ਜਦੋਂ ਮੈਨੂੰ ਪੁਰਸਕਾਰ ਮਿਲਿਆ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

– ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ ‘ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਦੇ ਵਿੱਚ ਮੇਰੇ ਲਗਾਤਾਰ ਰੂਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਤੇ ਟੀ ਵੀ ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚਲਾਏ ਗਏ। ਕਈ ਹਫ਼ਤੇ ਹੀ ਨਹੀਂ ਬਲਕਿ ਕਈ ਮਹੀਨੇ ਮੇਰੇ ਮਾਣ ਵਿੱਚ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉਡੀ ਸਗੋਂ ਹਨੇਰੀ ਹੀ ਆ ਗਈ। ਜਿਸ ਦੇ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉਡਦਾ ਵੀ ਕਿਉਂ ਨਾ ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਜੋ ਮਿਲਿਆ ਸੀ।

ਇਸ ਪੁਰਸਕਾਰ ਮਿਲਣ ਦੇ ਨਾਲ ਮੇਰੇ ਬਹੁਤੇ ਸਮਕਾਲੀ ਖ਼ਾਰ ਖਾਣ ਲੱਗ ਪਏ ਸਨ। ਉਂਂਝ ਉਹ ਮੂੰਹ ਉਤੇ ਪ੍ਰਸ਼ੰਸਾ ਕਰਦੇ, ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਤੇ ਪੈਰ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗਦੇ।

ਪੁਰਸਕਾਰ ਦੇ ਨਾਲ ਜੁੜੀਆਂ ਕਈ ਤਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੇਰੀਆਂ ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ ਨੂੰ ਚੜਨ ਲੱਗਦਾ ਪਰ ਉਹ ਗੁੱਸਾ ਮੈਂ ਕਿਸ ਦੇ ਉਪਰ ਕੱਢਾਂ? ਮੈਨੂੰ ਸਮਝ ਨਾ ਲੱਗਦੀ। ਦੂਸਰੇ ਪਲ ਮੈਂ ਆਪਣੇ ਆਪ ਨੂੰ ਆਖਦਾ। ਉਨ੍ਹਾਂ ਉਤੇ ਗੁੱਸਾ ਕਾਹਦਾ। ਅਗਲੇ ਕਹਾਣੀਆਂ ਕਿਹੜਾ ਝੂਠੀਆਂ ਬਨਾਉਂਦੇ ਹਨ। ਇਨਾਂ ਵਿੱਚ ਕੁੱਝ ਨਾ ਕੁੱਝ ਤਾਂ ਸੱਚ ਹੀ ਹੈ। ਜਦੋਂ ਸੱਚ ਸ਼ਬਦ ਮੇਰੇ ਬੁੱਲਾਂ ਉਤੇ ਆਇਆ ਤਾਂ ਮੇਰੀ ‘ਮੈਂ’ ਨੇ ਸਿਰ ਚੁੱਕ ਲਿਆ। ਮੈਂ ਆਪਣੀ ‘ਮੈਂ’ ਦੇ ਅੱਗੇ ਬੌਣਾ ਹੋ ਗਿਆ। ਤੁਸੀਂ ਦੱਸੋ ਕਿ ਬੰਦਾ ਆਪਣੀ ਮੈਂ ਤੋਂ ਕਿਥੇ ਭੱਜ ਕਿ ਜਾਊਗਾ?.

ਹੁਣ ਤੁਸੀਂ ਕਹੋਗੇ ਮੈਂ ਆਪਣੀ ਹੀ ‘ਮੈਂ’ ਦੇ ਅੱਗੇ ਬੌਣਾ ਕਿਉਂ ਹੋ ਗਿਆ? ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪ ਜਿੰਨੇ ਮਰਜ਼ੀ ਲੋਕਾਂ ਦੇ ਸਾਹਮਣੇ ਵੱਡੇ ਬਣੀ ਜਾਈਏ, ਪਰ ਆਪਣੀ ‘ਮੈਂ’ ਦੇ ਸਾਹਮਣੇ ਅਸੀਂ ਕਦੇ ਵੀ ਵੱਡੇ ਨਹੀਂ ਹੋ ਸਕਦੇ। ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ। ਉਸੇ ਤਰਾਂ ਅਸੀਂ ਆਪੋ ਆਪਣੀ ‘ਮੈਂ’ ਦੇ ਅੱਗੇ ਨੰਗੇ ਹੁੰਦੇ ਹਾਂ। ਨੰਗੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ।

ਕਈ ਵਾਰ ਆਪ ਨੂੰ ਹੀ ਆਪਣੇ ‘ਨੰਗ’ ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇ-ਸ਼ਰਮ ਬਣੇ, ਆਪਣੀ ‘ਮੈਂ’ ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ ਉਹ ਇੱਕ ਦਿਨ ਆਪਣੀ ਮਹੱਤਤਾ ਦਿਖਾ ਹੀ ਦਿੰਦੀ ਹੈ। ਫਿਰ ਜਦੋਂ ਕਦੇ ਉਹ ਬੋਲਦੀ ਹੈ ਤਾਂ ਫਿਰ ਵੱਡਿਆਂ-ਵੱਡਿਆਂ ਦੀ ਗੋਡਣੀ ਲਗਾ ਦਿੰਦੀ ਹੈ। ਫਿਰ ਬੰਦਾ ਉਹੀ ਕੁੱਝ ਬੋਲਦਾ ਤੇ ਕਰਦਾ ਹੈ, ਜੋ ‘ਮੈਂ’ ਕਰਵਾਉਂਦੀ ਹੈ।

ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ, ਇੱਕ ਦਿਨ ਮੇਰੀ ‘ਮੈਂ’ ਕਾਲੇ ਨਾਗ ਵਾਂਗ ਮੇਰੀ ਹਿੱਕ ਉਤੇ ਫਣ ਤਾਣ ਕੇ ਬੈਠ ਗਈ। ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਕਿਧਰੇ ਭੱਜ ਕੇ ਜਾ ਸਕਦਾ ਸੀ। ਤੁਸੀ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ ‘ਮੈਂ’ ਦੇ ਕੋਲੋਂ ਕਿਧਰੇ ਵੀ ਭੱਜ ਨਹੀਂ ਸਕਦੇ। ਇਹ ਹਰ ਵੇਲੇ ਤੁਹਾਨੂੰ ਘੇਰੀ ਰੱਖਦੀ ਹੈ।

ਉਹ ਆਖਣ ਲੱਗੀ, ”ਵੱਡਿਆ ਕਵੀਆ! ਬਹੁਤ ਹੋ ਗਈ ਪ੍ਰਸ਼ੰਸਾ, ਬਹੁਤ ਮਿਲ ਗਈਆਂ ਵਧਾਈਆਂ, ਮਾਣ ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨਾਂ ਦਾ ਤੂੰ ਹੱਕ ਮਾਰਿਆ, ਕਦੇ ਉਨਾਂ ਬਾਰੇ ਵੀ ਸੋਚਿਆ। ਤੂੰ ਕਿਹੜੀ ਕਿਹੜੀ ਜੁਗਾੜਬੰਦੀ, ਪੌੜੀ ਤੇ ਹਰਬਾ ਨਹੀਂ ਵਰਤਿਆ ਇਹ ਪੁਰਸਕਾਰ ਲੈਣ ਲਈ। ਤੂੰ ਕਹਿੰਨਾ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ਉੱਤੇ ਮਿਲਿਆ। ਭਲਾ ਦੱਸ ਤੇਰੀ ਯੋਗਤਾ ਕੀ ਹੈ? ਚੰਗਾ ਭਲਾ ‘ਲੋਕ ਕਵੀ’ ਬਣਦਾ ਬਣਦਾ ਤੂੰ ‘ਰਾਜ ਕਵੀ’ ਬਣ ਕੇ ਦਰਬਾਰੀ ਕਵੀ ਬਣ ਗਿਆ ਤੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ। ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਸਨਮਾਨਿਤ ਨਹੀਂ ਕੀਤਾ ਤੇ ਤੂੰ ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ ਤੱਕ ਪੁੱਜ ਗਿਆ।”

ਹਾਲਤ ਮੇਰੀ ਆਪ ਦੇ ਜੇਤੂ ਐਮ ਐਲ ਏ ਤੇ ਐਮ ਪੀ ਵਰਗੀ ਹੋ ਗਈ ਜਿਹਨਾਂ ਨੂੰ ਪਿੰਡ ਕਿਸੇ ਨੇ ਪੰਚ ਨੀ ਸੀ ਬਨਣ ਦੇਣਾ ਉਹ ਐਮ. ਪੀ ਤੇ ਐਮ ਐਲ ਏ ਬਣ ਗਏ। ਇਵੇਂ ਹੀ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਲੱਗ ਗਏ ਤੇ ਜਿਹੜੇ ਸਕੂਲ ਦੇ ਚਪੜਾਸੀ ਬਨਣ ਦੇ ਯੋਗ ਨਹੀਂ ਸੀ ਉਹ ਪ੍ਰੋਫੈਸਰ ਤੇ ਵਿਦਵਾਨ ਬਣ ਗਏ। ਇਸੇ ਤਰ੍ਹਾਂ ਸਾਡੇ ਨਾਲ ਹੋਈ।

ਉਸ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੈਡ ਉਤੇ ਨਾ ਬਲਕਿ ਦਰਿਆ ਵਿੱਚ ਸਣੇ ਕੱਪੜੇ ਪਿਆ ਹੋਵਾਂ। ਮੁੜਕੋ ਮੁੜਕੀ ਹੋਈ ਪਿਆ ਰਿਹਾ ਹੋਰ ਕਰਦਾ ਵੀ ਕੀ?

ਮਰਦਾ ਕੀ ਨਾ ਕਰਦਾ। ਮੇਰੀ ‘ਮੈਂ’ ਨੇ ਜੋ ਵੀ ਮੈਨੂੰ ਸਵਾਲ ਪੁੱਛੇ, ਮੇਰੇ ਕੋਲ ਉਹਨਾਂ ਦਾ ਕੋਈ ਜਵਾਬ ਨਾ ਆਵੇ। ਉਂਝ ਜਵਾਬ ਤਾਂ ਸਾਰੇ ਮਨ ਵਿੱਚ ਸਨ। ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ। ਹੌਸਲਾ ਇਕੱਠਾ ਕਰਦਾ, ਬੋਲਣ ਦੀ ਹਿੰਮਤ ਕਰਦਾ ਪਰ ਮੈਥੋਂ ਬੋਲਿਆ ਕੁੱਝ ਵੀ ਨਹੀਂ ਸੀ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ। ਕਰਾਂ ਤਾਂ ਕੀ ਕਰਾਂ।

ਹਿੰਮਤ ਜਿਹੀ ਇਕੱਠੀ ਕਰਕੇ ਮੈਂ ਕਿਹਾ ਮੇਰੇ ਵਿਚਲਾ ਕਾਮਰੇਡ ਜਾਗ ਪਿਆ ” ਭਲਾ ਹੱਕ ਮੰਗਿਆਂ ਕਦੇ ਮਿਲਦੇ ਹਨ? ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ। ਨਾਲੇ ਕਿੰਨਾਂ ਚਿਰ ਹੋ ਗਿਆ ਹੈ, ਮੈਨੂੰ ਲਿਖਦੇ ਨੂੰ। ਡੇਢ ਦਰਜਨ ਕਿਤਾਬਾਂ ਮੈਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ। ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ ਪਰ ਅਗਲਿਆਂ ਦਿੱਤਾ ਹੈ ਨਹੀਂ ਲੈਣਾ ਪਿਆ।”
” ਅੱਛਾ ਇਹ ਤੇਰੀਆਂ ਪ੍ਰਾਪਤੀਆਂ ਨੂੰ ਇਨਾਮ, ਸਨਮਾਨ ਤੇ ਪੁਰਸਕਾਰ ਮਿਲਿਆ ਹੈ?”

ਉਸ ਨੇ ਮੇਰੀ ਗੱਲ ਵਿਚੇ ਕੱਟਦਿਆਂ ਫਿਰ ਸਵਾਲ ਦਾਗ਼ ਦਿੱਤਾ। ਮੈਂ ਆਪਣੀ ਮੈਂ ਦੇ ਸਾਹਮਣੇ ਪਾਣੀ ਪਾਣੀ ਹੋ ਗਿਆ। ਉਹ ਫਿਰ ਚੀਕੀ, ‘ਸੌ ਹੱਥ ਰੱਸਾ ਸਿਰੇ ਤੇ ਗੰਢ’ ਤੂੰ ਕਹਾਣੀਆਂ ਨਾ ਪਾ-ਸਿੱਧੀ ਗੱਲ ਦੱਸ। ਤੂੰ ਇਹ ਪੁਰਸਕਾਰ ਲੈਣ ਲਈ ਕੀ ਕੀ ਨੀਂ ਪਾਪੜ ਵੇਲੇ। ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ . . ਕਾਰ ਦੇ ਟਾਇਰ ਹੀ ਘਸੇ ਪਏ ਨੇ। ਨਾਲੇ ਤੇਰੀਆਂ ਮਨ ਦੇ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਨਾਲੇ ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਉਣਾ ਦੁਬਰ ਹੋਇਆ ਪਿਆ ਹੈ?

ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾ ਰਿਹਾ ਸਾਰਾ ਕਿੱਸਾ ਕਾਵਿ ਤਾਂ ਹਿਹਨਾਂ ਦੇ ਨਾਲ ਭਰਿਆ ਪਿਆ ਹੈ ਤੂੰੰ ਕੀ ਨਵਾਂ ਚੰਦ ਚਾੜ ਰਿਹਾ ? ਦੂਜੇ ਪਾਸੇ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ ਤੂੰ-ਪਿਆਰ ਦੀ ਗੱਲਾਂ ਕਰੀ ਜਾਨਾਂ? ਉਨਾਂ ਲੋਕਾਂ ਬਾਰੇ ਵੀ ਕੁੱਝ ਲਿਖ, ਜਿਨ•ਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਮਿਲਿਆ। ਪੈਸਾ ਤਾਂ ਲੋਕਾਂ ਦਾ ਹੈ। ਪਰ ਤੈਂ ਕਦੇ ਲੋਕਾਂ ਦੀ ਗੱਲ ਕੀਤੀ ਹੈ? ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦੇਂਦੇ ਹਨ ਕਦੇ ਲੋਕਾਂ ਨੇ ਤੈਨੂੰ ਪੁਰਸਕਾਰ ਦਿੱਤਾ ਹੈ। ਵੱਡਿਆ ਕਵੀਆ? ‘ ਵੱਡਾ ਵਿਦਵਾਨ ਬਣਿਆ ਫਿਰਦਾ’ ? ਇਨਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।

ਮੈਂ ਸੋਚਣ ਲੱਗਿਆ- ”ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ?” ਲੋਕਾਂ ਵਿੱਚ ਤਾਂ ਜ਼ਰੂਰ ਮੈਂ ਸ਼੍ਰੋਮਣੀ ਕਵੀ। ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਮੇਰੀ ‘ਮੈਂ’ ਦੇ ਸਾਹਮਣੇ ਮੈਂ ਕੁੱਝ ਵੀ ਨਹੀਂ। ਨਾਲੇ ਸਰਕਾਰੀ ਇਨਾਮ ਲੈਣ ਦੇ ਨਾਲ ਬੰਦਾ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ। ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ। ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ ‘ਮਹਿਬੂਬ’ ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।” ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਗੱਲਾਂ ਤਾਂ ਮੈਂ ਕਰਦਾ ਸੀ, ਪਰ ਮੈਂ ਆਪਣੀ ‘ਮੈਂ’ ਦੇ ਸਾਹਮਣੇ ਗੋਡੇ ਟੇਕੀ ਬੈਠਾ ਸੀ।

ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੌਲਾ ਪਾਵਾਂ। ”ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ। ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਨ੍ਹਾਂ ਦੀ ‘ਸੇਵਾ’ ਕੀਤੀ ਹੈ। ‘ਸੇਵਾ’ ਵਿੱਚ ਸਭ ਕੁੱਝ ਪੱਕੇ ਤੋਂ ਕੱਚੇ ਮਾਸ ਤੱਕ ਸ਼ਾਮਿਲ ਸੀ ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ, ਲੋਕਾਂ ਦਾ ਤੇ ਆਪਣੀ ਜ਼ਮੀਰ ਦਾ ।

” ਮੈਂ ਸੱਚਮੁੱਚ ਉੱਚੀ ਉਂਚੀ ਚੀਕ ਰਿਹਾ ਸੀ, ਮੇਰੀ ਘਰਵਾਲੀ ਮੇਰੇ ਕੋਲ ਕੱੜਛੀ ਵਿੱਚ ਗੁਗਲ ਲਈ ਖੜੀ। ਘਰ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਪਰ ਉਸ ਦੀ ਨਿਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ।

ਉਹ ਅਰਦਾਸ ਕਰ ਰਹੀ ਸੀ। ਉਹ ਕੀ ਅਰਦਾਸ ਕਰਦੀ ਸੀ? ਉਹ ਕਹਿ ਰਹੀ ਸੀ ”ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ ਅਸੀਂ ਐਵੇਂ ਹੀ ਚੰਗੇ ਹਾਂ।”

ਹੁਣ ਮੈਂ ਚੰਗਾ ਬਨਣ ਦੀ ਸੋਚ ਰਿਹਾ ਸੀ। ਤਾਂ ਕਿ ਜਿਨ੍ਹਾਂ ਲੋਕਾਂ ਵੱਲ ਮੈਂ ਪਿੱਠ ਮੋੜੀ ਸੀ, ਉਨਾਂ ਵੱਲ ਮੂੰਹ ਕਰ ਲਿਆ। ਮੈਨੂੰ ਆਪਣੇ ਆਪ ਤੋਂ ਲਾਹਣਤ ਆ ਰਹੀ । ਮੈਂ ਛੇਤੀ ਦੇ ਕੇ ਉਠਦਾ ਹਾਂ ਤੇ ਪੁਰਸਕਾਰ ਨੂੰ ਚੱਕ ਕੇ ਮੈਂ ਘਰੋਂ ਬਾਹਰ ਵਗਾ ਕੇ ਮਾਰਦਾ ਹਾਂ।

ਬੁੱਧ ਸਿੰਘ ਨੀਲੋਂ
94643-70823

Previous articleਸਿਰਜਣਾ ਕੇਂਦਰ ਕਪੂਰਥਲਾ ਨੇ ਆਲਮੀ ਮਾਂ ਬੋਲੀ ਦਿਵਸ ਤੇ ਕਵੀ ਦਰਬਾਰ ਕਰਵਾਇਆ
Next articleਗੁਰੂ ਹਰਿਕ੍ਰਿਸ਼ਨ ਸਕੂਲ ‘ਚ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ