ਮੇਰੀ ਰਾਣੀ ਮਾਂ
ਮਾਂ ਬਾਰੇ ਕੀ ਲਿਖਾਂ, ਮਾਂ ਨੇ ਤਾਂ ਖ਼ੁਦ ਮੈਨੂੰ ਲਿਖਿਆ ਹੈ। ਮੇਰੀ ਮਾਂ ਦਾ ਜਨਮ ਪਿਤਾ ਹਰਭਜਨ ਸਿੰਘ ਕਲੇਰ ਅਤੇ ਮਾਤਾ ਨਸੀਬ ਕੌਰ ਦੀ ਕੁੱਖੋਂ ਪਿੰਡ ਬੋਪਾਰਾਏ ਕਲਾਂ ਨਕੋਦਰ ਵਿਖੇ ਹੋਇਆ। ਉਨ੍ਹਾਂ ਦਾ ਵਿਆਹੁਤਾ ਜੀਵਨ ਵਿੱਚ ਸ਼ਹਿਰ ਨਕੋਦਰ ਵਿੱਚ ਬਹੁਤ ਹੀ ਖੁਸ਼ੀਆਂ ਨਾਲ ਸ਼ੁਰੂ ਹੋਇਆ। ਪਤੀ ਵਿਜੇ ਕੁਮਾਰ ਮਹਿਤਾ (ਜੂਨੀਅਰ ਅਸਿਸਟੈਂਟ ਨਗਰ ਕੌਂਸਲ ਨਕੋਦਰ ਰਿਟਾਇਡ) ਅਤੇ ਪਤਨੀ ਅਨੀਤਾ ਮਹਿਤਾ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸਨ। ਮੇਰੀ ਰਾਣੀ ਮਾਂ ਦੇ ਚਰਨ ਜਦ ਇਸ ਘਰ ਵਿੱਚ ਪਏ, ਇਹ ਘਰ, ਘਰ ਤੋਂ ਅਸਲੀਅਤ ਵਿੱਚ ਮੰਦਰ ਬਣ ਗਿਆ।
ਦਾਦਾ ਜੀ ਚੌਧਰੀ ਫਕੀਰ ਚੰਦ ਮਹਿਤਾ (ਕੈਸ਼ੀਅਰ ਨਗਰ ਕੌਂਸਲ ਨਕੋਦਰ) ਅਤੇ ਦਾਦੀ ਜੀ ਅਮਰਜੀਤ ਕੌਰ ਮਹਿਤਾ ਦੇ ਦਿਹਾਂਤ ਮਗਰੋਂ ਦੋ ਛੋਟੇ ਦੇਵਰ ਚੰਦ ਅਤੇ ਤਾਰਾ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਤੇ ਇੰਗਲੈਂਡ ਦੀ ਧਰਤੀ ਤੇ ਸੈਟਲ ਕੀਤਾ। ਉਨ੍ਹਾਂ ਨੇ ਵੀ ਕਦੀ ਸਾਨੂੰ ਵੱਡੇ ਭਰਾਵਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਅਸੀਂ ਵੀ ਕਦੀ ਉਨ੍ਹਾਂ ਨੂੰ ਅੱਜ ਤੱਕ ਚਾਚੇ ਨਹੀਂ ਭਰਾ ਹੀ ਕਹਿੰਦੇ ਰਹੇ ਅਤੇ ਮੰਮੀ ਨੂੰ ਭਾਬੀ ਨਹੀਂ ਮੰਮੀ ਹੀ ਕਹਿੰਦੇ ਰਹੇ। ਚਾਰ ਬੱਚੇ ਤਿੰਨ ਪੁੱਤਰ ਹੀਰਾ ਮਹਿਤਾ, ਸੰਜੀਵ ਕੁਮਾਰ ਮਹਿਤਾ, ਤੇ ਡਿੰਪਲ ਮਹਿਤਾ ਤੇ ਇੱਕ ਪੁੱਤਰੀ ਸਲਮਾ ਮਹਿਤਾ ਦੀ ਦੇਖ ਭਾਲ, ਪੜ੍ਹਾਈ ਲਿਖਾਈ ਅਤੇ ਪਰਵਰਿਸ਼ ਵਿੱਚ ਕਿਵੇਂ ਉਨ੍ਹਾਂ ਦੇ 25 ਸਾਲ ਬੀਤ ਗਏ ਪਤਾ ਹੀ ਨਹੀਂ ਚੱਲਿਆ।
ਆਪਣੇ ਬੱਚਿਆਂ ਨੂੰ ਉੱਚ ਡਿਗਰੀਆਂ ਦੀ ਪੜ੍ਹਾਈ ਕਰਵਾਉਣ ਮਗਰੋਂ, ਵੱਡਾ ਬੇਟਾ ਹੀਰਾ ਮਹਿਤਾ, ਜੋ ਕਿ ਪੜ੍ਹਾਈ ਮਗਰੋਂ ‘ਸ਼ਿਵਾ ਵੀਡੀਓਜ ਨਕੋਦਰ ਅਤੇ ਲੰਡਨ’ ਦਾ ਡਾਇਰੈਕਟਰ ਤੇ ਜਗ ਬਾਣੀ ਪੰਜਾਬ ਕੇਸਰੀ ਦਾ ਪੱਤਰਕਾਰ, ਬੇਟਾ ਸੰਜੀਵ ਮਹਿਤਾ ਪ੍ਰੋਫੈਸਰ ਕਮਿਸਟਰੀ, ਬੇਟਾ ਡਿੰਪਲ ਮਹਿਤਾ ਅਸਿਸਟੈਂਟ ਡਾਇਰੈਕਟਰ ਸ਼ਿਵਾ ਵੀਡੀਓਜ ਅਤੇ ਬੇਟੀ ਸਲਮਾ ਮਹਿਤਾ ਕਮਿਸਟਰੀ ਦੀ ਪ੍ਰੋਫੈਸਰ ਬਣਾਈ । ਦੁਖੀਆਂ ਦੀ ਸਹਾਇਤਾ ਕਰਨ ਵਾਲੀ ਘਰ ਤੋਂ ਕਿਸੇ ਨੂੰ ਖਾਲੀ ਨਾ ਮੋੜਨ ਵਾਲੀ, ਬਹੁਤ ਹੀ ਦਿਆਲੂ, ਹਮੇਸ਼ਾਂ ਹੱਸਦੀ ਰਹਿਣ ਵਾਲੀ, ਮੇਰੀ ਮਾਂ ਦੇ ਆਖਰੀ ਬੋਲ ਉਸ ਵਕਤ ਧੁੰਦਲੇ ਹੋ ਗਏ ਜਦੋਂ 29 ਸਤੰਬਰ 2014 ਦੀ ਸ਼ਾਮ ਉਹ ਬ੍ਰੇਨ ਹੈਮਰੇਜ ਦੀ ਸ਼ਿਕਾਰ ਹੋ ਗਈ। ਦੋ ਮਹੀਨੇ ਕੌਮਾਂ ਅਤੇ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਅਖੀਰ ਉਹ ਆਪਣੇ ਘਰ ਵਾਪਸ ਆਏ ਪਰ ਉਹ ਪੂਰੀ ਤਰ੍ਹਾਂ ਸਾਡੇ ਉੱਪਰ ਨਿਰਭਰ ਸਨ। ਉਨ੍ਹਾਂ ਦੇ ਦਿੱਤੇ ਸੰਸਕਾਰ ਅਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਬੱਚਿਆਂ ਅਤੇ ਪਤੀ ਨੇ ਸਾਲ ਦਿਨ ਰਾਤ ਉਨ੍ਹਾਂ ਦੀ ਦੇਖਭਾਲ ਕਰਕੇ ਇੱਕ ਬੱਚੇ ਦੀ ਤਰ੍ਹਾਂ ਉਨ੍ਹਾਂ ਨੂੰ ਪਾਲਦਿਆਂ ਹੋਇਆਂ, ਉਤਰਾ ਚੜ੍ਹਾਅ ਦੇਖਦਿਆਂ ਹੋਇਆ, ਉਨ੍ਹਾਂ ਨੂੰ ਸੱਤਰ ਅੱਸੀ ਪਰਸੈਂਟ ਠੀਕ ਕਰ ਲਿਆ ਸੀ। ਅੱਖਾਂ ਬੰਦ ਸਨ ਹੌਲੀ ਹੌਲੀ ਖੁੱਲ੍ਹ ਚੁੱਕੀਆਂ ਸਨ, ਪਹਿਚਾਨਣ ਦੀ ਸ਼ਕਤੀ ਵਾਪਸ ਆ ਰਹੀ ਸੀ। ਰੋਜ਼ ਰੋਜ਼ ਦੀ ਸੇਵਾ ਨਾਲ ਉਨ੍ਹਾਂ ਦੇ ਸਰੀਰ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਸੀ।
ਆਪਣੀ ਮੰਮੀ ਨੂੰ ਖੁਸ਼ੀ ਦੇਣ ਲਈ ਵੱਡੇ ਬੇਟੇ ਹੀਰਾ ਮਹਿਤਾ ਸ਼ਿਵਾ ਨੇ 11 ਅਗਸਤ 2019 ਨੂੰ ਇੰਗਲੈਂਡ ਦੀ ਧਰਤੀ ਤੇ ਹੁਸੀਨ ਜੋਇਆਂ ਨਾਲ ਸ਼ਾਦੀ ਕਰਵਾਈ ਤੇ ਇੰਡੀਆ ਵਾਪਿਸ ਆਇਆ। ਆਪਣੀ ਨੂੰਹ ਨੂੰ ਦੇਖ ਕੇ ਰਾਣੀ ਮਾਂ ਬਹੁਤ ਖੁਸ਼ ਹੋਈ। ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਸਨ ਪਰ ਅਚਾਨਕ ਵਿੱਚ 2 ਦਸੰਬਰ 2019 ਮਹੀਨੇ ਦੀ ਤਰੀਕ ਨੂੰ ਪੇਟ ਦੀ ਛੋਟੀ ਜਿਹੀ ਸਮੱਸਿਆ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਲੈ ਆਈ। 10 ਦਸੰਬਰ ਸਵੇਰੇ ਮੇਰੀ ਬਹਾਦਰ ਲੱਗਭੱਗ ਛੇ ਸਾਲ ‘ਸੀ’ ਨਾ ਕਰਨ ਵਾਲੀ ਰਾਣੀ ਮਾਂ ਆਪਣੇ ਵਕਤ ਦੇ ਅੱਗੇ ਹਾਰ ਗਈ। ਸਾਡੇ ਭੈਣ ਭਰਾਵਾਂ ਦੇ ਹੱਥਾਂ ਵਿੱਚ ਪਲੀ ਮੇਰੀ ਰਾਣੀ ਮਾਂ ਫਿਰ ਸਾਡੇ ਹੱਥਾਂ ਵਿੱਚ ਹੱਸਦੀ ਹੋਈ ਸਾਨੂੰ ਅਲਵਿਦਾ ਕਹਿ ਗਈ। ਸੱਚਖੰਡ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਬੱਸਦੀ ਸਾਡੀ ਰਾਣੀ ਮਾਂ ਹਮੇਸ਼ਾਂ ਸਾਡੇ ਦਿਲਾਂ ਵਿੱਚ, ਸਾਡੇ ਹਰ ਕੰਮ ਵਿੱਚ, ਸਾਡੇ ਹਰ ਸਾਹ ਵਿੱਚ, ਹਮੇਸ਼ਾਂ ਯਾਦ ਰਹੇਗੀ ਪਰਮਾਤਮਾ ਮੇਰੀ ਰਾਣੀ ਮਾਂ ਨੂੰ ਆਪਣੇ ਚਰਨਾਂ ਵਿੱਚ ਵਾਸ ਦੇਵੇ ਤੇ ਹਮੇਸ਼ਾ ਖੁਸ਼ ਰੱਖੇ
ਰਾਣੀ ਮਾ ਦੀ ਬੇਟੀ
ਪ੍ਰੋਫੈਸਰ ਸਲਮਾ ਮਹਿਤਾ, ਨਕੋਦਰ