ਹੇਠ ਨਿਗਰਾਨ ਕਮੇਟੀਆਂ ਬਣਾ ਕੇ ਜਨਤਕ ਵੰਡ ਪ੍ਰਣਾਲੀ ਹੇਠ ਮਿਲਣ ਵਾਲਾ ਰਾਸ਼ਨ ਵੰਡਿਆ ਜਾਵੇ ਤਾਂ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ